ਬਾਬੇ ਨਾਨਕ ਦੀ ਸਿੱਖਿਆ ਨੂੰ ਲੋਕੀਂ ਜੇ ਅਪਣਾ ਲੈਂਦੇ ਤਾਂ
ਇਹ ਦੁਨੀਆਂ ਵੀ ਜੰਨਤ ਹੁੰਦੀ ਸਾਰੇ ਭੇਦ ਮਿਟਾ ਲੈਂਦੇ ਤਾਂ
ਜੇਕਰ ਆਪਣੀ ਹਾਉਮੇ ਛੱਡ ਕੇ ਨਿਮਰ ਅਸੀਂ ਵੀ ਹੋ ਜਾਂਦੇ
ਕਿਧਰੇ ਵੀ ਝਗੜੇ ਨਾ ਹੁੰਦੇ ਦਿਲ ਨੂੰ ਜੇ ਸਮਝਾ ਲੈਂਦੇ ਤਾਂ
ਪਾਣੀ ਮਿੱਟੀ ਅਤੇ ਹਵਾ ਨੂੰ ਦੂਸ਼ਿਤ ਕਰਕੇ ਰੱਖ ਦਿੱਤਾ ਹੈ
ਇਹਨਾਂ ਨੇ ਪਾਵਨ ਰਹਿਣਾ ਸੀ ਜੇਕਰ ਕਿਤੇ ਬਚਾ ਲੈਂਦੇ ਤਾਂ
ਸਾਡਾ ਜੀਵਨ ਧਰਤੀ ਉੱਤੇ ਹੋ ਚੱਲਿਆ ਹੈ ਨਰਕਾਂ ਵਰਗਾ
ਕੁਦਰਤ ਵੀ ਮਨਮੋਹਕ ਹੁੰਦੀ ਨੇਕੀ ਅਸੀਂ ਕਮਾ ਲੈਂਦੇ ਤਾਂ
ਭਾਵੇਂ ਅਸੀਂ ਉਸਾਰ ਲਏ ਨੇ ਮਹਾਂਨਗਰ ਬਹੁਤੇ ਵੱਡੇ ਵੀ
ਦਿਲ ਨੂੰ ਢਾਰਸ ਮਿਲ ਜਾਣੀ ਸੀ ਕੁੱਲੀ ਕਿਤੇ ਵਸਾ ਲੈਂਦੇ ਤਾਂ
ਜਾਹਿਰ ਇਹ ਵੀ ਹੋ ਚੁੱਕਾ ਹੈ ਸਾਰੀ ਦੁਨੀਆਂ ਲੋਭਾਂ ਮਾਰੀ
ਨਿੱਜ ਸਵਾਰਥ ਛੱਡ ਕੇ ਸਭ ਨੂੰ ਸਾਂਝੀਵਾਲ ਬਣਾ ਲੈਂਦੇ ਤਾਂ
ਬਾਬਾ ਤੇਰੇ ਸੱਚੇ ਸੇਵਕ ਫੇਰ ਅਸੀਂ ਵੀ ਬਣ ਜਾਣਾ ਸੀ
ਮਲਿਕ ਭਾਗੋਆਂ ਨੂੰ ਭੰਡ ਦਿੰਦੇ ਲਾਲੋ ਨੂੰ ਵੱਡਿਆ ਲੈਂਦੇ ਤਾਂ
(ਬਲਜੀਤ ਪਾਲ ਸਿੰਘ)
1 comment:
Send Personalised Gifts for Valentine on Valentines Day Online
Valentine Personalised Gifts Online
Post a Comment