Saturday, January 20, 2018

ਗ਼ਜ਼ਲ

ਵਾਅਦੇ ਕਰਕੇ ਕਸਮਾਂ ਖਾ ਕੇ ਮੁੱਕਰ ਜਾਨੈਂ,ਚੰਗਾ ਨਹੀਂ
ਦਿਲ ਨੁੰ ਪਿਆਰ ਦਾ ਲਾਂਬੂ ਲਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਤੇਰੀ ਹਰ ਅਦਾ ਤੇ ਯਾਰਾ ਕਿੰਨੇ ਫੁੱਲ ਚੜਾਏ ਲੇਕਿਨ
ਤੂੰ ਸ਼ਬਦਾਂ ਦਾ ਜਾਲ ਵਿਛਾ ਕੇ ਮੁੱਕਰ ਜਾਨੈਂ ,ਚੰਗਾ ਨਹੀਂ


ਮੌਕੇ ਦੀ ਸਰਕਾਰ ਵਾਂਗਰਾਂ ਹੋਇਆ ਲੱਗਦਾ ਤੂੰ ਵੀ ਤਾਂ
ਵੱਡੇ ਵੱਡੇ ਲਾਰੇ ਲਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਆਪਣੇ ਹਿੱਸੇ ਵੀ ਆਵੇਗੀ ਰੁੱਤ ਰੰਗੀਲੀ ਤਾਂ ਆਖਿਰ
ਸੋਨੇ ਰੰਗੇ ਵਰਗੇ ਖਾਬ ਦਿਖਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਕੋਰਾ ਦਰਪਨ ਮੇਰੇ ਮਨ ਦਾ ਫਿਰ ਅਣਦੇਖਾ ਕਰਕੇ
ਗਿਰਗਟ ਵਾਂਗੂੰ ਰੰਗ ਵਟਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਕੀਤੀ ਹੈ ਮੈਂ ਸਦਾ ਹਿਫਾਜ਼ਤ ਹਰ ਰਿਸ਼ਤੇ ਦੀ
ਪਰ ਤੂੰ ਆਪੇਂ ਵੰਡੀਆਂ ਪਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਹਾਮੀ ਭਰਕੇ ਦੂਰ ਦੁਰਾਡੇ ਸਫਰਾਂ ਦੀ ਪਰ
ਅੱਧਵਾਟੇ ਹੀ ਹੱਥ ਛੁਡਾ ਕੇ ਮੁੱਕਰ ਜਾਨੈਂ ,ਚੰਗਾ ਨਹੀਂ

(ਬਲਜੀਤ ਪਾਲ ਸਿੰਘ)

Sunday, January 14, 2018

ਦੋਹੇ

ਬਿਨ ਸਾਜ਼ਾਂ ਤੋਂ ਮਰ ਗਏ ਬਹੁਤੇ ਜੀਵਨ ਗੀਤ
ਮੋਇਆਂ ਨੂੰ ਹੀ ਪੂਜਣਾ ਜੱਗ ਦੀ ਕੇਹੀ ਰੀਤ


ਗਰਮੀ ਸਰਦੀ ਬਾਰਿਸ਼ਾਂ ਮੌਸਮ ਬਦਲੇ ਭੇਸ
ਆਈ ਰੁੱਤ ਬਹਾਰ ਦੀ ਰੰਗਲਾ ਹੋਇਆ ਦੇਸ


ਮੇਵਾ ਹਰ ਇਕ ਰੁੱ`ਤ ਦਾ ਸਮੇਂ ਸਮੇਂ ਦੀ ਬਾਤ
ਛਿਪਣ ਛਿਪਾਈ ਖੇਡਦੇ ਜੀਕਣ ਦਿਨ ਤੇ ਰਾਤ


ਨਮਨ ਕਰਾਂ ਮੈਂ ਓਸਨੁੰ ਜਿਸ ਨੇ ਸਾਜੇ ਖੇਤ
ਕਿਧਰੇ ਨਦੀਆਂ ਵਗਦੀਆਂ ਕਿਤੇ ਥਲਾਂ ਵਿਚ ਰੇਤ


ਜੱਗ ਰੋਵੇ ਜੱਗ ਹੱਸਦਾ ਖੁਸ਼ੀਆਂ ਗਮੀਆਂ ਆਮ
ਕਿਤੇ ਸਵੇਰਾ ਉਗਮਦਾ ਕਿਧਰੇ ਢਲਦੀ ਸ਼ਾਮ


ਦਰਦ ਵਿਛੋੜਾ ਦੇ ਗਏ ਦੇਵੇ ਖੁਸ਼ੀ ਮਿਲਾਪ
ਜਿਹੜਾ ਹੱਥੀਂ ਬੀਜਿਆ ਵੱਢਣਾ ਪੈਣਾ ਆਪ


ਝਗੜਾ ਅੱਲਾ ਰਾਮ ਦਾ ਧਰਮ ਰਚਾਇਆ ਖੇਲ
ਸਾਰੇ ਮਜ੍ਹਬਾਂ ਤੋਂ ਸਹੀ ਰੂਹਾਂ ਵਿਚਲਾ ਮੇਲ


ਬੁਰਿਆਂ ਦੇ ਹੱਥ ਆ ਗਈ ਰਾਜ ਭਾਗ ਦੀ ਡੋਰ
ਲੋਕਾਂ ਰਹਿਣਾ ਸੁੱਤਿਆਂ ਬਹੁਤਾ ਚਿਰ ਨਾ ਹੋਰ

(ਬਲਜੀਤ ਪਾਲ ਸਿੰਘ)

Monday, January 1, 2018

ਗ਼ਜ਼ਲ

ਨਾ ਰਹਿੰਦਾ ਮਸਜਿਦਾਂ ਅੰਦਰ ਨਾ ਦਿੱਸਦਾ ਮੰਦਰਾਂ ਅੰਦਰ
ਮੈਂ ਜਿਸਨੂੰ ਰੱਬ ਕਹਿੰਦਾ ਹਾਂ ਉਹ ਵੱਸਦਾ ਹੈ ਦਿਲਾਂ ਅੰਦਰ


ਉਹ ਸੋਚਾਂ ਫਿਰ ਮੇਰੇ ਜੀਵਨ ਚ ਆ ਕੇ ਪਾਉਂਦੀਆਂ ਖੌਰੂ
ਮੈਂ ਛੱਡ ਆਇਆਂ ਸਾਂ ਜਿੰਨਾਂ ਨੂੰ ਕਦੇ ਮਾਰੂਥਲਾਂ ਅੰਦਰ 


ਇਹਨਾਂ ਲੋਭਾਂ ਤੇ ਗਰਜਾਂ ਦਾ ਸਮੁੰਦਰ ਬਹੁਤ ਡੂੰਘਾ ਹੈ
ਕਿਸੇ ਨੂੰ ਤਾਰ ਦਿੰਦਾ ਹੈ ਕਈ ਡੁੱਬਦੇ ਪਲਾਂ ਅੰਦਰ


ਕਦੇ ਵੀ ਆਸ ਨਾ ਰੱਖਿਓ ਕਿ ਮੈਂ ਗਾਵਾਂਗਾ ਉਹਨਾਂ ਲਈ
ਲਿਆਉਂਦੇ ਨਾਲ ਜੋ ਛੁਰੀਆਂ ਹਮੇਸ਼ਾ ਮਹਿਫਲਾਂ ਅੰਦਰ


ਹਨੇਰਾ ਬਸਤੀਆਂ ਅੰਦਰ ਸਿੰਘਾਸਨ ਦੀ ਸ਼ੈਤਾਨੀ ਹੈ
ਉਹਨੂੰ ਨਹੀਂ ਦਿੱਸ ਰਹੇ ਦੀਵੇ ਜੋ ਜਗਦੇ ਨੇ ਮਨਾਂ ਅੰਦਰ


ਸਦਾ ਕਹਿੰਦੇ ਨੇ ਜਰਵਾਣੇ ਕਿ ਤੈਨੂੰ ਸੇਕ ਲਾਵਾਂਗੇ
ਉਹ ਕੀ ਸਮਝਣ ਮੇਰਾ ਘਰ ਹੈ ਬੜੇ ਤਪਦੇ ਗਰਾਂ ਅੰਦਰ


(ਬਲਜੀਤ ਪਾਲ ਸਿੰਘ )

ਗ਼ਜ਼ਲ

ਹੋਇਆ ਘੁੱਪ ਹਨੇਰਾ ਬਾਬਾ
ਵੈਰੀ ਚਾਰ ਚੁਫੇਰਾ ਬਾਬਾ


ਅੰਨ੍ਹੀ ਪੀਵ੍ਹੇ ਕੁੱਤਾ ਚੱਟੇ
ਰਾਜਾ ਆਪ ਲੁਟੇਰਾ ਬਾਬਾ 


ਝੂਠੇ ਨੂੰ ਝੂਠਾ ਜੋ ਆਖੇ
ਐਨਾ ਕਿਸਦਾ ਜੇਰਾ ਬਾਬਾ?


ਰਿਸ਼ਵਤਖੋਰਾਂ ਤੇ ਠੱਗਾਂ ਨੇ
ਖੂਬ ਵਧਾਇਆ ਘੇਰਾ ਬਾਬਾ 


ਕੀਹਦੀ ਦੱਸ ਇਬਾਦਤ ਕਰੀਏ
ਪੈਰ ਪੈਰ ਤੇ ਡੇਰਾ ਬਾਬਾ


ਏਥੇ ਸਭ ਕੁਝ ਛੱਡ ਜਾਣਾ ਹੈ
ਕੀ ਤੇਰਾ ਕੀ ਮੇਰਾ ਬਾਬਾ


ਏਹ ਦੁਨੀਆਂ ਦੋ ਚਾਰ ਦਿਨਾਂ ਦੀ
ਜੋਗੀ ਵਾਲਾ ਫੇਰਾ ਬਾਬਾ 


(ਬਲਜੀਤ ਪਾਲ ਸਿੰਘ )

Monday, December 18, 2017

ਗ਼ਜ਼ਲ



ਸਦੀਆਂ ਤੋਂ ਸੁੱਤੀ ਹੋਈ ਸਰਕਾਰ ਜਗਾ ਦਈਏ
ਜੋ ਸਿਰ ਸੁੱਟੀ ਬੈਠੇ ਬਰਖੁਰਦਾਰ ਜਗਾ ਦਈਏ

ਹੋਵੇ ਨਾ ਆਪਸ ਵਿਚ ਭੋਰਾ ਨਫਰਤ ਲੋਕਾਂ ਨੂੰ
ਬੰਦੇ ਲਈ ਬੰਦੇ ਅੰਦਰ ਸਤਿਕਾਰ ਜਗਾ ਦਈਏ

ਹੋਇਆ ਕੀ ਜੇ ਸਾਰੀ ਦੁਨੀਆਂ ਨਾਲ ਨਹੀਂ ਤੁਰਦੀ
ਬਹੁਤੇ ਨਹੀਂ ਤਾਂ ਚੱਲ ਸੁੱਤੇ ਦੋ ਚਾਰ ਜਗਾ ਦਈਏ

ਦੰਗੇ ਕਤਲ ਫਸਾਦ ਬਣੇ ਨੇ ਦੁਸ਼ਮਣ ਸਭ ਦੇ ਹੀ
ਹੋਵੇ ਜਨਤਾ ਨਾ ਏਨੀ ਬਦਕਾਰ ਜਗਾ ਦਈਏ

ਕੋਈ ਰੂਹ ਤਾਂ ਨਵੀਂ ਫੂਕਣੀ ਪੈਣੀ ਆਖਿਰ ਨੂੰ
ਲੋਕੀਂ ਬਣ ਚੁੱਕੇ ਜਿਹਡ਼ੇ ਮੁਰਦਾਰ ਜਗਾ ਦਈਏ

ਏਨੇ ਵੀ ਤਾਂ ਨਹੀ ਗਏ ਗੁਜਰੇ ਹੁਣ ਆਪਾਂ ਵੀ
ਆਪਣੇ ਅੰਦਰਲਾ ਸੁੱਤਾ ਫਨਕਾਰ ਜਗਾ ਦਈਏ

ਖਾਮੋਸ਼ੀ ਨੇ ਨੀਰਸ ਕਰ ਦਿੱਤਾ ਹੈ ਰੋਹੀਆਂ ਨੂੰ
ਚੌਗਿਰਦੇ ਵਿਚ ਗੀਤਾਂ ਦੀ ਟੁਣਕਾਰ ਜਗਾ ਦਈਏ

ਆਸ ਪੜੋਸ ਉਦਾਸ ਫਿਜ਼ਾਵਾਂ ਹੋ ਗਈਆਂ ਜੋ
ਸੁੰਨੇ ਵਿਹਡ਼ੇ ਝਾਂਜਰ ਦੀ ਛਣਕਾਰ ਜਗਾ ਦਈਏ

ਜੋ ਵੀ ਥੱਕੇ ਹਾਰੇ ਰਾਹੀ ਢਾਹ ਬੈਠੇ ਨੇ ਢੇਰੀ
ਮੁਰਦਾ ਹੋਏ ਪੈਰਾਂ ਵਿਚ ਰਫਤਾਰ ਜਗਾ ਦਈਏ

ਜੂਲੇ ਹੇਠਾਂ ਸਿਰ ਦੇ ਕੇ ਜੋ ਕਰਨ ਗੁਲਾਮੀ ਹੀ
ਹੱਕਾਂ ਖਾਤਿਰ ਲੜਨ ਉਹ ਸਿਪਾਹ ਸਲਾਰ ਜਗਾ ਦਈਏ

'ਨੇਰਾ ਢੋਇਆ ਹੈ ਜਿੰਨਾਂ ਨੇ ਸਦੀਆਂ ਤੀਕਰ
ਬਸਤੀ ਦੇ ਲੋਕਾਂ ਅੰਦਰ ਲਲਕਾਰ ਜਗਾ ਦਈਏ

ਲੈ ਡਿਗਰੀਆਂ ਖਾਕ ਛਾਣਦੇ ਨਿੱਤ ਦਫਤਰਾਂ ਦੀ
ਭੁੱਖ ਨੰਗ ਨਾਲ ਘੁਲਦੇ ਬੇਰੁਜ਼ਗਾਰ ਜਗਾ ਦਈਏ

ਥੋਡ਼ੇ ਸਮੇਂ ਦੇ ਉੱਦਮ ਨੇ ਹੁਣ ਕੰਮ ਨਹੀਂ ਦੇਣਾ
ਹਿੰਮਤ ਹਾਰਨ ਵਾਲੇ ਨੂੰ ਹਰ ਵਾਰ ਜਗਾ ਦਈਏ

ਸਿਆਸਤ ਨੇ ਬਣ ਜੋਕਾਂ ਪੀ ਲਿਆ ਖੂਨ ਲੋਕਾਈ ਦਾ
ਲੋਕਾਂ ਦੀ ਲੁੱਟ ਰੋਕਣ ਪਹਿਰੇਦਾਰ ਜਗਾ ਦਈਏ

(ਬਲਜੀਤ ਪਾਲ ਸਿੰਘ )

Thursday, November 30, 2017

ਗ਼ਜ਼ਲ



ਐਟਮ ਬੰਬ ਬਣਾ ਸਕਦਾ ਹੈ
ਜੰਗਾਂ ਵੀ ਲਗਵਾ ਸਕਦਾ ਹੈ

ਹਾਕਮ ਜਿੰਨੇ ਮਰਜ਼ੀ ਚਾਹੇ
ਲੋਕਾਂ ਨੂੰ ਮਰਵਾ ਸਕਦਾ ਹੈ

ਜਿਹਡ਼ਾ ਉਸਦੇ ਉੁਲਟ ਬੋਲਦਾ
ਉਹਦਾ ਕਤਲ ਕਰਾ ਸਕਦਾ ਹੈ

ਝੂਠੇ ਲਾਰੇ ਲਾ ਪਰਜਾ ਨੂੰ
ਆਪਣੇ ਪਿੱਛੇ ਲਾ ਸਕਦਾ ਹੈ

ਝੂਠੇ ਮੂਠੇ ਜੁਮਲੇ ਛੱਡ ਕੇ
ਭੰਬਲ ਭੂਸੇ ਪਾ ਸਕਦਾ ਹੈ

ਖਾਦੀ ਬਾਣਾ ਪਾ ਕੇ ਖੁਦ ਨੂੰ
ਦੇਸ਼ ਭਗਤ ਅਖਵਾ ਸਕਦਾ ਹੈ

ਧਰਮਾਂ ਦੇ ਨਾਅ ਤੇ ਲੋਕਾਂ ਵਿੱਚ
ਦੰਗੇ ਵੀ ਕਰਵਾ ਸਕਦਾ ਹੈ

ਚੋਣਾਂ ਦੇ ਮੌਕੇ ਤੇ ਕੋਈ
ਸੁੱਤੀ ਕਲਾ ਜਗਾ ਸਕਦਾ ਹੈ


(ਬਲਜੀਤ ਪਾਲ ਸਿੰਘ )

Friday, November 17, 2017

ਗ਼ਜ਼ਲ



ਕਦੇ ਚਲਦੀ ਕਦੇ ਰੁਕਦੀ ਹੈ ਇਸ ਦੀ ਖਾਸੀਅਤ ਦੇਖੋ
ਇਹ ਦੁਨੀਆਂ ਨੂੰ ਬਦਲ ਦੇਵੇ ਕਲਮ ਦੀ ਹੈਸੀਅਤ ਦੇਖੋ

ਦਿਨੇ ਸੂਰਜ ਚਮਕਦਾ ਹੈ ਬਥੇਰੀ ਰੌਸ਼ਨੀ ਹੋਵੇ
ਕਿ ਜੁਗਨੂੰ ਦੀ ਹਨੇਰੀ ਰਾਤ ਵਿਚ ਵੀ ਅਹਿਮੀਅਤ ਦੇਖੋ

ਅਜੇਹੀ ਜਿੰਦਗੀ ਜੀਣਾ ਤਾਂ ਕੇਵਲ ਮੁਰਦਹਾਨੀ ਹੈ
ਕਿ ਜਿਥੇ ਤੋਡ਼ਦੀ ਰਹਿੰਦੀ ਹੈ ਦਮ ਇਨਸਾਨੀਅਤ ਦੇਖੋ

ਬੜੇ ਖਾਮੋਸ਼ ਰਹਿੰਦੇ ਹੋ ਵਜ਼੍ਹਾ ਇਸ ਦੀ ਤਾਂ ਫਰਮਾਓ
ਕਿ ਬੋਲਾਂ ਨੂੰ ਕਰੋ ਸ਼ਾਮਿਲ ਤੇ ਫਿਰ ਸ਼ਾਮੂਲੀਅਤ ਦੇਖੋ

ਇਹ ਜਲਦੀ ਤਿੜਕ ਜਾਂਦੇ ਨੇ ਤੇ ਜਲਦੀ ਹੀ ਬਿਨਸ ਜਾਂਦੇ
ਇਹ ਸੁਪਨੇ ਕੱਚ ਵਰਗੇ ਨੇ ਜਰਾ ਮਾਸੂਮੀਅਤ ਦੇਖੋ

ਕਦੇ ਮਸ਼ਹੂਰ ਪੰਜਾਂ ਪਾਣੀਆਂ ਦਾ ਦੇਸ਼ ਹੁੰਦਾ ਸੀ
ਅਸੀਂ ਮਿੱਟੀ ਦੇ ਵਿਚ ਰੋਲੀ ਮਗਰ ਪੰਜਾਬੀਅਤ ਦੇਖੋ

(ਬਲਜੀਤ ਪਾਲ ਸਿੰਘ)

Sunday, November 5, 2017

ਗ਼ਜ਼ਲ



ਬੜਾ ਕੁਝ ਯਾਦ ਆਉਂਦਾ ਹੈ ਜਦੋਂ ਬਰਸਾਤ ਆਉਂਦੀ ਹੈ
ਸੱਜਣ ਦਾ ਗ਼ਮ ਸਤਾਉਂਦਾ ਹੈ ਜਦੋਂ ਬਰਸਾਤ ਆਉਂਦੀ ਹੈ

ਘਟਾ ਛਾਉਂਦੀ ਤਾਂ ਰੁੱਖ ਝੂਮਣ, ਹਵਾ ਸੰਗੀਤ ਬਣ ਜਾਂਦਾ,
ਕਿ ਪੈਲਾਂ ਮੋਰ ਪਾਉਂਦਾ ਹੈ ਜਦੋਂ ਬਰਸਾਤ ਆਉਂਦੀ ਹੈ

ਧਰਤੀ ਮੌਲ ਉੱਠਦੀ ਹੈ ਤੇ ਅੰਬਰ ਖਿਲਖਿਲਾ ਉੱਠਦਾ,
ਪਪੀਹਾ ਗੀਤ ਗਾਉਂਦਾ ਹੈ ਜਦੋਂ ਬਰਸਾਤ ਆਉਂਦੀ ਹੈ

ਕਣੀਆਂ ਰੂਹ ਭਿਓਂ ਦੇਵਣ,ਨਜ਼ਾਰਾ ਹੋਰ ਹੀ ਹੁੰਦਾ,
ਬਦਨ ਵੀ ਥਰਥਰਾਉਂਦਾ ਹੈ ਜਦੋਂ ਬਰਸਾਤ ਆਉਂਦੀ ਹੈ

ਕਿਸ਼ਤੀ ਕਾਗਜ਼ਾਂ ਦੀ ਸੀ ਤੇ ਭੋਲਾ ਬਾਲਪਨ ਵੀ ਸੀ
ਸਮਾਂ ਚੇਤੇ ਕਰਾਉਂਦਾ ਹੈ ਜਦੋਂ ਬਰਸਾਤ ਆਉਂਦੀ ਹੈ

ਉਹ ਜਿਹੜੇ ਤੁਰ ਗਏ ਤੇ ਫਿਰ ਕਦੇ ਵਾਪਸ ਨਹੀਂ ਆਏ,
ਇਹ ਦਿਲ ਉਹ ਨਾਂਅ ਧਿਆਉਂਦਾ ਹੈ ਜਦੋਂ ਬਰਸਾਤ ਆਉਂਦੀ ਹੈ

ਕਦੇ ਹਥਿਆਰ ਨਾ ਸੁੱਟੇ ਮੇਰੇ ਅੰਦਰ ਹੈ ਜੋ ਮਾਲੀ
ਉਹ ਕਲਮਾਂ ਮੁੜ ਲਗਾਉਂਦਾ ਏ,ਜਦੋਂ ਬਰਸਾਤ ਆਉਂਦੀ ਹੈ
(ਬਲਜੀਤ ਪਾਲ ਸਿੰਘ)

Saturday, November 4, 2017

ਗ਼ਜ਼ਲ



ਮੈਂ ਵੀ ਮਨ ਕੀ ਬਾਤ ਕਹਾਂਗਾ ਮੇਰੀ ਵਾਰੀ ਆਉਣ ਦਿਉ

ਆਥਣ ਨੂੰ ਪ੍ਰਭਾਤ ਕਹਾਂਗਾ ਮੇਰੀ ਵਾਰੀ ਆਉਣ ਦਿਉ

ਮੈ ਗਰਮੀ ਨੂੰ ਸਰਦੀ ਆਖਾਂਗਾ ਇਹ ਮੇਰੀ ਮਰਜ਼ੀ ਹੈ

ਸੋਕੇ ਨੂੰ ਬਰਸਾਤ ਕਹਾਂਗਾ ਮੇਰੀ ਵਾਰੀ ਆਉਣ ਦਿਉ

ਮੇਰੀ ਹਾਂ ਵਿਚ ਹਾਂ ਨਾ ਕਹਿੰਦੇ ਜਿਹੜੇ ਉਹ ਸਭ ਦੇਖਾਂਗਾ,

ਸਿਖਰ ਦੁਪਹਿਰੇ ਰਾਤ ਕਹਾਂਗਾ ਮੇਰੀ ਵਾਰੀ ਆਉਣ ਦਿਉ

ਕੁਰਸੀ ਨੂੰ ਹੱਥ ਪਾਉਣ ਦਿਓ ਇਕ ਵਾਰ ਤਾਂ ਬਹਿ ਕੇ ਦੇਖ ਲਵਾਂ,

ਮੈ ਜੁਮਲੇ ਅਗਿਆਤ ਕਹਾਂਗਾ ਮੇਰੀ ਵਾਰੀ ਆਉਣ ਦਿਉ

ਮੈ ਫ਼ਰਜ਼ਾਂ ਨੂੰ ਮਿਹਰ ਕਹਾਂਗਾ ਬਖ਼ਸ਼ਿਸ਼ ਆਖੂੰ ਹਰ ਕਮ ਨੂੰ

ਹਰ ਕਾਰਜ ਸੌਗਾਤ ਕਹਾਂਗਾ ਮੇਰੀ ਵਾਰੀ ਆਉਣ ਦਿਉ

ਪਹਿਲਾ ਕੰਮ ਹੋਵੇਗਾ ਮੇਰਾ ਇਹਨਾ ਨੂੰ ਚੁਕਵਾ ਦੇਣਾ,

ਝੁੱਗੀਆਂ ਨੂੰ ਜੰਗਲਾਤ ਕਹਾਂਗਾ ਮੇਰੀ ਵਾਰੀ ਆਉਣ ਦਿਉ

ਜਾਨਵਰਾਂ ਦਾ ਪੂਜਣ ਮਿਰੀਆਂ ਤਰਜੀਹਾਂ ਵਿਚ ਹੋਵੇਗਾ,

ਗਾਂ ਨੂੰ ਸਭ ਦੀ ਮਾਤ ਕਹਾਂਗਾ ਮੇਰੀ ਵਾਰੀ ਆਉਣ ਦਿਉ

(ਬਲਜੀਤ ਪਾਲ ਸਿੰਘ )

Sunday, October 29, 2017

ਗ਼ਜ਼ਲ



ਚਮਨ ਦੀ ਜਿਸ ਤਰਾਂ ਚਾਹੀ ਸੀ ਉਹ ਰੰਗਤ ਨਹੀਂ ਹੈ
ਕਦਰ ਖਾਰਾਂ ਦੀ ਹੈ ਫੁੱਲਾ ਦੀ ਪਰ ਕੀਮਤ ਨਹੀਂ ਹੈ

ਘਰਾਂ ਵਿਚ ਸ਼ੀਸ਼ਿਆਂ ਤੇ ਪਰਦਿਆਂ ਦੀ ਹੈ ਸਜਾਵਟ
ਸੁਲਗਦੇ ਸੁਪਨਿਆਂ ਦੀ ਪਰ ਕੋਈ ਵੁੱਕਤ ਨਹੀਂ ਹੈ

ਕਿਵੇਂ ਹਨ ਸੋਚ ਲੋਕਾਂ ਦੀ ਨੂੰ ਤਾਲੇ ਹਾਕਮਾਂ ਲਾਏ
ਕਿ ਬੋਲੇ ਕਿਸ ਤਰਾਂ ਕੋਈ ? ਜੁਰਅਤ ਨਹੀਂ ਹੈ

ਦਮਨ ਦਾ ਦੌਰ ਹੈ ਸਾਰੇ ਹੀ ਨਿੱਸਲ ਹੋ ਗਏ ਨੇ
ਬਚੀ ਆਵਾਮ ਵਿਚ ਭੋਰਾ ਵੀ ਹੁਣ ਗ਼ੈਰਤ ਨਹੀਂ ਹੈ

ਕਦੇ ਵੀ ਰਾਸ ਨਾ ਆਈਆਂ ਅਸਾਂਨੂੰ ਬੇਵਫਾ ਰੁੱਤਾਂ
ਕਿ ਆਈ ਜੀਣ ਦੀ ਸਾਨੂੰ ਕੋਈ ਲੱਜ਼ਤ ਨਹੀਂ ਹੈ

ਅਸੀਂ ਤਾਂ ਸੋਚਿਆ ਸੀ ਸ਼ਹਿਰ ਹੀ ਕੇਵਲ ਬਣਾਉਟੀ ਨੇ
ਗਰਾਵਾਂ ਦੀ ਵੀ ਚੰਗੀ ਅੱਜ ਕੱਲ ਹਾਲਤ ਨਹੀਂ ਹੈ

ਸਮੇਂ ਦਾ ਵੇਗ ਹੈ ਕਿ ਜਾ ਰਿਹਾ ਉਲਟੀ ਦਿਸ਼ਾ ਮਾਨਵ
ਕਿ ਹੁਣ ਤਾਂ ਬਚਣ ਦੀ ਲੱਗਦੀ ਕੋਈ ਸੂਰਤ ਨਹੀਂ ਹੈ

(ਬਲਜੀਤ ਪਾਲ ਸਿੰਘ )

Saturday, September 2, 2017

ਗਜ਼ਲ



ਲੋਕਾਂ ਨੂੰ ਗੁਮਰਾਹ ਕਰ ਜਾਵੇ ਉਸ ਰਹਿਬਰ ਦੇ ਫਿੱਟੇ ਮੂੰਹ
ਸੌਹਾਂ ਖਾ ਕੇ ਮੁੱਕਰ ਜਾਵੇ ਉਸ ਦਿਲਬਰ ਦੇ ਫਿੱਟੇ ਮੂੰਹ


ਕਿਣ ਮਿਣ ਕਣੀਆਂ ਪੈਣ ਫੁਹਾਰਾਂ ਚਾਰੇ ਪਾਸੇ ਠੀਕ ਸਹੀ
ਔੜੀ ਧਰਤ ਨਾ ਰੌਣਕ ਲਾਵੇ ਉਸ ਛਹਿਬਰ ਦੇ ਫਿੱਟੇ ਮੂੰਹ

ਚੁਗਲਖੋਰ ਬੰਦੇ ਤਾਂ ਆਪਣੀ ਹੀ! ਔਕਾਤ ਦਿਖਾ ਦਿੰਦੇ
ਯਾਰਾਂ ਨਾਲ ਹੀ ਦਗਾ ਕਮਾਵੇ ਉਸ ਮੁਖਬਰ ਦੇ ਫਿੱਟੇ ਮੂੰਹ

ਦਾਰੂ ਪੀ ਕੇ ਖੇਡਾਂ ਖੇਡੇ ਚਿੱਟਾ ਖਾ ਡੌਲੇ ਫਰਕਾਵੇ
ਵਿਚ ਅਖਾਡ਼ੇ ਕੰਡ ਲਵਾਵੇ ਉਸ ਚੋਬਰ ਦੇ ਫਿੱਟੇ ਮੂੰਹ
(ਬਲਜੀਤ ਪਾਲ ਸਿੰਘ )

ਗ਼ਜ਼ਲ



ਮੁਹੱਬਤ ਦਾ ਬੜਾ ਇਜ਼ਹਾਰ ਕਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ
ਤਲੀ ਉਤੇ ਹਮੇਸ਼ਾ ਜਾਨ ਧਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਸਦਾ ਵਿਹਲੇ ਹੀ ਰਹਿੰਦੇ ਹਾਂ ਕਿ ਕਰਦੇ ਕਿਰਤ ਨਾ ਭੋਰਾ
ਕਿ ਏਦਾਂ ਹੀ ਵਿਚਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਸਕੀਮਾਂ ਬਹੁਤ ਘੜੀਆਂ ਨੇ ਦਿਆਂਗੇ ਪੇਟ ਭਰ ਰੋਟੀ
ਗਰੀਬੀ ਦੂਰ ਕਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਜਨਮ ਭੂਮੀ ਦੀ ਰੱਖਵਾਲੀ ਨਿਰਾ ਢਕਵੰਜ ਹੈ ਸਾਡਾ
ਵਤਨ ਲਈ ਰੋਜ਼ ਮਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਬਥੇਰੇ ਧਰਮ ਨੇ ਸਾਡੇ ਅਸੀਂ ਫਿਰ ਵੀ ਅਧਰਮੀ ਹਾਂ
ਮਜ਼੍ਹਬ ਹੋਰਾਂ ਦੇ ਜਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਲਿਆਈਏ ਤੋੜ ਕੇ ਤਾਰੇ ਅਸੀਂ ਮਹਿਬੂਬ ਦੀ ਖਾਤਿਰ
ਝਨਾਂ ਇਸ਼ਕੇ ਦਾ ਤਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਬਗੀਚੇ ਝੁਲਸ ਚੁੱਕੇ ਨੇ ਇਹ ਸਾਡੀ ਬੇਰੁਖੀ ਕਰਕੇ
ਚਮਨ ਵਿਚ ਰੰਗ ਭਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਕੰਗਾਲੀ ਨੇ ਜ਼ਿਹਨ ਅੰਦਰ ਤਾਂ ਪੱਕਾ ਲਾ ਲਿਆ ਡੇਰਾ
ਕਿ ਦਿੱਸਦੇ ਪੁੱਜਦੇ ਸਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

(ਬਲਜੀਤ ਪਾਲ ਸਿੰਘ)

ਗ਼ਜ਼ਲ


ਵਿਰਲੇ ਜਿੰਦਾਦਿਲ ਇਨਸਾਨ
ਹੁੰਦੇ ਨੇ ਮਹਿਫਲ ਦੀ ਸ਼ਾਨ
ਆਪੋ ਧਾਪੀ ਚਾਰੇ ਪਾਸੇ
ਮੱਚੀ ਜਾਂਦਾ ਹੈ ਘਮਸਾਨ
ਗੁੰਡਾਗਰਦੀ ਵਧੀ ਹੈ ਏਦਾਂ
ਸੁੱਕੀ ਜਾਂਦੀ ਸਭ ਦੀ ਜਾਨ
ਦੇਸ਼ ਤਰੱਕੀ ਤਾਂ ਨਹੀਂ ਕਰਦਾ
ਬਹੁਤੇ ਲੀਡਰ ਬੇਇਮਾਨ
ਨਿੱਤ ਘੁਟਾਲੇ ਕਤਲੋਗਾਰਤ
ਫਿਰ ਵੀ ਮੇਰਾ ਦੇਸ਼ ਮਹਾਨ
ਬਿਜ਼ਨਸਮੈਨ ਵਧਾਵੇ ਗੋਗੜ
ਭੁੱਖਾ ਮਰਦਾ ਹੈ ਕਿਰਸਾਨ
ਜਿਥੇ ਲਾਏ ਬਦੀਆਂ ਡੇਰੇ
ਓਥੇ ਨੇਕੀ ਦਾ ਨੁਕਸਾਨ
ਸੱਚ ਵਿਪਾਰੀ ਘਾਟੇਵੰਦਾ
ਕੂੜ ਦੀ ਚੱਲੇ ਖੂਬ ਦੁਕਾਨ
ਲਾਲਚ ਹੱਦੋਂ ਬਹੁਤਾ ਵਧਿਆ
ਹਰ ਕੋਈ ਮੰਗਦਾ ਵਰਦਾਨ
ਨਰਕ ਭੋਗਦੀ ਪਰਜਾ ਏਥੇ
ਹਾਕਮ ਐਸ਼ਾਂ ਵਿਚ ਗਲਤਾਨ
ਵਧੇ ਜ਼ੁਲਮ ਨੂੰ ਡੱਕਣ ਵੇਲੇ
ਦੇਣਾ ਪੈਂਦਾ ਹੈ ਬਲੀਦਾਨ
ਦੁਨੀਆਂ ਉਹਨਾਂ ਨੂੰ ਹੀ ਪੂਜੇ
ਸੱਚ ਖਾਤਿਰ ਜਿਹੜੇ ਕੁਰਬਾਨ
ਜੇਕਰ ਰਾਜਾ ਝੂਠਾ ਹੋਵੇ
ਦੇਵੇਗਾ ਝੂਠਾ ਫੁਰਮਾਨ
ਕਿਸੇ ਨਾ ਏਥੇ ਬੈਠੇ ਰਹਿਣਾ
ਬੰਦਾ ਧਰਤੀ ਤੇ ਮਹਿਮਾਨ
ਸਾਰੇ ਦਰਦ ਛੁਪਾ ਕੇ ਅੰਦਰ
ਚਿਹਰੇ ਤੇ ਰੱਖੀਏ ਮੁਸਕਾਨ
ਇਕ ਦਿਨ ਸਭ ਨੇ ਤੁਰ ਜਾਣਾ ਹੈ
ਅੰਤਿਮ ਮੰਜ਼ਿਲ ਹੈ ਸ਼ਮਸ਼ਾਨ
(ਬਲਜੀਤ ਪਾਲ ਸਿੰਘ)

ਗ਼ਜ਼ਲ


ਜਿੰਦਗੀ ਦਾ ਇਹ ਸਫਰ ਏਸੇ ਤਰਾਂ ਚਲਦਾ ਰਹੇ
ਹਾਦਸਾ ਮੇਰੇ ਖੁਦਾ ਹਰ ਮੋੜ ਤੇ ਟਲਦਾ ਰਹੇ

ਗੂੰਜਣ ਸਦਾ ਕਿਲਕਾਰੀਆਂ ਤੇ ਬਾਲਪਨ ਦਾ ਇਹ ਸਮਾ
ਬੱਚਿਆਂ ਦੀ ਮੋਹ ਭਰੀ ਮੁਸਕਾਨ ਵਿਚ ਪਲਦਾ ਰਹੇ

ਰਹਿਣ ਬੱਦਲ ਠਾਰਦੇ ਧਰਤੀ ਦੀ ਔੜੀ ਹਿੱਕ ਨੂੰ
ਸਾਗਰਾਂ ਵਿਚ ਨੀਰ ਨਦੀਆਂ ਦਾ ਸਦਾ ਰਲਦਾ ਰਹੇ

ਨ੍ਹੇਰਿਆਂ ਤੋਂ ਮੁਕਤ ਹੋਵੇ ਕੋਨਾ ਕੋਨਾ ਸ਼ਹਿਰ ਦਾ
ਮਮਟੀਆਂ 'ਤੇ ਰੋਸ਼ਨੀ ਦਾ ਦੀਪ ਵੀ ਬਲਦਾ ਰਹੇ

ਅੰਨਦਾਤਾ ਨੂੰ ਵੀ ਹੋਵੇ ਫਖਰ ਆਪਣੇ ਖੇਤ ਦਾ
ਮਿਹਨਤਾਂ ਦੇ ਬੂਟਿਆਂ ਤੇ ਬੂਰ ਵੀ ਫਲਦਾ ਰਹੇ

ਜੱਗ ਉਤੇ ਵੰਡ ਕੇ ਨਿਆਮਤਾਂ ਦੇ ਨੂਰ ਨੂੰ
ਰੋਜ਼ ਵਾਂਗੂੰ ਸੁਰਖ ਸੂਰਜ ਸ਼ਾਮ ਨੂੰ ਢਲਦਾ ਰਹੇ

ਕੁੱਲੀਆਂ ਦੇ ਵਿਚ ਹੋਵੇ ਰਹਿਮਤਾਂ ਦਾ ਚਾਨਣਾ
ਏਸ ਬਸਤੀ ਕੋਈ ਕਾਮਾ ਹੱਥ ਨਾ ਮਲਦਾ ਰਹੇ

(ਬਲਜੀਤ ਪਾਲ ਸਿੰਘ)

Thursday, August 17, 2017

ਗ਼ਜ਼ਲ



ਦੇਖੋ ਸੋਹਣੇ ਫੱਬੇ ਲੋਕ
ਕਿਤੇ ਕਿਤੇ ਪਰ ਕੱਬੇ ਲੋਕ
ਅੱਗੇ ਪਿੱਛੇ ਚਾਰ ਚੁਫੇਰੇ
ਨਾਲੇ ਸੱਜੇ ਖੱਬੇ ਲੋਕ
ਬਹੁਤੇ ਲਾਈਲੱਗ ਨੇ ਏਥੇ
ਰੇਲਗੱਡੀ ਦੇ ਡੱਬੇ ਲੋਕ
ਲੂਣ ਤੇਲ ਪੂਰਾ ਨਾ ਹੋਵੇ
ਮਹਿੰਗਾਈ ਨੇ ਚੱਬੇ ਲੋਕ
ਬੱਸ ਅੰਦਰ ਪਚਵੰਜਾ ਸੀਟਾਂ
ਚੜ੍ਹ ਗਏ ਅੱਸੀ ਨੱਬੇ ਲੋਕ
ਥੋਡ਼ੇ ਲੋਕੀਂ ਐਸ਼ਾਂ ਕਰਦੇ
ਬਹੁਤੇ ਕੁਚਲੇ ਦੱਬੇ ਲੋਕ
ਵਿੱਚ ਦਫਤਰਾਂ ਰਿਸ਼ਵਤਖੋਰੀ
ਨੋਟ ਕਮਾਉਂਦੇ ਥੱਬੇ ਲੋਕ
ਜਿਹਡ਼ੇ ਨਿੱਤ ਗਦਾਰੀ ਕਰਦੇ
ਦੇਸ਼ ਕੌਮ ਲਈ ਧੱਬੇ ਲੋਕ
ਚੰਗੀ ਗੱਲ ਜਦੋਂ ਨਾ ਆਵੇ
ਮਾਰਨ ਲੱਲੇ ਭੱਬੇ ਲੋਕ

(ਬਲਜੀਤ ਪਾਲ ਸਿੰਘ )

ਗਜ਼ਲ



ਜਿਵੇਂ ਕਿਵੇਂ ਦੀ ਮਿੱਠੀ ਖਾਰੀ ਸਾਂਭੀ ਬੈਠੇ ਹਾਂ
ਝੂਠੀ ਮੂਠੀ ਦੀ ਸਰਦਾਰੀ ਸਾਂਭੀ ਬੈਠੇ ਹਾਂ

ਭੁੱਲ ਗਏ ਹਾਂ ਖੁੱਲੇ ਡੁੱਲ੍ਹੇ ਖੇਤਾਂ ਨੂੰ
ਵੱਡੇ ਬੰਗਲੇ ਵਿਚ ਕਿਆਰੀ ਸਾਂਭੀ ਬੈਠੇ ਹਾਂ

ਹਿੰਮਤ ਬਾਝੋਂ ਅੰਬਰੀਂ ਉਡਣਾ ਸੌਖਾ ਨਹੀਂ
ਮਨ ਵਿਚ ਪੰਛੀ ਜਹੀ ਉਡਾਰੀ ਸਾਂਭੀ ਬੈਠੇ ਹਾਂ

ਗੁਰੂਆਂ ਨੇ ਜੋ ਦੱਸਿਆ ਸੀ ਅਣਗੌਲਾ ਕਰ ਦਿੱਤਾ
ਬਣ ਅਗਿਆਨੀ ਕੂੜ ਪਿਟਾਰੀ ਸਾਂਭੀ ਬੈਠੇ ਹਾਂ

ਵਿਹੜੇ ਵਿਚ ਵਿਰਾਸਤ ਵੀ ਨਾ ਹੁਣ ਝਲਕੇ
ਚੀਜ਼ਾਂ ਘਰ ਵਿਚ ਗੈਰ ਮਿਆਰੀ ਸਾਂਭੀ ਬੈਠੇ ਹਾਂ

ਸੱਜਣ ਜੋ ਪ੍ਰਵਾਸੀ ਹੋਏ ਰੋਜੀ ਲਈ
ਉਹਨਾਂ ਦੀ ਬਸ ਯਾਦ ਪਿਆਰੀ ਸਾਂਭੀ ਬੈਠੇ ਹਾਂ

ਵਣਜ ਨਾ ਕੀਤਾ ਆਪਾਂ ਕਦੇ ਮੁਹੱਬਤ ਦਾ
ਦਿਲ ਵਿਚ ਯਾਰਾਂ ਦੀ ਦਿਲਦਾਰੀ ਸਾਂਭੀ ਬੈਠੇ ਹਾਂ

ਘਰ ਵਿਚ ਭਾਵੇਂ ਬਹੁਤੀ ਪੁੱਛ ਪਰਤੀਤ ਨਹੀਂ
ਫਿਰ ਵੀ ਫੋਕੀ ਲਾਣੇਦਾਰੀ ਸਾਂਭੀ ਬੈਠੇ ਹਾਂ

(ਬਲਜੀਤ ਪਾਲ ਸਿੰਘ)

ਗ਼ਜ਼ਲ



ਤਾਅਨਿਆਂ ਦੀ ਮਿਹਣਿਆਂ ਦੀ ਹਰ ਤਰਫ ਭਰਮਾਰ ਹੈ
ਸਾਫਗੋ ਰਾਹਾਂ ਤੇ ਤੁਰਨਾ ਹੋ ਗਿਆ ਦੁਸ਼ਵਾਰ ਹੈ

ਜਿੰਦਗੀ ਦੀ ਡੋਰ ਤੇ ਜਦ ਪਕੜ ਢਿੱਲੀ ਹੋ ਗਈ
ਵਕਤ ਦੀ ਪੈਂਦੀ ਨਿਮਾਣੇ ਬੰਦਿਆਂ ਨੂੰ ਮਾਰ ਹੈ

ਪੱਥਰਾਂ ਕਦ ਪਿਘਲਣਾ ਐਵੇਂ ਨਾ ਇੰਤਜ਼ਾਰ ਕਰ
ਹੁਣ ਬਹਾਰਾਂ ਦਾ ਵੀ ਡੇਰਾ ਪਰਬਤਾਂ ਤੋਂ ਪਾਰ ਹੈ

ਕਿੰਜ ਭਲਾਈ ਕਰਨਗੇ ਗੁਰਬਤ ਘਿਰੇ ਆਵਾਮ ਦੀ
ਗੁੰਡਿਆ ਤੇ ਢੌਂਗੀਆਂ ਦੀ ਬਣ ਗਈ ਸਰਕਾਰ ਹੈ

ਪਾਣੀ ਦੀ ਟੂਟੀ ਨਾਲ ਵੀ ਹੈ ਸੰਗਲੀ ਗਲਾਸ ਨੂੰ
ਸ਼ਹਿਰ ਦੇ ਲੋਕਾਂ ਦਾ ਏਥੋਂ ਝਲਕਦਾ ਕਿਰਦਾਰ ਹੈ

ਰੁੱਖ ਵੇਲਾਂ ਬੂਟਿਆਂ ਦੀ ਕਦਰ ਕਿੰਨੀ ਘਟ ਗਈ
ਪਰਦਿਆਂ ਤੇ ਸ਼ੀਸ਼ਿਆਂ ਦਾ ਖੂਬ ਕਾਰੋਬਾਰ ਹੈ

ਰਿਸ਼ਤਿਆਂ ਦੀ ਬੇਰੁਖੀ ਵਿਚ ਟੁੱਟਿਆ ਹੈ ਆਦਮੀ
ਯੁੱਗ ਹੈ ਬਾਜ਼ਾਰ ਦਾ ਇਨਸਾਨੀਅਤ ਦੀ ਹਾਰ ਹੈ

ਟੱਪ ਜਾਂਦੀ ਹੱਦ ਬੰਨੇ ਜਦ ਹਨੇਰੀ ਜ਼ੁਲਮ ਦੀ
ਅੰਤ ਕੋਈ ਅਣਖ ਵਾਲਾ ਚੁੱਕਦਾ ਤਲਵਾਰ ਹੈ

(ਬਲਜੀਤ ਪਾਲ ਸਿੰਘ)

ਗ਼ਜ਼ਲ



ਜਦੋਂ ਤਕਦੀਰ ਖਾਬਾਂ ਨੂੰ ਕਸਾਈ ਵਾਗ ਸੱਲਦੀ ਹੈ
ਉਦੋਂ ਯਾਰੋ ! ਇਵੇਂ ਲੱਗੇ ਜਿਵੇਂ ਜਿੰਦ ਚਾਰ ਪਲ ਦੀ ਹੈ

ਕਦੇ ਧਰਮਾਂ ਨੂੰ ਖਤਰੇ ਦਾ ਡਰਾਵਾ ਆਪ ਹੀ ਦੇਵੇ
ਸਿਆਸਤ ਇਸ ਬਹਾਨੇ ਹੀ ਨਵੇਂ ਪਾਸੇ ਬਦਲਦੀ ਹੈ

ਬੜੀ ਸੋਹਣੀ ਕੋਈ ਸੂਰਤ ਬੜਾ ਸੋਹਣਾ ਕੋਈ ਮੌਸਮ
ਨਜ਼ਰ ਆਉਂਦੇ ਨੇ ਜਿਸ ਵੇਲੇ ਤਮੰਨਾ ਤਦ ਮਚਲਦੀ ਹੈ

ਇਵੇਂ ਹੀ ਹਸ਼ਰ ਹੁੰਦਾ ਹੈ ਹਰਿਕ ਬੰਦੇ ਦੀ ਹੋਣੀ ਦਾ
ਜਿਵੇਂ ਇੱਕ ਮੋਮਬੱਤੀ ਰੋਜ ਜਗਦੀ ਤੇ ਪਿਘਲਦੀ ਹੈ

ਪਤਾ ਨਹੀਂ ਕਿੰਨਿਆਂ ਹੀ ਮੁੱਦਿਆਂ ਤੇ ਛਿੜ ਪਵੇ ਚਰਚਾ
ਭਰੀ ਪੰਚਾਇਤ ਦੇ ਵਿਚ ਜੀਭ ਜਦ ਐਵੇਂ ਫਿਸਲਦੀ ਹੈ

ਡਰਾਂ ਡੂੰਘੇ ਸਮੁੰਦਰ ਤੋਂ ਮੈਂ ਫਿਰ ਵੀ ਭਾਲਦਾ ਰਹਿੰਦਾ
ਸਦਾ 'ਬਲਜੀਤ' ਸਿੱਪੀ ਉਹ ਜੋ ਮੋਤੀ ਹੀ ਉਗਲਦੀ ਹੈ

(ਬਲਜੀਤ ਪਾਲ ਸਿੰਘ )

ਗ਼ਜ਼ਲ



ਭਟਕਣ ਹੈ ਤਸਵੀਰਾਂ ਵਿਚੋਂ ਸੁਖ ਲਭਦੇ ਹਾਂ
ਦਰਗਾਹਾਂ ਤੇ ਪੀਰਾਂ ਵਿਚੋਂ ਸੁਖ ਲਭਦੇ ਹਾਂ


ਬੰਦੇ ਨੂੰ ਬੰਦੇ ਤੋਂ ਕੋਈ ਝਾਕ ਨਹੀਂ ਹੈ
ਰੁੱਖਾਂ ਜੰਡ ਕਰੀਰਾਂ ਵਿਚੋਂ ਸੁਖ ਲਭਦੇ ਹਾਂ

ਆਪਾਂ ਕੰਮ ਦਾ ਸੱਭਿਆਚਾਰ ਭੁਲਾ ਬੈਠੇ ਹਾਂ
ਹੱਥਾਂ ਦੀਆਂ ਲਕੀਰਾਂ ਵਿਚੋਂ ਸੁਖ ਲਭਦੇ ਹਾਂ

ਸੱਚੇ ਸੁੱਚੇ ਇਨਸਾਨਾਂ ਦੀ ਕਦਰ ਨਹੀਂ ਹੈ
ਮਰੀਆਂ ਸਰਦ ਜ਼ਮੀਰਾਂ ਵਿਚੋਂ ਸੁਖ ਲਭਦੇ ਹਾਂ

ਤਨ ਚਮਕਾ ਲੈਂਦੇ ਹਾਂ ਮਹਿੰਗੇ ਵਸਤਰ ਪਾ ਕੇ
ਬੇਸਮਝੇ ਹਾਂ ਲੀਰਾਂ ਵਿਚੋਂ ਸੁਖ ਲਭਦੇ ਹਾਂ

ਲਾਈਲੱਗ ਹਾਂ ਤੁਰ ਪੈਂਦੇ ਹਾਂ ਹਰ ਪਾਸੇ ਹੀ
ਝੂਠੇ ਸਾਧ ਫਕੀਰਾਂ ਵਿਚੋਂ ਸੁਖ ਲਭਦੇ ਹਾਂ

ਨਵੀਂ ਪਨੀਰੀ ਨਸ਼ਿਆਂ ਵਿਚ ਗਲਤਾਨ ਬੜੀ ਹੈ
ਹੁਣ ਵੈਲੀ ਮੰਡੀਰਾਂ ਵਿਚੋਂ ਸੁਖ ਲਭਦੇ ਹਾਂ

ਨਕਲੀ ਦੁੱਧ ਤੋਂ ਬਣੀਆਂ ਵਸਤਾਂ ਵੇਖ ਲਵੋ
ਖੋਇਆਂ ਅਤੇ ਪਨੀਰਾਂ ਵਿਚੋਂ ਸੁਖ ਲਭਦੇ ਹਾਂ

(ਬਲਜੀਤ ਪਾਲ ਸਿੰਘ )

ਗ਼ਜ਼ਲ



ਮੈਨੂੰ ਆਪਣਾ ਮੀਤ ਬਣਾ ਕੇ ਜਾਈਂ ਨਾ
ਆਸ ਮੇਰੀ ਦਾ ਦੀਪ ਬੁਝਾ ਕੇ ਜਾਈਂ ਨਾ

ਜੇਕਰ ਗੱਲ ਪੁਗਾਉਣੀ ਹੈ ਤਾਂ ਗੱਲ ਕਰੀਂ
ਐਵੇਂ ਝੂਠਾ ਲਾਰਾ ਲਾ ਕੇ ਜਾਈ ਨਾ

ਡੂੰਘੇ ਪੱਤਣ ਤਰਨੇ ਪੈਂਦੇ ਜੇ ਲਾਈਏ
ਲਾਉਣੀ ਹੈ ਤਾਂ ਦਗਾ ਕਮਾ ਕੇ ਜਾਈਂ ਨਾ

ਭੀੜ ਬਣੇ ਤੋਂ ਸੀਸ ਕਟਾਉਣੇ ਪੈ ਜਾਂਦੇ
ਔਖੇ ਵੇਲੇ ਪਿੱਠ ਦਿਖਾ ਜਾ ਕੇ ਜਾਈਂ ਨਾ

ਮਾੜੇ ਲੋਕਾਂ ਦੇ ਜੇ ਆਖੇ ਲੱਗਣਾ ਹੈ
ਮਿਹਣੇ ਤਾਅਨੇ ਹੋਰ ਸੁਣਾ ਕੇ ਜਾਈਂ ਨਾ

ਮੌਸਮ ਵਾਂਗਰ ਜੇਕਰ ਰੰਗ ਵਟਾਉਣੇ ਨੇ
ਸੋਹਣੀ ਰੁੱਤੇ ਪ੍ਰੀਤ ਲਗਾ ਕੇ ਜਾਈਂ ਨਾ

ਸਾਰੇ ਜਾਣਨ ਹਸ਼ਰ ਮੁਹੱਬਤ ਵਾਲਾ ਵੀ
ਜਾਣਦਿਆਂ ਹੇਠੀ ਕਰਵਾ ਕੇ ਜਾਈਂ ਨਾ

ਵੇਖਣ ਲੋਕੀਂ ਪੈਣੀ ਲੋੜ ਗਵਾਹਾਂ ਦੀ
ਗਲੀ ਮੁਹੱਲੇ ਮੂੰਹ ਛੁਪਾ ਕੇ ਜਾਈਂ ਨਾ

(ਬਲਜੀਤ ਪਾਲ ਸਿੰਘ)