Friday, November 8, 2019

ਗ਼ਜ਼ਲ


ਮੈ  ਪਹਿਲਾਂ ਵਾਂਗਰਾਂ ਹੁਣ ਖੁਸ਼ ਹਮੇਸ਼ਾ ਰਹਿ ਨਹੀਂ ਸਕਦਾ

ਕਿ ਦਿਲ ਦੀ ਵੇਦਨਾਂ ਬੇਬਾਕ ਹੋ ਕੇ ਕਹਿ ਨਹੀਂ ਸਕਦਾ

ਬਥੇਰੀ ਜਰ ਲਈ ਹੈ ਮੈਂ ਹਕੂਮਤ ਏਸ ਤੰਤਰ ਦੀ

ਗੁਲਾਮੀ ਏਸ  ਤੋਂ ਵੱਧ ਕੇ ਕਦੇ ਮੈ ਸਹਿ ਨਹੀਂ ਸਕਦਾ

ਬੜੀ ਹੀ ਉਲਟ ਕਰਵਟ ਲੈ ਰਿਹਾ ਹੈ ਵਕਤ ਦਾ ਆਲਮ

ਮੈਂ ਇਹਦੇ ਸੰਗ ਵੀ ਤਾਂ ਨਾਲ ਮਰਜ਼ੀ ਵਹਿ ਨਹੀਂ ਸਕਦਾ

ਅਜੇ ਤਾਂ ਜੰਗ ਲੜਨੀ ਹੈ ਬੜੇ ਹੀ ਹੌਸਲੇ ਵਾਲੀ

ਇਹ ਸਾਜਿਸ਼ ਬਹੁਤ ਭਾਰੀ ਹੈ ਮਗਰ ਮੈਂ ਢਹਿ ਨਹੀਂ ਸਕਦਾ

ਪਤਾ ਇਹ ਕਿਸ ਤਰ੍ਹਾਂ ਲੱਗੇ ਕਿ ਤੂੰ ਹਮਦਰਦ ਮੇਰਾ ਹੈਂ

ਮੇਰਾ ਦਿਲ ਹੈ ਸਮੁੰਦਰ ਏਸ ਵਿਚ ਤੂੰ ਲਹਿ ਨਹੀਂ ਸਕਦਾ

ਸਫਰ ਆਪਣੇ ਦੇ ਭਾਵੇਂ ਮੈਂ ਅਜੇ  ਅਧਵਾਟੇ  ਫਿਰਦਾਂ ਹਾਂ

ਪੜਾਅ ਐਸੇ ਤੇ ਹਾਂ ਕਿ  ਪਲ ਭਰ  ਬਹਿ ਨਹੀਂ ਸਕਦਾ

ਬੜੇ ਕੋਮਲ ਜਹੇ ਅਹਿਸਾਸ ਮਨ ਵਿਚ ਉਪਜਦੇ ਰਹਿੰਦੇ

ਤੂੰ ਇਹ ਨਾ ਜਾਣ ਲੈਣਾਂ ਕੰਡਿਆਂ ਸੰਗ ਖਹਿ ਨਹੀਂਂ ਸਕਦਾ
(ਬਲਜੀਤ ਪਾਲ ਸਿੰਘ)

No comments: