Saturday, October 25, 2014

ਗ਼ਜ਼ਲ

ਜਿੰਦ ਨਿਮਾਣੀ ਕਰੇ ਉਡੀਕਾਂ ਅੱਖਾਂ ਵੀ ਤਿਰਹਾਈਆਂ ਯਾਰ
ਸੋਚਾਂ ਵਿਚ ਉਦਾਸੇ ਚਿਹਰੇ ਕੇਹੀਆਂ ਰੁੱਤਾਂ ਆਈਆਂ ਯਾਰ

ਦਿਲ ਦੀ ਧਰਤੀ ਔੜਾਂ ਮਾਰੀ ਬੰਜਰ ਬੀਆਬਾਨ ਬਣੀ
ਮੇਰੇ ਵਿਹੜੇ ਹੀ ਨਾ ਵਰ੍ਹੀਆਂ ਬਹੁਤ ਘਟਾਵਾਂ ਛਾਈਆਂ ਯਾਰ

ਜਿਹੜੇ ਮੌਸਮ ਫੁੱਲ ਖਿੜੇ ਸੀ ਓਦੋਂ ਤਾਂ ਤੂੰ ਆਇਉਂ ਨਾ
ਹੁਣ ਆਇਐਂ ਜਦ ਪੱਤੇ ਤਾਂ ਕੀ ਟਾਹਣੀਆਂ ਵੀ ਮੁਰਝਾਈਆਂ ਯਾਰ

ਨਿਰਮੋਹਿਆ ਤੂੰ ਕਿਤੇ ਨਾ ਲਿਖਿਆ ਇਕ ਅੱਖਰ ਵੀ ਮੇਰੇ ਨਾਂਅ
ਪਰਤਾਂ ਤੇਰੀ ਯਾਦ ਦੀਆਂ ਮੈਂ ਕਈ ਵਾਰ ਪਰਤਾਈਆਂ ਯਾਰ

ਜਾਪੇਂ ਹੂਰ ਕੋਈ ਅਰਸ਼ਾਂ ਦੀ ਜਦ ਤੱਕਾਂ ਤੇਰੀ ਤਸਵੀਰ
ਤੇਰਾ ਮੇਰਾ ਕਾਹਦਾ ਰਿਸ਼ਤਾ ਐਵੇਂ ਕਾਹਤੋਂ ਲਾਈਆਂ ਯਾਰ

ਫੱਟ ਲਗਾਉਣੇ ਤੇਰਾ ਸ਼ੌਕ ਮਲ੍ਹਮ ਲਗਾਉਣਾ ਮੇਰਾ ਕੰਮ
"ਦਾਰੂ" ਸਮਝ ਲਿਆ ਮੈਂ ਇਸ ਨੂੰ ਏਸੇ ਵਿਚ ਵੱਡਿਆਈਆਂ ਯਾਰ

(ਬਲਜੀਤ ਪਾਲ ਸਿੰਘ)

Saturday, October 4, 2014

ਗ਼ਜ਼ਲ

ਰੋਜ ਰੋਜ ਕੋਈ ਮਾੜਾ ਸੁਫਨਾ ਆਣ ਜਗਾਵੇ ਰਾਤਾਂ ਨੂੰ
ਦਿਨ ਵੇਲੇ ਵੀ ਚੈਨ ਨਾ ਆਵੇ ਨੀਂਦ ਨਾ ਆਵੇ ਰਾਤਾਂ ਨੂੰ.

ਜਿੰਨਾਂ ਦੇ ਪ੍ਰਦੇਸੀ ਮਾਹੀਏ ਬਸ ਉਹੀਓ ਈ ਜਾਣਦੀਆਂ
ਤਿੱਖੀ ਚੀਸ ਵਿਛੋੜੇ ਵਾਲੀ ਕਿਵੇਂ ਸਤਾਵੇ ਰਾਤਾਂ ਨੂੰ

ਅੱਜ ਕੱਲ ਦੇ ਪੋਤੇ ਦੋਹਤੇ ਟੀ ਵੀ ਅੱਗੋਂ ਉਠਦੇ ਨਾ
ਦਾਦੀ ਨਾਨੀ ਦੀਵਾਰਾਂ ਨੂੰ ਬਾਤ ਸੁਣਾਵੇ ਰਾਤਾਂ ਨੂੰ


ਬਾਰੀਆਂ ਬੂਹੇ ਢੋਅ ਕੇ ਲੋਕੀਂ ਸੌਂ ਜਾਂਦੇ ਨੇ ਘਰ ਅੰਦਰ
ਆਪਣੀ ਟਿੱਕੀ ਕੀਹਦੇ ਵਿਹੜੇ  ਚੰਦ ਟਿਕਾਵੇ ਰਾਤਾਂ ਨੂੰ

ਚਿੱਟੇ ਦਿਨ ਹੀ ਵਾਪਰ ਜਾਂਦੇ ਕਤਲ ਚੋਰੀਆਂ ਡਾਕੇ ਰੇਪ
ਮੁਨਸਿਫ ਨੂੰ ਸਮਝਾ ਦੇਵੋ ਇਲਜ਼ਾਮ ਨਾ ਜਾਵੇ ਰਾਤਾਂ ਨੂੰ

                            (ਬਲਜੀਤ ਪਾਲ ਸਿੰਘ)

Monday, September 15, 2014

ਗ਼ਜ਼ਲ

ਕਿਵੇਂ ਨਜ਼ਰਾਂ ਹਟਾ ਲਈਏ ਪਿਆਰੇ ਸਾਹਮਣੇ ਦਿੱਸਦੇ
ਮਲਾਹੋ ਹੌਸਲਾ ਰੱਖੋ ਕਿਨਾਰੇ ਸਾਹਮਣੇ ਦਿੱਸਦੇ

ਬੜੇ ਮਾੜੇ ਨਿਜ਼ਾਮਾਂ ਦੀ ਕੋਈ ਜਦ ਬਾਤ ਪਾਉਂਦਾ ਹੈ
ਸਿਆਸਤ ਨੇ ਜੋ ਪਾਏ ਨੇ ਖਿਲਾਰੇ ਸਾਹਮਣੇ ਦਿੱਸਦੇ

ਰੁਕੀ ਬਰਸਾਤ ਦੇ ਮਗਰੋਂ ਜੋ ਦਿਸਦੀ ਪੀਂਘ ਸਤਰੰਗੀ
ਕਿ ਦੇਖੋ ਰੰਗ ਕੁਦਰਤ ਦੇ ਨਿਆਰੇ ਸਾਹਮਣੇ ਦਿੱਸਦੇ

ਉਹ ਜੋ ਪ੍ਰਦੇਸ ਰਹਿੰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ
ਵਤਨ ਵਿਚ ਜੋ ਬਣਾਏ ਸੀ ਕਿਆਰੇ ਸਾਹਮਣੇ ਦਿੱਸਦੇ

ਕਿਸੇ ਵਿਛੜੇ ਹੋਏ ਮਿੱਤਰ ਦਾ ਚੇਤਾ ਫੇਰ ਆ ਜਾਂਦਾ
ਜਦੋਂ ਵੀ ਝੀਲ ਵਿਚ ਤਰਦੇ ਸ਼ਿਕਾਰੇ ਸਾਹਮਣੇ ਦਿੱਸਦੇ

ਅਜੇ ਵੀ ਯਾਦ ਆਉਂਦਾ ਹੈ ਉਹ ਛੱਤ ਤੇ ਰਾਤ ਨੂੰ ਸੌਣਾ
ਕਿਵੇਂ ਅੰਬਰ ਦੀ ਛਾਂ ਹੇਠਾਂ ਸਿਤਾਰੇ ਸਾਹਮਣੇ ਦਿੱਸਦੇ

ਬੜਾ ਥੋੜਾ ਜਿਹਾ ਪੈਂਡਾ ਬੜੀ ਨਜ਼ਦੀਕ ਮੰਜ਼ਿਲ ਵੀ
ਨਜ਼ਰ ਜੋ ਭਾਲਦੀ ਚਿਰ ਤੋਂ ਇਸ਼ਾਰੇ ਸਾਹਮਣੇ ਦਿੱਸਦੇ

                   (ਬਲਜੀਤ ਪਾਲ ਸਿੰਘ)

Friday, September 12, 2014

ਗ਼ਜ਼ਲ

ਜਜ਼ਬਿਆਂ ਵਿਚ ਵਹਿਣਾ ਵੀ ਤਾਂ ਚੰਗਾ ਲੱਗਦਾ ਹੇ
ਸੋਚਾਂ ਦੇ ਵਿਚ ਰਹਿਣਾ ਵੀ ਤਾਂ ਚੰਗਾ ਲੱਗਦਾ ਹੈ

ਝੂਠ ਬਥੇਰਾ ਬੋਲੀ ਜਾਂਦੇ ਲੋਕ ਰੋਜ਼ਾਨਾ ਹੀ
ਠੀਕ ਸਮੇਂ ਸੱਚ ਕਹਿਣਾ ਵੀ ਤਾਂ ਚੰਗਾ ਲੱਗਦਾ ਹੈ

ਮੰਨਿਆ  ਵਾਫਰ ਹਾਰ ਸ਼ਿੰਗਾਰ ਨਹੀਂ ਫੱਬਦਾ
ਦੁਲਹਨ ਰੁੱਤ ਵਿਚ ਗਹਿਣਾ ਵੀ ਤਾਂ ਚੰਗਾ ਲੱਗਦਾ ਹੈ

ਜਦੋਂ ਸੁਖਾਲੀ ਹੋਵੇ ਨਾ ਪਗਡੰਡੀ ਜੀਵਨ ਦੀ
ਨਾਲ ਮੁਸ਼ਕਿਲਾਂ ਖਹਿਣਾ ਵੀ ਤਾਂ ਚੰਗਾ ਲੱਗਦਾ ਹੈ

ਕਹਿੰਦੇ ਲੋਕੀਂ ਇਸ਼ਕ ਦੀ ਬਾਜ਼ੀ ਔਖੀ ਖੇਡ ਬੜੀ
ਸਿਤਮ ਯਾਰ ਦੇ ਸਹਿਣਾ ਵੀ ਤਾਂ ਚੰਗਾ ਲੱਗਦਾ ਹੈ

ਗਲੀਆਂ ਅਤੇ ਬਜ਼ਾਰਾਂ ਤੋਂ ਜੇ ਮਨ ਉਕਤਾ ਜਾਵੇ
ਉਹਦੇ ਦਰ ਤੇ ਬਹਿਣਾ ਵੀ ਤਾਂ ਚੰਗਾ ਲੱਗਦਾ ਹੈ

                        (ਬਲਜੀਤ ਪਾਲ ਸਿੰਘ)

Monday, September 1, 2014

ਗ਼ਜ਼ਲ

ਰਸ-ਹੀਣ ਹੋਈ ਜਿੰਦਗੀ ਮੇਰੇ ਖੁਦਾ
ਛੁਪ ਗਈ ਹੈ ਹਰ ਖੁਸ਼ੀ ਮੇਰੇ ਖੁਦਾ

ਮਜ਼ਹਬ ਸਾਰੇ ਹੋ ਗਏ ਬਾਸੇ ਜਿਹੇ
ਦੇਵੀਂ ਸਭ ਨੂੰ ਤਾਜ਼ਗੀ ਮੇਰੇ ਖੁਦਾ

ਤੁੰ ਵੀ ਮਸਜਿਦ ਛੱਡ ਕੇ ਹੈਂ ਤੁਰ ਗਿਆ
ਕਿੱਥੇ ਕਰਾਂ ਮੈਂ ਬੰਦਗੀ ਮੇਰੇ ਖੁਦਾ

ਧੂੜ ਘੱਟਾ ਸ਼ੋਰ ਸੌ ਅਲਾਂਮਤਾਂ
ਚਾਰੋਂ ਤਰਫ ਹੈ ਗੰਦਗੀ ਮੇਰੇ ਖੁਦਾ

ਪਾਸ ਸੀ ਜੋ ਬੇਵਫਾ ਉਹ ਨਿਕਲਿਆ
ਪੌਣ ਇਹ ਕੈਸੀ ਵਗੀ ਮੇਰੇ ਖੁਦਾ

ਮੈਂ ਵਿਰਾਸਤ ਨੂੰ ਤਾਂ ਲਿਖਿਆ ਸੋਚ ਕੇ
ਹਰਫਾ 'ਚ ਹੋਈ ਗੜਬੜੀ ਮੇਰੇ ਖੁਦਾ

ਸ਼ੁਕਰ ਹੈ ਕਿ ਰਹਿਮ ਕੀਤਾ ਫਿਰ ਕਿਸੇ
ਕੁੱਲੀ 'ਚ ਇਕ ਬੱਤੀ ਜਗੀ ਮੇਰੇ ਖੁਦਾ

ਬਾਗ ਦੇ ਮਾਲੀ ਨੂੰ ਵੀ ਸਮਝਾ ਜ਼ਰਾ
ਖਤਰੇ ਦੇ ਵਿਚ ਹਰ ਕਲੀ ਮੇਰੇ ਖੁਦਾ


ਬਖਸ਼ਦਾ ਨਾ ਆਪਣੀ ਹੀ ਜਾਤ ਨੂੰ

ਕਿੰਨਾ ਬੁਰਾ ਹੈ ਆਦਮੀ ਮੇਰੇ ਖੁਦਾ


ਨਿਗਲ ਜਾਏਗੀ ਕਦੇ ਆਬਾਦੀਆਂ
ਨੇਕੀ ਤੋਂ  ਭਾਰੀ ਬਦੀ ਮੇਰੇ ਖੁਦਾ

ਸ਼ਾਮ ਹੋਈ ਬੰਦ ਕਰ ਦੇ ਹੁਣ ਦੁਕਾਨ
ਸੜਕਾਂ ਨੂੰ ਦੇ ਆਵਾਰਗੀ ਮੇਰੇ ਖੁਦਾ

   (ਬਲਜੀਤ ਪਾਲ ਸਿੰਘ)

Saturday, August 30, 2014

ਗ਼ਜ਼ਲ

ਜਦੋਂ ਦਾ ਸ਼ਹਿਰ ਨੇ ਅੰਦਾਜ਼ ਆਪਣਾ ਬਦਲਿਆ ਹੈ
ਦਿਲਾਂ ਵਿਚ ਅਜਨਬੀ ਇਕ ਖੌਫ ਜੇਹਾ ਪਸਰਿਆ ਹੈ

ਮਿਰੇ ਖਾਬਾਂ 'ਚ ਰਹਿੰਦਾ ਰਾਤ ਗੂੜ੍ਹੀ ਨੀਂਦ ਵੇਲੇ
ਜੋ ਮੰਜ਼ਿਰ ਜ਼ਿਹਨ ਅੰਦਰ ਮੈ ਅਨੋਖਾ ਸਿਰਜਿਆ ਹੈ

ਬੜਾ ਬੇਵੱਸ ਹੋ ਕੇ ਫਿਰ ਸਮੇਂ ਨੂੰ ਕੋਸਦਾ ਰਹਿੰਨਾਂ
ਜਦੋਂ ਹੰਝੂ ਕਿਸੇ ਦੀ ਪਲਕ ਉੱਤੇ ਲਟਕਿਆ ਹੈ

ਇਹਨਾਂ ਚੌਗਿਰਦਿਆਂ 'ਚ ਘੋਲਿਆ ਹੈ ਜਹਿਰ ਕਿਸ ਨੇ
ਖਿੜ੍ਹਿਆ ਫੁੱਲ ਵੀ ਆਖਿਰ ਨੂੰ ਏਥੇ ਵਿਲਕਿਆ ਹੈ

ਅਦਾਲਤ ਵਿਚ ਮੇਰਾ ਜ਼ਿਕਰ ਤੱਕ ਹੋਇਆ ਨਹੀਂ ਸੀ
ਲੇਕਿਨ ਫੇਰ ਵੀ ਮੈਂ ਹਰ ਸਜ਼ਾ ਨੂੰ ਭੁਗਤਿਆ ਹੈ

ਜੋ ਮੈਨੂੰ ਖੁੱਲ ਕੇ ਬੋਲਣ ਤੋਂ ਹਰ ਦਮ ਰੋਕ ਲੈਂਦਾ
ਇਹਨਾਂ ਸੋਚਾਂ ਦੁਆਲੇ ਨਾਗ ਕੈਸਾ ਲਿਪਟਿਆ ਹੈ

ਇਕੋ ਜਗਾਹ ਨੇ ਰੁੱਖ,ਰੇਤ,ਪਹਾੜ ਸਾਗਰ ਤੇ ਨਦੀ
ਕਿਆ ਤਸਵੀਰ ਦਾ ਖਾਕਾ ਕਿਸੇ ਨੇ ਚਿਤਰਿਆ ਹੈ

ਨਿਰਮਲ ਸੀ ਕਦੇ ਇਹਦੇ ਚੋਂ ਹਰ ਅਕਸ ਦੀਹਦਾ ਸੀ
ਇਹ ਦਿਲ ਸ਼ੀਸ਼ੇ ਜਿਹਾ ਹੈ ਜੋ ਹੁਣੇ ਹੀ ਤਿੜਕਿਆ ਹੈ

ਕਿਵੇਂ ਦੇਵੇਗਾ ਸੇਧਾਂ ਭੁੱਲੇ ਭਟਕੇ ਚਿਹਰਿਆਂ ਨੂੰ
ਮੇਰਾ ਦਿਲ ਖੁਦ ਹੀ ਯਾਰੋ ਰਸਤਿਆਂ ਤੋਂ ਭਟਕਿਆ ਹੈ

                        (ਬਲਜੀਤ ਪਾਲ ਸਿੰਘ)

Friday, August 29, 2014

ਗ਼ਜ਼ਲ

ਤੜਪਦੇ ਹਿਰਦਿਆਂ ਅੰਦਰ ਅਜੇ ਅਰਮਾਨ ਬਾਕੀ ਨੇ
ਸ਼ਮਾਂ ਨੂੰ ਰਹਿਣ ਦੇ ਰੌਸ਼ਨ ਅਜੇ ਮਹਿਮਾਨ ਬਾਕੀ ਨੇ

ਕਦੇ ਕਰਜ਼ਾ ਨਹੀਂ ਲਹਿਣਾ ਉਹਨਾਂ ਜਿਹੜੀ ਵਫਾ ਕੀਤੀ
ਹਜ਼ਾਰਾਂ ਕੋਸ਼ਿਸ਼ਾਂ ਕਰੀਏ  ਅਜੇ ਅਹਿਸਾਨ ਬਾਕੀ ਨੇ

ਬੁਝੇ ਹੋਏ ਚਿਹਰਿਆਂ ਉਤੇ ਕੋਈ ਰੌਣਕ ਨਹੀਂ ਆਈ
ਜਿੰਨਾ ਵਿਚ ਫੁੱਲ ਰੱਖਣੇ ਨੇ ਅਜੇ ਫੁੱਲਦਾਨ ਬਾਕੀ ਨੇ

ਕਦੇ ਪੋਲੇ ਜਿਹੇ ਪੈਰੀਂ ਕੋਈ ਨਿਜ਼ਾਮ ਨਾ ਸੁਧਰੇ
ਲੋਕਾਂ ਨੇ ਝਗੜਨੇ ਜੋ ਅਜੇ ਘਮਸਾਨ ਬਾਕੀ ਨੇ

ਹਮੇਸ਼ਾ ਦੋਸ਼ ਦਿੰਦੇ ਹਾਂ ਅਸੀਂ ਪੂਰਨ ਤੇ ਲੂਣਾ   ਨੂੰ
ਕਿ ਭਾਵੇਂ ਏਸ ਧਰਤੀ ਤੇ ਅਜੇ ਸਲਵਾਨ ਬਾਕੀ ਨੇ

ਬੜੀ ਦੌਲਤ ਇਕੱਠੀ ਕਰ ਲਈ ਪਰ ਸੋਚਦੇ ਰਹਿੰਦੇ
ਕੁਦਰਤ ਨੇ ਬਖਸ਼ਣੇ ਜੋ ਅਜੇ ਵਰਦਾਨ ਬਾਕੀ ਨੇ

ਅਸੀਂ ਤਾਂ ਆਪਣੀ ਖਾਤਿਰ ਬੜੇ ਹੀ ਮਹਿਲ ਨੇ ਛੱਤੇ
ਟਿਕਾਣਾ ਆਖਰੀ ਸਾਡਾ ਅਜੇ ਸ਼ਮਸ਼ਾਨ ਬਾਕੀ ਨੇ

                             (ਬਲਜੀਤ ਪਾਲ ਸਿੰਘ)

Monday, August 11, 2014

ਗ਼ਜ਼ਲ

ਅਸੀਂ ਇਹ ਰੋਜ ਕਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ
ਮਗਰ ਖਾਮੋਸ਼ ਰਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਸਿਰਾਂ ਨੂੰ ਆਪ ਹੀ ਦਿੱਤਾ, ਅਸੀਂ ਪੰਜਾਲੀਆਂ ਅੰਦਰ
ਜੁਲਮ ਚੁੱਪ ਚਾਪ ਸਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਜਦੋਂ ਵਿਖਿਆਨ ਕਰਦਾ ਹੈ, ਕੋਈ ਝੂਠੇ ਗਰੰਥਾਂ 'ਚੋਂ
ਉਹਦੇ ਪੈਰਾਂ 'ਚ ਬਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਜਬਰ ਦਾ ਟਾਕਰਾ ਕਰਨਾ, ਅਸੀਂ ਅੱਜ ਵੀ ਨਹੀਂ ਸਿੱਖਿਆ
ਸਗੋਂ ਆਪਸ 'ਚ ਖਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਜਦੋਂ ਮਜ਼ਲੂਮ ਦੀ ਸੜਕਾਂ ਤੇ, ਕੋਈ ਚੀਕ ਸੁਣਦੀ ਹੈ
ਘਰਾਂ ਅੰਦਰ ਜਾ ਬਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

                 (ਬਲਜੀਤ ਪਾਲ ਸਿੰਘ)

Friday, August 8, 2014

ਗ਼ਜ਼ਲ

ਥੋੜੀ ਬਹੁਤੀ ਮਗਜ਼ ਖਪਾਈ ਕਰਦਾ ਰਹਿੰਦਾ ਹਾਂ
ਏਦਾਂ ਈ ਬਸ ਡੰਗ ਟਪਾਈ ਕਰਦਾ ਰਹਿੰਦਾ ਹਾਂ

ਤੜਕੇ ਉਠਕੇ ਰੋਜ ਸਵੇਰੇ ਕੰਮ ਤੇ ਜਾਣ ਸਮੇਂ
ਕਾਹਲੀ ਕਾਹਲੀ ਹਾਲ ਦੁਹਾਈ ਕਰਦਾ ਰਹਿੰਦਾ ਹਾਂ

ਰੋਜ ਮਰਾ ਦੇ ਕੰਮਾਂ ਤੋਂ ਜਦ ਫੁਰਸਤ ਮਿਲਦੀ ਹੈ
ਓਦੋਂ ਥੋੜੀ ਕਲਮ ਘਸਾਈ ਕਰਦਾ ਰਹਿੰਦਾ ਹਾਂ

ਨੀਂਦਰ ਵਿਚ ਕਿਧਰੇ ਜਦ ਮੈਨੂੰ ਬਚਪਨ ਮਿਲ ਜਾਂਦੈ
ਸੁਪਨੇ ਦੇ ਵਿਚ ਛਿਪਣ ਛਿਪਾਈ ਕਰਦਾ ਰਹਿੰਦਾ ਹਾਂ

ਰਿਸ਼ਤੇ ਨਾਤੇ ਵੀ ਤਾਂ ਖੂਬ ਨਿਭਾਉਣੇ ਪੈਂਦੇ ਨੇ
ਇਹਨਾਂ ਦੀ ਵੀ ਛਾਂਟ ਛਟਾਈ ਕਰਦਾ ਰਹਿੰਦਾ ਹਾਂ

ਗ਼ਮ ਤੇ ਖੁਸ਼ੀਆਂ ਮੇਰੇ ਕੋਲ ਬਥੇਰੇ ਹੁੰਦੇ ਨੇ
ਦੋਵਾਂ ਦੀ ਹੀ ਵੰਡ ਵੰਡਾਈ ਕਰਦਾ ਰਹਿੰਦਾ ਹਾਂ

ਧਰਤੀ ਉੱਤੇ ਜੰਨਤ ਵਾਂਗੂੰ ਲੋਕੀਂ ਰਹਿਣ ਸਦਾ
ਇਹੋ ਨਿੱਤ ਕਿਆਸ ਅਰਾਈ ਕਰਦਾ ਰਹਿੰਦਾ ਹਾਂ

                           (ਬਲਜੀਤ ਪਾਲ ਸਿੰਘ)


Saturday, August 2, 2014

ਗ਼ਜ਼ਲ

ਸਾਡਾ ਜੋ ਇਤਿਹਾਸ ਜਿਹਾ  ਹੈ
ਛਲ ਕਪਟ ਮਿਥਿਹਾਸ ਜਿਹਾ ਹੈ

ਸੱਤ ਸਮੁੰਦਰੋਂ ਪਾਰ ਬਸੇਰਾ
ਰੋਜ਼ੀ ਲਈ ਪਰਵਾਸ ਜਿਹਾ ਹੈ

ਸ਼ਹਿਰ ਮਿਰੇ ਵਿਚ ਉਸਦੀ ਫੇਰੀ
ਠੰਡਕ ਦਾ ਅਹਿਸਾਸ ਜਿਹਾ ਹੈ

ਇਥੇ ਤਾਂ ਜੰਗਲ ਉੱਗ ਆਇਆ
ਘਰ ਲਗਦਾ ਬਨਵਾਸ ਜਿਹਾ ਹੈ

ਤੇਰਾ ਫੇਰ ਮਿਲਣ ਦਾ ਵਾਅਦਾ
ਸਰਕਾਰੀ ਧਰਵਾਸ ਜਿਹਾ ਹੈ

ਲੋਚਾਂ  ਦੁਨੀਆਂ ਜੰਨਤ ਬਣ'ਜੇ
ਇਹ ਸਾਡਾ ਅਭਿਆਸ ਜਿਹਾ ਹੈ

ਪਿਆਰ ਵਫਾ ਦੇ ਝੂਠੇ ਕਿੱਸੇ
ਸਾਰਾ ਕੁਝ  ਬਕਵਾਸ ਜਿਹਾ ਹੈ

                  (ਬਲਜੀਤ ਪਾਲ ਸਿੰਘ)

Thursday, July 31, 2014

ਗ਼ਜ਼ਲ

ਕਿਸਮਤ ਵਾਲੇ ਜਿੰਨਾਂ ਆਪਣੇ ਵਿਹੜੇ ਵਿਚ ਉਗਾਏ ਫੁੱਲ
ਰੰਗਾਂ ਦੀ ਦੁਨੀਆਂ ਵਿਚ ਵੱਸਦੇ ਕਿੰਨੇ ਸੋਹਣੇ ਹਾਏ ਫੁੱਲ

ਅਲ੍ਹੜ ਉਮਰੇ ਮਿਲ ਜਾਂਦੇ ਤਾਂ ਵਿਚ ਬਹਾਰਾਂ ਘੁੰਮ ਲੈਂਦੇ
ਅੱਜ ਮਿਲੇ ਜਦ ਚਾਰ ਚੁਫੇਰੇ ਦਿੱਸਦੇ ਨੇ ਮੁਰਝਾਏ ਫੁੱਲ

ਉਜੜੇ ਰੁੱਖ ਤੇ ਸੁੱਕੇ ਪੱਤੇ ਭੋਰਾ ਚੰਗੇ ਲੱਗਦੇ ਨਾ
ਸਭ ਅੱਖਾਂ ਨੂੰ ਚੰਗੇ ਲੱਗਣ ਕੁਦਰਤ ਜਦੋਂ ਖਿੜਾਏ ਫੁੱਲ

ਜਦ ਵੀ ਕਿਣਮਿਣ ਕਣੀਆ ਵਰਸਣ ਹਰ ਇਕ ਸ਼ੈਅ ਤੇ ਖੇੜਾ  ਆਵੇ
ੳਦੋਂ ਵੀ ਇਹ ਸੋਹਣੇ ਲੱਗਦੇ ਬਾਰਿਸ਼ ਵਿਚ ਨਹਾਏ ਫੁੱਲ

ਸ਼ਹਿਰਾਂ ਦੇ ਵਿਚ ਭੀੜ ਬੜੀ ਹੈ ਆਤਿਸ਼ ਫਿਰਦੀ ਗਲੀ ਗਲੀ
ਧੂੰਆਂ ਰੌਲਾ ਸਾਰੇ ਪਾਸੇ ਲੱਗਦੇ ਬੜੇ ਸਤਾਏ ਫੁੱਲ

ਹਰ ਥਾਂ ਤੇ ਗੁਰਬਤ ਦਾ ਪਹਿਰਾ ਭੁੱਖੇ ਨੰਗੇ ਬਹੁਤੇ ਲੋਕ
ਦੁਨੀਆਂ ਦਾ ਦਸਤੂਰ ਨਿਰਾਲਾ ਪੱਥਰ ਦੇ ਗਲ ਪਾਏ ਫੁੱਲ

ਜੇਰਾ ਕਿੰਨਾ ਉਸ ਮਾਲੀ ਦਾ ਜਿਸਨੇ ਸਾਰੀ ਉਮਰ ਲੰਘਾਈ
ਲੋਕਾਈ ਦੀ ਖਾਤਿਰ ਏਥੇ ਹਰ ਪਲ ਬੀਜੇ ਲਾਏ ਫੁੱਲ

ਹਰ ਮਾਨਵ ਦੀ ਰਸਮ ਆਖੀਰੀ ਓਦੋਂ ਹੀ ਪੂਰੀ ਹੁੰਦੀ ਹੈ
ਜਦੋਂ ਵਾਰਿਸਾਂ 'ਕੱਠੇ ਕਰਕੇ ਪਾਣੀ ਵਿਚ ਵਹਾਏ ਫੁੱਲ

             (ਬਲਜੀਤ ਪਾਲ ਸਿੰਘ)

Wednesday, July 30, 2014

ਗ਼ਜ਼ਲ

ਪੌਣਾਂ ਦੇ ਸੰਗ ਰਲ ਕੇ ਚੱਲ ਗੀਤ ਗੁਣਗੁਣਾਈਏ
ਤੇ ਮਾਣੀਏ ਮੁਹੱਬਤ ਕੁਈ ਰਾਸ ਤਾਂ ਰਚਾਈਏ

ਜਿੰਨਾ ਦੀ ਸੇਧ ਲੈ ਕੇ ਚਲਦਾ ਰਹੇ ਜ਼ਮਾਨਾ
ਧਰਤੀ ਦੀ ਹਿੱਕ ਉਤੇ ਪਗਡੰਡੀਆਂ ਬਣਾਈਏ

ਜਿਸਨੇ ਵਫਾ ਨਾ ਕੀਤੀ ਉਸਨੂੰ ਵੀ ਮਾਫ ਕਰਨਾ
ਆਪਣੇ ਵਡੇਰਿਆਂ ਦੀ ਇਸ ਰੀਤ ਨੂੰ ਨਿਭਾਈਏ

ਹਰ ਪਲ ਇਹ ਸੋਚਦੇ ਨੇ ਕੁਝ ਬਦ-ਗੁਮਾਨ ਬੰਦੇ
ਜੋ ਸੱਚ ਬੋਲਦਾ ਹੈ ਉਸਨੂੰ ਕਿਵੇਂ ਦਬਾਈਏ

ਬੜੀ ਦੂਰ ਦਿਸ ਰਿਹਾ ਹੈ ਭਾਵੇ ਉਹ ਜਗਦਾ ਦੀਵਾ
ਕੁਝ ਰੋਸ਼ਨੀ ਲਵਾਂਗੇ ਕਦਮਾਂ ਨੂੰ ਜੇ ਵਧਾਈਏ

ਉਹ ਫੇਰ ਆ ਰਹੇ ਨੇ ਖੰਡਰ ਜਿੰਨਾ ਨੇ ਕੀਤਾ
ਰੱਖ ਹੌਂਸਲਾ ਕਿ ਮਿਲ ਕੇ ਹੁਣ ਸ਼ਹਿਰ ਨੂੰ ਬਚਾਈਏ

ਐਨੀ ਕੁ ਸ਼ਕਤੀ ਆਪਣੇ ਹਿਰਦੇ 'ਚ ਸਾਂਭ ਰੱਖੀ
ਸੁਖ ਨੇ ਸਦਾ ਨਾ ਰਹਿਣਾ ਦਰਦਾਂ ਨੂੰ ਵੀ ਹੰਢਾਈਏ

                    (ਬਲਜੀਤ ਪਾਲ ਸਿੰਘ)

Tuesday, July 22, 2014

ਗ਼ਜ਼ਲ

ਹਾੜਾ ਦਿਲਾਂ ਦੇ ਜਾਨੀ ਬਸ ਮੋੜ ਦੇ ਮੁਹੱਬਤ
ਆਉਂਦੀ ਨਹੀਂ ਨਿਭਾਉਣੀ ਤਾਂ ਛੋੜ ਦੇ ਮੁਹੱਬਤ

ਮੰਨਿਆ ਬੜਾ ਜਰੂਰੀ ਹੁਣ ਪਾਲੀਏ ਵਫਾਵਾਂ
ਏਦਾਂ ਵੀ ਤਾਂ ਨਹੀਂ ਚਾਹੁੰਦੇ ਦਿਲ ਤੋੜ ਦੇ ਮੁਹੱਬਤ

ਮਾਸੂਮ ਜਿਹੀਆਂ ਖੁਸ਼ੀਆਂ ਬਚਪਨ ਦੇ ਦਿਨ ਸੁਹਾਣੇ
ਕਾਗਜ਼ ਦੀ ਕਿਸ਼ਤੀ ਵਾਂਗੂੰ ਜੋ ਰੋੜ੍ਹ ਦੇ ਮੁਹੱਬਤ

ਤਿੜਕੇ ਨੇ ਜਿਹੜੇ ਰਿਸ਼ਤੇ ਕੱਚ ਦੀ ਪਲੇਟ ਵਾਂਗੂੰ
ਕਰੀਏ ਯਤਨ ਦੁਬਾਰਾ ਕਿ ਜੋੜ ਦੇ ਮੁਹੱਬਤ

ਭਾਵੇਂ ਜਿਆਦਾ ਦੁਨੀਆਂ ਸ਼ੁਹਰਤ ਹੀ ਭਾਲਦੀ ਹੈ
ਏਥੇ ਬਥੇਰੇ ਲੋਕੀਂ ਜੋ ਲੋੜ ਦੇ ਮੁਹੱਬਤ

                    ( ਬਲਜੀਤ ਪਾਲ ਸਿੰਘ)

Saturday, July 19, 2014

ਗ਼ਜ਼ਲ

ਲੱਥ ਗਿਆ ਜਦ ਤਾਜ ਫੇਰ ਤੂੰ ਰੋਵੀਂ ਨਾ
ਖੁੱਸ ਗਿਆ ਜਦ ਰਾਜ ਫੇਰ ਤੂੰ ਰੋਵੀਂ ਨਾ

ਇਹ ਜੀਵਨ ਫਿਰ ਮਿਲਣਾ ਨਈ ਸੰਗੀਤ ਜਿਹਾ
ਬੇਸੁਰ ਹੋ ਗਏ ਸਾਜ ਫੇਰ ਤੂੰ ਰੋਵੀਂ ਨਾ

ਲੋਕਾਂ ਤੋਂ ਤੂੰ ਖੋਹ ਲੈਨਾਂ ਏ ਮਾਰ ਝਮੁੱਟ
ਤੈਨੂੰ ਪੈ ਗਏ ਬਾਜ਼ ਫੇਰ ਤੂੰ ਰੋਵੀਂ ਨਾ

ਜਿੰਨਾ ਮਰਜ਼ੀ ਜ਼ੋਰ ਲਗਾ ਲੈ, ਖੁਸ਼ ਹੋ ਲੈ
ਆਖਿਰ ਮਿਲਣੀ ਭਾਜ ਫੇਰ ਤੂੰ ਰੋਵੀਂ ਨਾ

ਇੱਕ ਦਿਨ ਨੰਗਾ ਵਿਚ ਚੁਰਾਹੇ ਹੋਵੇਂਗਾ
ਖੁੱਲ ਜਾਣੇ ਸਭ ਪਾਜ ਫੇਰ ਤੂੰ ਰੋਵੀਂ ਨਾ

ਮਹਿਲ ਮੁਨਾਰੇ ਐਸ਼ ਪ੍ਰਸਤੀ ਭੁੱਲ ਜਾਣੀ
ਜਿੰਨਾ ਤੇ ਹੈ ਨਾਜ਼ ਫੇਰ ਤੂੰ ਰੋਵੀਂ ਨਾ

               (ਬਲਜੀਤ ਪਾਲ ਸਿੰਘ)

ਗ਼ਜ਼ਲ

ਕਦੇ ਖਾਮੋਸ਼ ਰਹਿੰਦਾ ਹਾਂ ਕਦੇ ਕੁਝ ਬੋਲਣਾ ਪੈਂਦਾ
ਕਰਾਂ ਤਕਸੀਮ ਖੁਸ਼ੀਆਂ ਨੂੰ ਗ਼ਮਾਂ ਨੂੰ ਫੋਲਣਾ ਪੈਂਦਾ

ਬੜੇ ਹੀ ਵਾਵਰੋਲੇ ਨੇ ਹਵਾ ਮੂੰਹਜ਼ੋਰ ਜੇਹੀ ਹੈ
ਉਡਾਰੀ ਭਰਨ ਤੋਂ ਪਹਿਲਾਂ ਪਰਾਂ ਨੂੰ ਤੋਲਣਾ ਪੈਂਦਾ

ਸਦਾ ਸਹਿਜੇ ਨਹੀਂ ਮਿਲਦੀ ਮੁਹੱਬਤ ਚੀਜ਼ ਹੀ ਐਸੀ
ਇਹਨੂੰ ਕਰਨਾ ਹੈ ਜੇ ਹਾਸਿਲ ਦਿਲਾਂ ਨੂੰ ਰੋਲਣਾ ਪੈਂਦਾ

ਜ਼ਮਾਨੇ ਤੋਂ ਨਹੀਂ ਛਿਪਦੇ ਕਦੇ ਵੀ ਪਿਆਰ ਦੇ ਹੰਝੂ
ਕਿਸੇ ਦੀ ਯਾਦ ਵਿਚ ਅੱਖਾਂ ਨੂੰ ਭਰ ਕੇ ਡੋ੍ਹਲਣਾ ਪੈਂਦਾ

ਬੜੇ ਹੀ ਰੰਗ ਬਿਖਰੇ ਨੇ ਹਰਿਕ ਦੇ ਸਾਹਮਣੇ ਲੇਕਿਨ
ਨਜ਼ਰ ਨੂੰ ਰਾਸ ਜੋ ਆਉਂਦੇ ਰੰਗਾਂ ਨੂੰ ਟੋਲਣਾ ਪੈਂਦਾ

ਇਹ ਤਾਣੀ ਜਿੰਦਗੀ ਦੀ ਫਿਰ ਬੜਾ ਹੈਰਾਨ ਕਰਦੀ ਹੈ
ਜਦੋਂ ਬਾਰੀਕ ਤੰਦਾਂ ਨੂੰ ਜੁਗਤ ਨਾਲ ਖੋਲਣਾ ਪੈਂਦਾ

                    (ਬਲਜੀਤ ਪਾਲ ਸਿੰਘ)

Friday, July 18, 2014

ਗ਼ਜ਼ਲ

ਖੁਸ਼ੀਆਂ ਜੋ ਦੂਰ ਗਈਆਂ ਚੱਲ ਮੋੜ ਕੇ ਲਿਆਈਏ
ਸਾਜਾਂ ਨੂੰ ਜੋੜ ਲਈਏ ਹੁਣ ਫੇਰ ਤੋਂ ਵਜਾਈਏ

ਐਵੇਂ ਨਾ ਕਰੀਏ ਸਾਰੇ ਫੁੱਲਾਂ ਦੀ ਦਾਅਵੇਦਾਰੀ
ਆਪਣੇ ਚੌਗਿਰਦਿਆਂ ਵਿਚ ਕੋਈ ਬੀਜ ਤਾਂ ਉਗਾਈਏ

ਰਾਹਾਂ ਵੀ ਨਰਮ ਜਿਹੀਆਂ ਮੰਜ਼ਿਲ ਵੀ ਖੂਬਸੂਰਤ
ਕੁਝ ਵੀ ਕਰਾਂਗੇ ਹਾਸਿਲ ਕਦਮਾਂ ਨੂੰ ਜੇ ਮਿਲਾਈਏ

ਸਾਡੇ ਜੋ ਗੀਤ ਰੁੱਸੇ ਸ਼ਾਇਦ ਉਹ ਪਰਤ ਆਵਣ
ਫਿਰ ਤੋਂ ਉਹਨਾਂ ਦੀ ਖਾਤਿਰ ਆਪਾਂ ਵੀ ਗੁਣਗੁਣਾਈਏ

ਲੱਗਦੇ ਨੇ ਬਹਿਰੇ ਹੋਏ ਪੱਥਰ-ਸ਼ਹਿਰ ਦੇ ਵਾਸੀ
ਵੀਣਾ ਇਹ ਰਿਸ਼ਤਿਆਂ ਦੀ ਚੱਲ ਹੋਰ ਥਾਂ ਸੁਣਾਈਏ

ਘਰ ਦੇ ਹਨੇਰੇ ਕੋਨੇ ਵਿਚ ਕੈਦ ਜੋ ਉਮੰਗਾਂ
ਮਨ ਦੇ ਪਰਿੰਦਿਆਂ ਨੂੰ ਆਕਾਸ਼ ਵਿਚ ਉਡਾਈਏ

                      (ਬਲਜੀਤ ਪਾਲ ਸਿੰਘ)

Sunday, July 6, 2014

ਗ਼ਜ਼ਲ

ਉਹਦੇ ਵਰਗਾ ਰੰਗ ਰੰਗੀਲਾ ਨਈਂ ਮਿਲਣਾ
ਉੱਚਾ ਲੰਮਾ ਛੈਲ ਛਬੀਲਾ ਨਈਂ ਮਿਲਣਾ

ਕਮਰ ਝੁਕੀ ਪੈ ਗਈਆਂ ਲਕੀਰਾਂ ਚਿਹਰੇ ਤੇ
ਬਚਪਨ ਵਾਲਾ ਸਾਜ਼ ਸੁਰੀਲਾ ਨਈਂ ਮਿਲਣਾ

ਰਾਹਾਂ ਦੇ  ਵਿਚ ਗੈਰ ਬੜੇ ਨੇ ਮਿਲ ਜਾਂਦੇ
ਆਪਣਿਆ ਦਾ ਕੋਈ ਕਬੀਲਾ ਨਈਂ ਮਿਲਣਾ

ਅਪਨੇ ਪਿੰਡ ਦੇ ਖੇਤ ਨੂੰ ਕਦੇ ਵਿਸਾਰੀਂ ਨਾ
ਏਦੋਂ ਚੰਗਾ ਹੋਰ ਵਸੀਲਾ ਨਈਂ ਮਿਲਣਾ

ਕਤਲ ਕਰਦੀਆਂ ਅੱਖਾਂ ਵੀ ਤਾਂ ਬੰਦੇ ਨੂੰ
ਖੰਜਰ ਐਨਾ ਤੇਜ ਨੁਕੀਲਾ ਨਈਂ ਮਿਲਣਾ

           (ਬਲਜੀਤ ਪਾਲ ਸਿੰਘ)

Wednesday, July 2, 2014

ਗ਼ਜ਼ਲ

ਹੁਣ ਰਹਿੰਦੇ ਹਾਂ ਰੰਗਾਂ ਤੇ ਗੁਲਜ਼ਾਰਾਂ ਵਿਚ
ਕਿਣ ਮਿਣ ਕਣੀਆਂ ਸਾਵਣ ਦੀਆਂ ਫੁਹਾਰਾਂ ਵਿਚ

ਰੁੱਖ ਲਗਾਏ ਬੀਜ ਵੀ ਬੀਜੇ ਤੇ ਦਿੱਤਾ ਪਾਣੀ
ਬੈਠੇ ਹਾਂ ਅੱਜ ਫੁੱਲਾਂ ਦੀਆਂ ਕਤਾਰਾਂ ਵਿਚ

ਦੂਰ ਪਹਾੜਾਂ ਤੇ ਵੀ ਨਾ ਉਹ ਮਿਲਦੀ ਮੌਜ
ਜੋ ਮਿਲਦੀ ਹੈ ਯਾਰਾਂ ਨਾਲ ਬਹਾਰਾਂ ਵਿਚ

ਨਸ਼ਿਆਂ ਨੇ ਸਭ ਚੂੰਡ ਲਏ ਨੇ ਵੇਖ ਜਵਾਨ
ਵਿਰਲਾ ਟਾਵਾਂ ਬਚਿਆ ਕੋਈ ਹਜ਼ਾਰਾਂ ਵਿਚ

ਪੱਥਰ ਪਿਘਲੇ ਮੋਮ ਵਾਂਗਰਾਂ ਹੋ ਜਾਂਦੇ
ਬੜਾ ਅਸਰ ਹੈ ਮਾਵਾਂ ਦੀਆਂ ਪੁਕਾਰਾਂ ਵਿਚ

ਕਰਦੈ ਕੌਣ ਉਡੀਕ ਕਾਲੀਆਂ ਰਾਤਾਂ ਦੀ
ਦਿਨ ਦੀਵੀਂ ਲੁੱਟਾਂ-ਖੋਹਾਂ ਹੋਣ ਬਜ਼ਾਰਾਂ ਵਿਚ

ਇਕ ਦਿੰਦੀ ਹੈ ਜ਼ਖਮ ਬੜੇ, ਇਕ ਫਹਾ ਧਰੇ
ਕਿੰਨਾ ਅੰਤਰ ਕਲਮਾਂ ਅਤੇ ਕਟਾਰਾਂ ਵਿਚ

               (ਬਲਜੀਤ ਪਾਲ ਸਿੰਘ)

Wednesday, June 25, 2014

ਗ਼ਜ਼ਲ

ਇੰਜ ਨਾ ਬੈਠੋ ਢੇਰੀ ਢਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ
ਅਰਮਾਨਾਂ ਨੂੰ ਮੋਢੇ ਚਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ

ਖੜਿਆ ਹੋਇਆ ਪਾਣੀ ਵੀ ਤਾਂ ਬਦਬੂ ਮਾਰਨ ਲੱਗ ਜਾਂਦਾ ਹੈ 
ਨਦੀਆਂ ਦੇ ਵਾਂਗੂੰ ਵਲ ਖਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ

ਜਿਹੜਾ ਬੰਦਾ ਸਿਖਰ ਦੁਪਹਿਰੇ ਤੱਤੀਆਂ ਸੜਕਾਂ ਕੋਲੋ ਡਰਦਾ
ਉਹਨੂੰ ਵੀ ਸਮਝਾਓ ਆ ਕੇ ਆਖਿਰ ਇਕ ਦਿਨ ਤੁਰਨਾ ਪੈਣਾ 

 ਹੱਡਹਰਾਮੀ ਸੁਸਤੀ ਆਲਸ ਜੋੜਾਂ ਦੇ ਵਿਚ ਬੈਠ ਗਏ ਨੇ 
ਉਦਮ ਦੇ ਨਾਲ ਯਾਰੀ ਲਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ 

 ਫਿਕਰ ਕਰੀਂ ਨਾ ਦੂਰ ਤੁਰ ਗਿਆ ਭਾਵੇਂ ਕੋਈ ਕਾਫਿਲਾ ਤੈਥੋਂ 
ਤਨਹਾਈ ਨੂੰ ਸੀਨੇ ਲਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ 

 ਰੁਸਵਾਈਆਂ ਦੇ ਸੰਘਣੇ ਜੰਗਲ ਤਲਖ ਪਲਾਂ ਦੇ ਮਾੜੇ ਸੁਪਨੇ 
ਇਹ ਸਾਰੇ ਵੀ ਭੁਲ ਭੁਲਾਕੇ ਆਖਿਰ ਇਕ ਦਿਨ ਤੁਰਨਾ ਪੈਣਾ 

ਲਹਿਰਾਂ ਗਿਣਨਾ ਚੰਗਾ ਲਗਦਾ ਸਾਗਰ ਕੰਢੇ ਬੈਠੇ ਰਹਿ ਕੇ 
ਰੇਤੇ ਉਤੋਂ ਨਾਮ ਮਿਟਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ
                                       
                                                   (ਬਲਜੀਤ ਪਾਲ ਸਿੰਘ)

Sunday, June 22, 2014

ਗ਼ਜ਼ਲ

ਸਲੀਕੇ ਨਾਲ ਰਹਿਣਾ ਆ ਗਿਆ ਤਾਂ ਤਰ ਗਏ ਸਮਝੋ
ਜੇ ਗ਼ਮ ਚੁਪਚਾਪ ਸਹਿਣਾ ਆ ਗਿਆ ਤਾਂ ਤਰ ਗਏ ਸਮਝੋ

ਸ਼ੁ੍ਰੂ ਤੋਂ ਹੀ ਤਾਂ  ਬੰਦੇ ਨੂੰ ਹੈ ਰੁੱਖਾਂ ਨੇ ਪਨਾਹ ਦਿੱਤੀ
ਇਹਨਾਂ ਛਾਵੇਂ ਜੇ ਬਹਿਣਾ ਆ ਗਿਆ ਤਾਂ ਤਰ ਗਏ ਸਮਝੋ

ਸੁਖਾਲਾ ਘੁੰਮਦਾ ਨਹੀਓ ਹਮੇਸ਼ਾ ਵਕਤ ਦਾ ਪਹੀਆ
ਸਲੀਬਾਂ ਨਾਲ ਖਹਿਣਾ ਆ ਗਿਆ ਤਾਂ ਤਰ ਗਏ ਸਮਝੋ

ਇਹ ਮੰਨਦੇ ਹਾਂ ਕਿ ਬੋਲਣ ਵਾਲਿਆ ਦਾ ਬੋਲਬਾਲਾ ਹੈ
ਸਮੇਂ ਤੇ ਸੱਚ ਕਹਿਣਾ ਆ ਗਿਆ ਤਾਂ ਤਰ ਗਏ ਸਮਝੋ

 ਹਮੇਸ਼ਾ ਲੋਚਿਆ ਹੈ ਟੀਸੀਆਂ ਦੇ ਬੇਰ ਲਾਹੁਣਾ, ਪਰ
ਨਜ਼ਰ ਨੂੰ ਥੱਲੇ ਨੂੰ ਲਹਿਣਾ ਆ ਗਿਆ ਤਾਂ ਤਰ ਗਏ ਸਮਝੋ


        (ਬਲਜੀਤ ਪਾਲ ਸਿੰਘ)