ਮੇਰੇ ਦਿਲਬਰ ਤੇਰੇ ਹਾੜੇ ਮੈਨੂੰ ਇਕ ਸਹਾਰਾ ਦੇ ਦੇ
ਭਰਨੀ ਹੈ ਪਰਵਾਜ਼ ਮੈਂ ਉੱਚੀ ਮੈਨੂੰ ਅੰਬਰ ਸਾਰਾ ਦੇ ਦੇ
ਕੀ ਚੇਤਾ ਸੀ ਅੱਧਵਾਟੇ ਹੀ ਹੱਥ ਛੁਡਾ ਕੇ ਤੁਰ ਜਾਏਂਗਾ
ਦਰਦ ਤੇਰੇ ਨੂੰ ਮੈਂ ਸਹਿ ਜਾਵਾਂ ਮੈਨੂੰ ਜਿਗਰਾ ਭਾਰਾ ਦੇ ਦੇ
ਬਾਕੀ ਰਹਿੰਦਾ ਸਾਰਾ ਜੀਵਨ ਤੇਰੇ ਬਾਝੋਂ ਕਿੰਝ ਬੀਤੇਗਾ
ਪਹਿਲਾਂ ਵਾਂਗੂੰ ਆਉਧ ਹੰਢਾਈਏ ਕੋਈ ਝੂਠਾ ਲਾਰਾ ਦੇ ਦੇ
ਸੂਰਜ ਤੇ ਚੰਦਰਮਾ ਵਰਗੇ ਚਾਣਨ ਭਾਵੇਂ ਨਾ ਹੀ ਦੇਵੀਂ
ਗਲੇ ਲਗਾ ਕੇ ਜਿਸਨੂੰ ਰੋਵਾਂ ਸਰਘੀ ਵਾਲਾ ਤਾਰਾ ਦੇ ਦੇ
ਮੇਰੇ ਖੇਤਾਂ ਵਿੱਚ ਲੱਗੀ ਹੈ ਔੜ ਬਥੇਰੀ ਕਿੰਨੇ ਚਿਰ ਤੋਂ
ਕਰਦੇ ਕਣੀਆਂ ਦੀ ਇਕ ਬਾਰਿਸ਼ ਭਾਵੇਂ ਪਾਣੀ ਖਾਰਾ ਦੇ ਦੇ
ਖਾਹਿਸ਼ ਵੀ ਦਮ ਤੋੜ ਗਈ ਹੈ ਮਹਿਲ ਮੁਨਾਰੇ ਮੈਂ ਨਾ ਮੰਗਾਂ
ਬਸ ਇਕੋ ਅਰਜੋਈ ਬਾਕੀ ਕੋਈ ਕੁੱਲੀ ਢਾਰਾ ਦੇ ਦੇ
(ਬਲਜੀਤ ਪਾਲ ਸਿੰਘ)
No comments:
Post a Comment