Monday, September 30, 2024

ਗ਼ਜ਼ਲ

 ਜਿੱਥੋਂ ਰਿਜ਼ਕ ਕਿਸੇ ਨੂੰ ਹਾਸਿਲ ਉਹ ਓਥੋਂ ਦਾ ਹੋ ਜਾਂਦਾ ਹੈ ।

ਜਿਸ ਦੀ ਪਿੱਠ ਜੋ ਥਾਪੜ ਦੇਵੇ ਓਸੇ ਨਾਲ ਖਲੋ ਜਾਂਦਾ ਹੈ।


ਕਿੱਦਾਂ ਸੁਣਾਂ ਉਦਾਸੇ ਨਗ਼ਮੇ ਮੇਰੇ ਕੋਲ ਨਹੀਂ ਹੈ ਜੇਰਾ,

ਸਮਾਂ ਬੀਤਿਆ ਦਿਲ ਮੇਰੇ ਨੂੰ ਕੰਡਿਆਂ ਵਿੱਚ ਪਰੋ ਜਾਂਦਾ ਹੈ।


ਜਿੱਧਰ ਜਾਈਏ ਇੱਕ ਸੁੰਨਾਪਣ ਚਾਰ ਚੁਫੇਰੇ ਅੱਗੋਂ ਮਿਲਦਾ,

ਇਸ ਨਗਰੀ ਵਿੱਚ ਸ਼ਾਮਾਂ ਨੂੰ ਹੀ ਘੁੱਪ ਹਨੇਰਾ ਹੋ ਜਾਂਦਾ ਹੈ।


ਜਿਸ ਬੰਦੇ ਨਾਲ ਸਾਂਝਾ ਪਾਈਏ ਤੇ ਕੁਝ ਗੱਲਾਂ ਕਰੀਏ,

ਉਹ ਬਣਕੇ ਦੁਖਿਆਰਾ ਲੇਕਿਨ ਵੱਖਰੇ ਧੋਣੇ ਧੋ ਜਾਂਦਾ ਹੈ।


ਬੜਾ ਸੋਚਿਆ ਕਿ ਅੱਗੇ ਤੋਂ ਹੁਣ ਇਹ ਢਿੱਡ ਫਰੋਲਾਂਗੇ ਨਾ,

ਹਰ ਕੋਈ ਏਥੇ ਆਪਣੇ ਦੁੱਖ ਤੇ ਆਪਣਾ ਰੋਣਾ ਰੋ ਜਾਂਦਾ ਹੈ।


ਧਰਤੀ ਉੱਤੇ ਜਿਹੜਾ ਪਾਣੀ ਵਗਦਾ ਰਹਿੰਦਾ ਆਪਮੁਹਾਰਾ,

ਇੱਕ ਸਮੁੰਦਰ ਕਿੰਨੀਆਂ ਨਦੀਆਂ ਆਪਣੇ ਵਿੱਚ ਸਮੋ ਜਾਂਦਾ ਹੈ।

(ਬਲਜੀਤ ਪਾਲ ਸਿੰਘ)

Saturday, September 7, 2024

ਗ਼ਜ਼ਲ

ਫਿੱਕਾ ਬੋਲ ਕੇ ਅਪਣੀ ਕਦਰ ਘਟਾ ਲੈਂਦਾ ਹੈ।

ਬੰਦਾ ਹਰ ਥਾਂ ਆਪਣਾ ਕੀਤਾ ਪਾ ਲੈਂਦਾ ਹੈ।


ਲੰਮੀਆਂ ਰਾਤਾਂ ਜਾਗੇ ਚਿੱਟੇ ਦਿਨ ਹੈ ਸੌਦਾ,

ਏਸੇ ਚੱਕਰ ਅੰਦਰ ਉਮਰ ਘਟਾ ਲੈਂਦਾ ਹੈ।


ਸੁੱਕੇ ਪੌਦੇ ਕਾਂਟ ਛਾਂਟ ਕੇ ਨਵੇਂ ਲਗਾਉਂਦਾ,

ਮਾਲੀ ਏਦਾਂ ਸੋਹਣਾ ਵਕਤ ਟਪਾ ਲੈਂਦਾ ਹੈ।


ਰੁੱਖ਼ ਦੀ ਟੀਸੀ ਉੱਤੇ ਬੈਠਾ ਪੰਛੀ ਤੱਕੋ,

ਲੈਂਦਾ ਬੜੇ ਹੁਲਾਰੇ ਗੀਤ ਵੀ ਗਾ ਲੈਂਦਾ ਹੈ।


ਸੁੰਨਿਆਂ ਰਾਹਾਂ ਉੱਤੇ ਤੁਰਦਾ ਹਰ ਰਾਹੀ ਵੀ,

ਸਹਿਜੇ ਸਹਿਜੇ ਆਪਣਾ ਪੰਧ ਮੁਕਾ ਲੈਂਦਾ ਹੈ।


ਮਾਇਆ ਦਾ ਮੋਹ ਰੱਖੋਗੇ ਤਾਂ ਨਰਕ ਮਿਲੇਗਾ,

ਢੌਂਗੀ ਬਾਬਾ ਕਹਿ ਕੇ ਲੋਕ ਡਰਾ ਲੈਂਦਾ ਹੈ।


ਖਰਚਾ ਜਿਸਦਾ ਬਹੁਤਾ ਅਤੇ ਕਮਾਈ ਥੋੜ੍ਹੀ,

ਆਖਰ ਆਪਣਾ ਝੁੱਗਾ ਚੌੜ ਕਰਾ ਲੈਂਦਾ ਹੈ।


ਵੋਟਾਂ ਲੈ ਕੇ ਕੁਰਸੀ ਉੱਤੇ ਬੈਠਾ ਲੀਡਰ, 

ਭਾਸ਼ਨ ਦਿੰਦਾ ਥੁੱਕੀਂ ਵੜੇ ਪਕਾ ਲੈਂਦਾ ਹੈ।

(ਬਲਜੀਤ ਪਾਲ ਸਿੰਘ)

Sunday, September 1, 2024

ਗ਼ਜ਼ਲ

ਨਫ਼ਰਤ,ਗੁੱਸਾ,ਪਿਆਰ,ਮੁਹੱਬਤ ਦਿਲ ਅੰਦਰ ਹੈ।
ਦੁਸ਼ਮਣ, ਦੋਸਤ, ਯਾਰ ਸ਼ਨਾਖਤ ਦਿਲ ਅੰਦਰ ਹੈ।

ਸ਼ਰਧਾ ਸੱਚੀ ਹੋਵੇ ਤਾਂ ਕਿਓਂ ਕਰੀਏ ਪੂਜਾ, 
ਜਦ ਕਿ ਸਾਰੀ ਹੀ ਇਬਾਦਤ ਦਿਲ ਅੰਦਰ ਹੈ।

ਕਰਾਂ ਸ਼ੁਕਰੀਆ ਤੇਰਾ ਕਿੱਦਾਂ ਮੇਰੇ ਦੋਸਤ, 
ਕੀਤੀ ਜਿਹੜੀ ਤੂੰ ਇਨਾਇਤ ਦਿਲ ਅੰਦਰ ਹੈ।

ਉਹਨਾਂ ਨੂੰ ਫਿਰ ਕਿਵੇਂ ਦਿਆਂਗਾ ਉੱਤਰ ਹੁਣ ਮੈਂ ,
ਆਉਣੀ ਅੱਗੇ ਜੋ ਕਿਆਮਤ ਦਿਲ ਅੰਦਰ ਹੈ।

ਦੁਸ਼ਮਣ ਉੱਤੇ ਪਹਿਲਾਂ ਹੀ ਇਤਬਾਰ ਨਹੀਂ ਸੀ,
ਕਰ ਗਏ ਸੱਜਣ ਜੋ ਖ਼ਿਆਨਤ ਦਿਲ ਅੰਦਰ ਹੈ।

ਪਤਾ ਨਹੀਂ ਲੱਗਣਾ ਹਾਕਮ ਨੂੰ ਅੱਗੇ ਕੀ ਹੋਣਾ, 
ਦੁਖੀ ਨੇ ਸਾਰੇ ਲੋਕ ਬਗਾਵਤ ਦਿਲ ਅੰਦਰ ਹੈ।
(ਬਲਜੀਤ ਪਾਲ ਸਿੰਘ)

Wednesday, August 28, 2024

ਗ਼ਜ਼ਲ

ਚੰਗੇ-ਮੰਦੇ ਹਰ ਬੰਦੇ ਦੀ ਰਮਜ਼ ਪਛਾਣੀ ਜਾਂਦੀ ਹੈ।

ਟੇਢਾ ਝਾਕਣ ਵਾਲ਼ੇ ਦੀ ਵੀ ਨੀਯਤ ਜਾਣੀ ਜਾਂਦੀ ਹੈ। 


ਫੁੱਲਾਂ ਦਾ ਕੰਮ ਹੁੰਦਾ ਉਹ ਤਾਂ ਟਹਿਕਣਗੇ ਬਾਗ਼ਾਂ ਅੰਦਰ, 

ਭਾਵੇਂ ਮਹਿਕ ਨਜ਼ਰ ਨਾ ਆਵੇ ਤਾਂ ਵੀ ਮਾਣੀ ਜਾਂਦੀ ਹੈ। 


ਜੀਂਦੇ ਜੀਅ ਜਿਨ੍ਹਾਂ ਨੂੰ ਮਿਲਿਆ ਨਾ ਗੁਲਦਸਤਾ ਕੋਈ, 

ਮੋਇਆਂ ਪਿੱਛੋਂ ਉਹਨਾਂ ਦੀ ਖ਼ਾਕ ਵੀ ਛਾਣੀ ਜਾਂਦੀ ਹੈ।


ਤਪਦੇ ਹੋਏ ਮੌਸਮ ਨੂੰ ਫ਼ਿਰ ਓਦੋਂ ਆਪਾਂ ਟੱਕਰਾਂਗੇ 

ਰੁੱਤਾਂ ਨੂੰ ਮਾਣਨ ਦੀ ਮਨਸ਼ਾ ਜਦ ਵੀ ਠਾਣੀ ਜਾਂਦੀ ਹੈ।


ਸਾਰੇ ਆਖਣ ਸਾਉਣ ਮਹੀਨਾ ਆਵੇ ਛਹਿਬਰ ਲੱਗੇ,

ਬਾਰਿਸ਼ ਆਵੇ ਤਾਂ ਫਿਰ ਐਵੇਂ ਛੱਤਰੀ ਤਾਣੀ ਜਾਂਦੀ ਹੈ।

(ਬਲਜੀਤ ਪਾਲ ਸਿੰਘ)

Sunday, August 11, 2024

ਗ਼ਜ਼ਲ

 ਸਾਰੇ ਵਾਅਦੇ ਖੋਖੇ ਨਿਕਲੇ ਨਿਕਲ ਗਈ ਹੈ ਫੂਕ ।

ਇਹ ਸਰਕਾਰ ਹੈ ਬੇਵੱਸ ਹੋਈ ਲੋਕੀਂ ਦਰਸ਼ਕ ਮੂਕ ।


ਪਹਿਲਾਂ ਨਾਲ਼ੋਂ ਵੀ ਬਦਤਰ ਨੇ ਹੁਣ ਏਥੇ ਹਾਲਾਤ ,

ਜਿਹੜੇ ਨੂੰ ਪ੍ਰਧਾਨ ਬਣਾਇਆ ਉਹ ਸੁੱਤਾ ਹੈ ਘੂਕ ।


ਅਣਗੌਲੇ ਲੋਕਾਂ ਦੇ ਏਥੇ ਦੁੱਖ ਕੋਈ ਵੀ ਸੁਣਦਾ ਨਾ,

ਰੌਲੇ ਅੰਦਰ ਦਬ ਕੇ ਰਹਿ ਗਈ ਲਾਚਾਰਾਂ ਦੀ ਹੂਕ ।


ਮਨਚਾਹੀ ਆਵਾਜ਼ ਸੁਣਾਂ ਮੈਂ ਬਸ ਏਨੀ ਕੁ ਹੈ ਤਮੰਨਾ ,

ਬਾਗ਼ਾਂ ਦੇ ਵਿੱਚ ਬਿਰਹੋਂ ਮਾਰੀ ਕੋਇਲ ਦੀ ਜਿਓਂਂ ਕੂਕ ।


ਜਦੋਂ ਜਦੋਂ ਵੀ ਲਿਖਣਾ ਚਾਹਿਆ ਮੈਂ ਅਫਸਾਨਾ ਕੋਈ 

ਲੇਕਿਨ ਮੈਥੋਂ ਲਿਖ ਨਾ ਹੋਈ ਦਿਲਕਸ਼ ਕੋਈ ਟੂਕ ।

(ਬਲਜੀਤ ਪਾਲ ਸਿੰਘ)

Sunday, August 4, 2024

ਗ਼ਜ਼ਲ

ਕਿਤੇ ਆਪਾਂ ਨਹੀਂ ਜਾਣਾ ਅਸੀਂ ਬਸ ਏਸ ਥਾਂ ਜੋਗੇ ।

ਕਿ ਚੁਗਣਾ ਇਸ ਗਰਾਂ ਦਾਣਾ ਅਸੀਂ ਬਸ ਏਸ ਥਾਂ ਜੋਗੇ। 


ਮੜੀਆਂ ਕੋਲ ਏਦਾਂ ਹੀ ਤਾਂ ਘਾਹ ਨੇ ਉੱਗਣਾ ਆਖਿਰ, 

ਇਹ ਖੁਦ ਹੀ ਮੰਨਣਾ ਭਾਣਾ ਅਸੀਂ ਬਸ ਏਸ ਥਾਂ ਜੋਗੇ। 


ਉਹ ਮੇਰੀ ਸ਼ਕਲ ਵੀ ਨਾ ਦੇਖਣੀ ਚਾਹੁੰਦੇ ਮੈਂ ਕੀ ਆਖਾਂ, 

ਇਹ ਮੇਰਾ ਪਾਟਿਆ ਬਾਣਾ ਅਸੀਂ ਬਸ ਏਸ ਥਾਂ ਜੋਗੇ। 


ਇਹਨਾਂ ਖੇਤਾਂ 'ਚੋਂ ਉੱਗਿਆ ਜੋ ਵੀ ਉਸਤੇ ਹੱਕ ਹੈ ਸਾਡਾ, 

ਜੋ ਲਿਖਿਆ ਹੈ ਉਹੀ ਖਾਣਾ ਅਸੀਂ ਬਸ ਏਸ ਥਾਂ ਜੋਗੇ। 


ਵਿਵਸਥਾ ਹੈ ਬੜੀ ਜ਼ਾਲਮ ਅਸੀਂ ਨਹੀਂ ਭੱਜਣਾ ਏਥੋਂ,

ਕਿ ਭਾਵੇਂ ਤੁਰ ਗਿਆ ਲਾਣਾ ਅਸੀਂ ਬਸ ਏਸ ਥਾਂ ਜੋਗੇ। 

(ਬਲਜੀਤ ਪਾਲ ਸਿੰਘ)

 

ਗ਼ਜ਼ਲ

ਥੋੜ੍ਹਾ ਜੇਹਾ ਅੰਤਰ ਸਾਰੇ ਇੱਕੋ ਵਰਗੇ ਨੇ।

ਲੋਕੀਂ ਬਹੁਤੇ ਗ਼ਰਜ਼ਾਂ ਮਾਰੇ ਇੱਕੋ ਵਰਗੇ ਨੇ।


ਚੋਣਾਂ ਵੇਲੇ ਗਿਰਗਿਟ ਵਾਂਗੂ ਰੰਗ ਬਦਲਦੇ ਜੋ,

ਅਸਲ ਸਿਆਸੀ ਲੀਡਰ ਸਾਰੇ ਇੱਕੋ ਵਰਗੇ ਨੇ। 


ਆਪਸ ਦੇ ਵਿੱਚ ਇੱਕਮਿਕ ਹੋਏ ਗੁੰਡੇ ਤੇ ਨੇਤਾ,

ਉਹਨਾਂ ਦੇ ਸਭ ਕਾਲੇ ਕਾਰੇ ਇੱਕੋ ਵਰਗੇ ਨੇ।


ਗ਼ੁਰਬਤ ਦਾ ਰੰਗ ਸਭਨੀਂ ਥਾਈਂ ਇੱਕੋ ਵਰਗਾ ਹੈ,

ਬਸਤੀ ਅੰਦਰ ਕੁੱਲੀਆਂ ਢਾਰੇ ਇੱਕੋ ਵਰਗੇ ਨੇ।


ਗੀਟੇ ਪਰਬਤ ਪੱਥਰ ਅਤੇ ਚਟਾਨਾਂ ਨੇ ਇੱਕੋ, 

ਦੁਨੀਆ ਉੱਤੇ ਸਾਗਰ ਖਾਰੇ ਇੱਕੋ ਵਰਗੇ ਨੇ।


ਅੰਬਰ ਦੀ ਹਿੱਕ ਉੱਤੇ ਕਿੰਨੀਂ ਰੌਣਕ ਲਾਉਂਦੇ ਜੋ,

ਰਾਤਾਂ ਨੂੰ ਚਮਕਣ ਉਹ ਤਾਰੇ ਇੱਕੋ ਵਰਗੇ ਨੇ ।


ਜਿਹਨਾਂ ਹਿੱਸੇ ਆਈਆਂ ਨਾ ਚਾਨਣ ਰਿਸ਼ਮਾਂ,

ਭਟਕਣ ਵਿੱਚ ਲਾਚਾਰ ਵਿਚਾਰੇ ਇੱਕੋ ਵਰਗੇ ਨੇ।

(ਬਲਜੀਤ ਪਾਲ ਸਿੰਘ)

Wednesday, July 31, 2024

ਗ਼ਜ਼ਲ

ਮੇਹਨਤ ਅਜਾਈਂ ਸਾਰੇ ਦੀ ਸਾਰੀ ਗਈ।

ਨੱਕੋ ਬੰਨ੍ਹਦਿਆਂ ਪਾਣੀ ਦੀ ਵਾਰੀ ਗਈ।


ਬੀਤੀ ਤਮਾਮ ਜ਼ਿੰਦਗੀ ਇਹ ਰੀਂਗਦੇ ਹੋਏ,

ਬਾਲਪਨ ਦੇ ਨਾਲ ਹੀ ਕਿਲਕਾਰੀ ਗਈ।


ਹਾਸਿਆਂ ਨੇ ਇਸ ਤਰ੍ਹਾਂ ਰੁਖ਼ਸਤੀ ਲਈ ਕਿ 

ਪੰਡ ਫਰਜ਼ਾਂ ਦੀ ਇਹ ਹੁੰਦੀ ਭਾਰੀ ਗਈ।


ਸਾਗ਼ਰ ਦਾ ਕਿਨਾਰਾ ਵੀ ਗਵਾਚਿਆ ਹੈ  , 

ਝੀਲ ਉਸਦੇ ਨਾਲ ਹੀ ਉਹ ਖਾਰੀ ਗਈ।


ਮੇਰਾ ਦਿਲ ਕਹਿੰਦਾ ਬੁਰਾ ਬੰਦਾ ਬਣਾ ਮੈਂ,

ਚੰਗਾ ਚੰਗਾ ਬਣਦਿਆਂ ਦਿਲਦਾਰੀ ਗਈ।


ਜੀਵਨ ਦੇ ਬਹੁਤੇ ਸ਼ਬਦਾਂ ਦੇ ਅਰਥ ਬਦਲੇ ,

ਬਾਪੂ ਗਿਆ ਤਾਂ ਨਾਲ ਬਰ-ਖੁਰਦਾਰੀ ਗਈ।

(ਬਲਜੀਤ ਪਾਲ ਸਿੰਘ)


Thursday, July 25, 2024

ਗ਼ਜ਼ਲ

ਬੋਲਾਂਗਾ ਤਾਂ ਮੂੰਹ-ਫੱਟ ਕਹਿ ਕੇ ਭੰਡਣਗੇ ਲੋਕੀਂ । 

ਨਾ ਬੋਲਾਂ ਫਿਰ ਚੋਟਾਂ ਲਾ ਲਾ ਚੰਡਣਗੇ ਲੋਕੀਂ ।


ਸੱਜਣ ਯਾਰ ਬਥੇਰੇ ਮਿਲ ਜਾਂਦੇ ਨੇ ਸੁਖ ਵੇਲੇ,

ਸੋਚੀਂ ਨਾ ਕਿ ਤੇਰੇ ਦੁੱਖ ਵੀ ਵੰਡਣਗੇ ਲੋਕੀਂ।


ਸਾਡੇ ਬਾਬੇ ਸੀਨੇ ਲਾਇਆ ਭਾਈ ਲਾਲੋ ਨੂੰ,

ਕਿਰਤ ਦੇ ਰਸਤੇ ਉੱਤੇ ਨਾ ਇਹ ਹੰਡਣਗੇ ਲੋਕੀਂ।


ਕੀਤੇ ਹੋਏ ਤੁਹਾਡੇ ਸੌ ਚੰਗੇ ਕਰਮਾਂ ਨੂੰ ਵੀ ਭੁੱਲਕੇ ,

ਇੱਕ ਬੁਰਾਈ ਛੱਜ ਵਿੱਚ ਪਾ ਕੇ ਛੰਡਣਗੇ ਲੋਕੀਂ।


ਏਸ ਨਗਰ ਬਾਸ਼ਿੰਦੇ ਬਹੁਤ ਕਰੋਧੀ ਰਹਿੰਦੇ ਨੇ,

ਏਥੋਂ ਤੁਰ ਜਾ ਦੂਰ ਨਹੀਂ ਤਾਂ ਦੰਡਣਗੇ ਲੋਕੀਂ।

(ਬਲਜੀਤ ਪਾਲ ਸਿੰਘ)

Sunday, July 14, 2024

ਗ਼ਜ਼ਲ

ਹੌਲੀ ਹੌਲੀ ਸਾਰਾ ਢਾਂਚਾ ਢਹਿ ਚੱਲਿਆ ਹੈ।

ਲੋਕਾਂ ਦੇ ਤੰਤਰ ਦਾ ਭੱਠਾ ਬਹਿ ਚੱਲਿਆ ਹੈ।


ਆਜ਼ਾਦੀ ਗਣਤੰਤਰ ਦਿਵਸ ਮਨਾਈ ਜਾਓ,

ਭੁੱਖੇ ਢਿੱਡਾਂ ਦਾ ਇਹ ਚਾਅ ਵੀ ਲਹਿ ਚੱਲਿਆ ਹੈ।


ਸੱਤਾ ਮੁੜ ਮੁੜ ਲੋਕਾਂ ਨੂੰ ਇੱਕ ਬੁਰਕੀ ਸੁੱਟੇ,

ਮੁਫ਼ਤਾਂ ਦੇ ਲਾਰੇ ਵਿੱਚ ਬੰਦਾ ਵਹਿ ਚੱਲਿਆ ਹੈ।


ਮੇਰਾ ਹੈ ਸਿੰਘਾਸਨ ਪੱਕਾ ਹਾਕਮ ਸੋਚੇ,

ਏਸੇ ਭਰਮ ਭੁਲੇਖੇ ਅੰਦਰ ਰਹਿ ਚੱਲਿਆ ਹੈ।


ਦੂਰੋਂ ਜਾ ਕੇ ਫੇਰ ਹੀ ਏਥੇ ਮੁੜ ਪਹੁੰਚੇ ਹਾਂ,

ਕੰਡਿਆਂ ਨਾਲ ਦੁਬਾਰਾ ਦਾਮਨ ਖਹਿ ਚੱਲਿਆ ਹੈ।


ਸੱਤਾ ਬਦਲਣ ਵਾਲੇ ਲੋਕ ਨਸ਼ੇੜੀ ਹੋਏ,

ਸਾਰੀ ਹੀ ਬਲਜੀਤ ਸੱਚਾਈ ਕਹਿ ਚੱਲਿਆ ਹੈ।


(ਬਲਜੀਤ ਪਾਲ ਸਿੰਘ)


ਗ਼ਜ਼ਲ

ਜਿਸ ਦਾ ਡਰ ਸੀ ਓਹੀ ਆਖ਼ਰ ਹੋਇਆ ਹੈ।

ਰੁੱਖਾਂ ਦੀ ਥਾਂ ਲੋਹਾ ਉੱਗ ਖਲੋਇਆ ਹੈ।


ਬੈਠਣ ਚਿੜੀਆਂ ਕਿੱਥੇ ਤੇ ਕਿਵੇਂ ਚਹਿਕਣ,

ਹਰ ਪੰਛੀ ਨੇ ਆਪਣਾ ਰੋਣਾ ਰੋਇਆ ਹੈ।


ਜੀਵਨ ਦੇ ਅੰਤਿਮ ਪੜਾਅ 'ਤੇ ਕੀ ਹੋਇਆ, 

ਓਹੀ ਉੱਗਣਾ ਸੀ ਜੋ ਦਾਣਾ ਬੋਇਆ ਹੈ।


ਦੁਬਿਧਾ ਅੰਦਰ ਬੰਦਾ ਜਾਵੇ ਕਿੱਧਰ ਨੂੰ, 

ਖਾਈ ਹੈ ਪਿੱਛੇ ਤਾਂ ਅੱਗੇ ਟੋਇਆ ਹੈ।


ਹੋਣੀ ਸਿਧਰੇ ਪੱਧਰੇ ਲੋਕਾਂ ਦੀ ਵੇਖੋ ਤਾਂ,

ਸੱਧਰਾਂ ਮੋਈਆਂ ਹਰ ਚਾਅ ਮੋਇਆ ਹੈ।

(ਬਲਜੀਤ ਪਾਲ ਸਿੰਘ)


Saturday, July 13, 2024

ਗ਼ਜ਼ਲ

ਦੱਸਿਓ ਕਿ ਇਹ ਮੁਹੱਬਤ ਕੀ ਬਲਾ ਹੈ।

ਵਾਪਰੇ ਜੋ ਕੁਦਰਤੀ ਇਹ ਉਹ ਕਲਾ ਹੈ।


ਮੁੱਦਤਾਂ ਤੋਂ ਨਾ ਰਵਾਇਤਾਂ ਛੱਡਦੀਆਂ ਦਾਮਨ,

ਇਹਨਾਂ ਕਰਕੇ ਰਿਸ਼ਤਿਆਂ ਵਿੱਚ ਫਾਸਲਾ ਹੈ।


ਇਹ ਜ਼ਮਾਨਾ ਮਿੱਤ ਨਾ ਏਥੇ ਕਿਸੇ ਦਾ,

ਕੀ ਪਤਾ ਕਿਸਦਾ ਬੁਰਾ ਕਿਸਦਾ ਭਲਾ ਹੈ।


ਦਿਲ ਧੜਕਦਾ ਹੈ ਵਸਲ ਹਾਸਿਲ ਕਰਾਂ ਮੈਂ,

ਹਰ ਜਿਉਂਦੇ ਜਿਸਮ ਦਾ ਇਹ ਵਲਵਲਾ ਹੈ।


ਫੁੱਲ ਮੁਰਝਾਏ ਤੇ ਮਹਿਕਾਂ ਵਿਸਰੀਆਂ ਨੇ,

ਏਹੋ ਪੱਤਝੜ ਤੇ ਫਿਜ਼ਾ ਦਾ ਸਿਲਸਿਲਾ ਹੈ।

(ਬਲਜੀਤ ਪਾਲ ਸਿੰਘ)

Tuesday, June 25, 2024

ਗ਼ਜ਼ਲ

ਗ਼ਜ਼ਲ ਮੈਂ ਜੋ ਲਿਖੀ ਹੈ.. ਓਸਦਾ ਵਿਸਥਾਰ ਦਸਦਾ ਹਾਂ। 

ਮੈਂ ਦਿਲ ਉੱਤੇ ਮਣਾਂ ਮੂੰਹੀਂ ਪਿਆ ਇੱਕ ਭਾਰ ਦਸਦਾ ਹਾਂ। 


ਲਕੀਰਾਂ ਵਾਹ ਕੇ ਬੱਚੇ ਖੱਡਾ ਖੱਡੀ ਖੇਡਦੇ ਭਾਵੇਂ, 

ਕਿ ਕੰਧਾਂ ਜਿਹੜੀਆਂ ਨੇ ਰਿਸ਼ਤਿਆਂ ਵਿਚਕਾਰ ਦਸਦਾ ਹਾਂ। 


ਖਤਾਨਾਂ ਵਿੱਚ ਉੱਗੇ ਰੁੱਖ ਦੀ ਮੈਂ ਦਾਸਤਾਂ ਕਹਿਣੀ,

ਵਤੀਰਾ ਚੁਲ੍ਹਿਆਂ ਦੀ ਅੱਗ ਦਾ ਸਰਕਾਰ ਦਸਦਾ ਹਾਂ। 


ਘੜਾ ਤੇਰਾ ਇਹ ਪਾਪਾਂ ਦਾ ਹੈ ਏਨਾ ਭਰ ਗਿਆ ਹਾਕਮ,

ਕਿ ਮੈਨੂੰ ਡਰ ਨਹੀਂ ਤੇਰਾ ਸ਼ਰੇ ਬਾਜ਼ਾਰ ਦਸਦਾ ਹਾਂ। 


ਘਰਾਂ ਵਿੱਚ ਪਲਦੀਆਂ ਪਈਆਂ ਨੇ ਭਾਵੇਂ ਕਿਰਲੀਆਂ ਏਥੇ,

ਕਿ ਮੈਂ ਪਰਵਾਸ ਕਾਰਨ ਉਜੜੇ ਪਰਿਵਾਰ ਦਸਦਾ ਹਾਂ।


ਬੜਾ ਬੇ-ਆਬਰੂ ਹੋਇਆ ਹਾਂ ਗਲੀਆਂ ਤੇਰੀਆਂ ਅੰਦਰ, 

ਮੈਂ ਤਾਂ ਫਿਰ ਵੀ ਤੇਰਾ ਅਦਬ ਤੇ ਸਤਿਕਾਰ ਦਸਦਾ ਹਾਂ। 


ਹਜ਼ਾਰਾਂ ਵਾਰ ਭਾਵੇਂ ਬੇਵਕਤ ਡਰ ਮੌਤ ਦਾ ਆਵੇ,

ਹਰਿਕ ਵਾਰੀ ਤੇਰੀ ਹਸਤੀ ਤੇ ਮੈਂ ਅਧਿਕਾਰ ਦਸਦਾ ਹਾਂ।


ਕਟਾਰਾਂ ਤਿੱਖੀਆਂ ਕਰਕੇ ਜੋ ਬੈਠੇ ਮਕਤਲਾਂ ਅੰਦਰ,

ਸਿਰਾਂ ਦੇ ਕਤਲ ਤੋਂ ਪਹਿਲਾਂ ਹੋਈ ਤਕਰਾਰ ਦਸਦਾ ਹਾਂ।


ਬਿਮਾਰੀ ਨਾਲ ਮਰਨਾ ਇਹ ਕਦੇ ਨਹੀਂ ਸੋਚਿਆ ਹੋਣਾ, 

ਅਸੀਂ ਲੜਨਾ ਹੈ ਹੱਕਾਂ ਲਈ ਸੁਣੋ ਲਲਕਾਰ ਦਸਦਾ ਹਾਂ।

(ਬਲਜੀਤ ਪਾਲ ਸਿੰਘ)

ਗ਼ਜ਼ਲ


ਅੱਜ-ਕੱਲ੍ਹ ਨਾ ਫੁੱਲਾਂ ਉੱਤੇ ਬਹਿੰਦੀਆਂ ਨੇ ਤਿਤਲੀਆਂ। 

ਭਾਵੇਂ ਸੋਚਾਂ ਵਿੱਚ ਹਰ ਦਮ ਰਹਿੰਦੀਆਂ ਨੇ ਤਿਤਲੀਆਂ। 


ਏਥੇ ਸੋਕਾ ਪੈ ਗਿਆ ਹੈ ਸਭ ਪਰਿੰਦੇ ਉਡ ਗਏ ਹੁਣ, 

ਤਾਂ ਹੀ ਸੋਗੀ ਗੀਤ ਏਥੇ ਕਹਿੰਦੀਆਂ ਨੇ ਤਿਤਲੀਆਂ।


ਸਾਰਿਆਂ ਨੂੰ ਸਬਕ ਇਸ ਤਰ੍ਹਾਂ ਦਾ ਮੌਸਮ ਦੇ ਗਿਆ,

ਗਰਮੀਆਂ ਤੇ ਸਰਦੀਆਂ ਵੀ ਸਹਿੰਦੀਆਂ ਨੇ ਤਿਤਲੀਆਂ।


ਖੌਰੇ ਸਾਡੇ ਸ਼ਹਿਰ ਅੰਦਰ ਸ਼ੋਰ ਬਹੁਤਾ ਹੋ ਰਿਹਾ ਹੈ,

ਏਸੇ ਲਈ ਅਸਮਾਨ ਤੋਂ ਨਾ ਲਹਿੰਦੀਆਂ ਨੇ ਤਿਤਲੀਆਂ।


ਕੀ ਕੀ ਜ਼ਹਿਰਾਂ ਤੇ ਰਸਾਇਣਾਂ ਛਿੜਕੀਆਂ ਇਨਸਾਨ ਨੇ, 

ਸਾਡੇ ਸਾਹਵੇਂ ਡਿਗਦੀਆਂ ਤੇ ਢਹਿੰਦੀਆਂ ਨੇ ਤਿਤਲੀਆਂ।

(ਬਲਜੀਤ ਪਾਲ ਸਿੰਘ)




Sunday, June 9, 2024

ਗ਼ਜ਼ਲ

ਹਸਤੀ ਅਜੀਬ ਮੇਰੀ ਵੱਖਰਾ ਹਿਸਾਬ ਮੇਰਾ।
ਰਸਤਾ ਨਹੀਂ ਹੈ ਬਹੁਤਾ ਸੌਖਾ ਜਨਾਬ ਮੇਰਾ।
 
ਜਚਦਾ ਨਹੀਂ ਹੈ ਮੇਰਾ ਇਹ ਸੁੰਨ ਮੌਣ ਮੈਨੂੰ, 
ਚਿੱਠਾ ਇਹ ਖੋਲ੍ਹ ਦਿੰਦੀ ਖੁੱਲੀ ਕਿਤਾਬ ਮੇਰਾ।

ਬਣ ਕੇ ਬੇਕਿਰਕ ਹਾਕਮ ਮੈਨੂੰ ਡਰਾ ਨਾ ਐਵੇਂ, 
ਹੁਣ ਮੈਂ ਕਰਾਂਗਾ ਵਾਪਸ ਤੈਨੂੰ ਖਿਤਾਬ ਮੇਰਾ ।

ਸਤਲੁਜ ਬਿਆਸ ਰਾਵੀ ਆਏ ਨੇ ਮੇਰੇ ਹਿੱਸੇ,
ਮੈਂ ਲੋਚਦਾ ਹਾਂ ਹੁੰਦਾ ਜਿਹਲਮ ਚਨਾਬ ਮੇਰਾ।

ਚੜ੍ਹਦਾ ਤੇ ਲਹਿੰਦਾ ਐਵੇਂ ਆਖੋ ਕਦੇ ਨਾ ਮੈਨੂੰ ,
ਉਹ ਵੀ ਪੰਜਾਬ ਮੇਰਾ ਇਹ ਵੀ ਪੰਜਾਬ ਮੇਰਾ।

ਪਹਿਲਾਂ ਜੋ ਬਾਰਿਸ਼ਾਂ ਨੇ ਕੀਤੀ ਸੀ ਬੇਵਫ਼ਾਈ,
ਕਣੀਆਂ ਦੇ ਨਾਲ ਭਰਿਆ ਲੇਕਿਨ ਤਲਾਬ ਮੇਰਾ।
 
ਸਰਕਾਰ ਆਖਦੀ ਹੈ ਉਸਤਤਿ ਲਿਖਾਂ ਮੈਂ ਉਸਦੀ,
ਮਰਜ਼ੀ ਦਾ ਪਰ ਮੈਂ ਲਿਖਣਾ  ਕੋਰਾ ਜਵਾਬ ਮੇਰਾ। 
(ਬਲਜੀਤ ਪਾਲ ਸਿੰਘ)

Saturday, June 1, 2024

ਗ਼ਜ਼ਲ

ਸਹਿਮੀ ਹੋਈ ਸਿਸਕਦੀ ਆਵਾਜ਼ ਸੁਣ ਰਿਹਾ ਹਾਂ। 

ਫੜਫੜਾਉਂਦੇ ਖੰਭਾਂ ਦੀ ਪਰਵਾਜ਼ ਸੁਣ ਰਿਹਾ ਹਾਂ।

 

ਸੰਦਲੀ ਪੌਣਾਂ ਵੀ ਏਥੋਂ ਗੁਜ਼ਰ ਕੇ ਗਈਆਂ ਕਿਤੇ,

ਸ਼ੋਰ ਵਰਗਾ ਬੇਸੁਰਾ ਇੱਕ ਸਾਜ਼ ਸੁਣ ਰਿਹਾ ਹਾਂ।


ਦੋਸਤੀ ਨੂੰ ਮਾਣੀਏ, ਨਾ ਕਿ ਦੋਸਤੀ ਨੂੰ ਪਰਖੀਏ, 

ਮਸ਼ਵਰੇ ਜੋ ਦੇ ਰਿਹੈਂ ਹਮਰਾਜ਼ ਸੁਣ ਰਿਹਾ ਹਾਂ।


ਟੂਣੇਹਾਰੇ ਸ਼ਬਦਾਂ ਦੀ ਟੁਣਕਾਰ ਵੀ ਸੁਣਦੀ ਨਹੀਂ, 

ਗੀਤ ਸੋਗੀ ਹੀ ਤੇਰੇ ਦਿਲਰਾਜ਼ ਸੁਣ ਰਿਹਾ ਹਾਂ। 


ਏਸੇ ਹੀ ਉਮੀਦ ਅੰਦਰ ਜੀ ਰਿਹਾਂ ਇਹਨੀਂ ਦਿਨੀਂ,

ਸ਼ਾਇਦ ਬਣੇ ਸੰਗੀਤ ਇੱਕ ਰਿਆਜ਼ ਸੁਣ ਰਿਹਾ ਹਾਂ। 

(ਬਲਜੀਤ ਪਾਲ ਸਿੰਘ)

Saturday, May 25, 2024

ਗ਼ਜ਼ਲ

ਹਵਾਵਾਂ ਤੱਤੀਆਂ ਆਈਆਂ ਕਿ ਪੁੱਛੋ ਨਾ।

ਜ਼ਮਾਨੇ ਤੋਹਮਤਾਂ ਲਾਈਆਂ ਕਿ ਪੁੱਛੋ ਨਾ।


ਫੁਹਾਰਾਂ ਪੈਂਦੀਆਂ ਫਿਰ ਵੀ ਇਹ ਰੂਹ ਕੂਕੇ,

ਘਟਾਵਾਂ ਸਾਉਣ ਵਿੱਚ ਛਾਈਆਂ ਕਿ ਪੁੱਛੋ ਨਾ। 


ਕਦੋਂ ਆਏਗਾ ਮਾਹੀ ਰੰਗਲਾ ਕੋਈ ਪਤਾ ਨ੍ਹੀਂ, 

ਮੈਂ ਬੜੀਆਂ ਔਂਸੀਆਂ ਪਾਈਆਂ ਕਿ ਪੁੱਛੋ ਨਾ। 


ਨਹੀਂ ਸਾਵਾਂ ਰਿਹਾ ਪੈਂਡਾ ਇਹ ਜੀਵਨ ਦਾ,

ਡਗਰ ਵਿੱਚ ਡੂੰਘੀਆਂ ਖਾਈਆਂ ਕਿ ਪੁੱਛੋ ਨਾ।


ਜਦੋਂ ਪੈਂਦੀ ਹੈ ਬਿਪਤਾ ਯਾਦ ਆਉਂਦੇ ਨੇ ਬੜੇ,

ਜ਼ਰੂਰਤ ਆਪਣਿਆਂ ਭਾਈਆਂ ਕਿ ਪੁੱਛੋ ਨਾ।

(ਬਲਜੀਤ ਪਾਲ ਸਿੰਘ)

Saturday, May 4, 2024

ਗ਼ਜ਼ਲ

ਕਿੱਧਰ ਗਈਆਂ ਵੰਗਾਂ ਤੇ ਉਹ ਵਣਜਾਰੇ ਕਿੱਧਰ ਗਏ ?

ਅੱਧ ਅਧੂਰੇ ਰੀਝਾਂ ਸੱਧਰਾਂ ਚਾਅ ਕੁਆਰੇ ਕਿੱਧਰ ਗਏ ?


ਬਲਦ ਨਾਗੌਰੀ ਟੱਲੀਆਂ ਘੁੰਗਰੂ ਤੇ ਕਿੱਥੇ ਨੇ ਹਾਲੀ,  

ਟਿੰਡਾਂ ਕਿੱਧਰ ਗਈਆਂ ਖੂਹ ਕਿਆਰੇ ਕਿੱਧਰ ਗਏ ?


ਵੇਖੀ ਜਾਇਓ ਅੱਗੇ ਅੱਗੇ ਕੀ ਕੁਝ ਹੁੰਦਾ ਕਿੱਦਾਂ ਹੁੰਦਾ, 

ਕੱਚੇ ਕੋਠੇ ਕੱਚੀਆਂ ਗਲੀਆਂ ਗਲਿਆਰੇ ਕਿੱਧਰ ਗਏ ?


ਲਾਲ ਪਰਾਂਦੇ ਕੰਘੀ ਸ਼ੀਸ਼ਾ ਤੇ ਸੁਰਖੀ ਵਾਲੀ ਸ਼ੀਸ਼ੀ,

ਹਾਰ ਸ਼ਿੰਗਾਰ ਤੇ ਨਖ਼ਰੇ ਮਟਕ ਹੁਲਾਰੇ ਕਿੱਧਰ ਗਏ ?


ਸਾਰੇ ਚਾਹੁੰਦੇ ਉੱਚਾ ਬੰਗਲਾ ਅਤੇ ਅਟਾਰੀ ਹੋਵੇ ਉੱਚੀ, 

ਕੱਖਾਂ ਕਾਨੇ ਨਾਲ ਬਣੇ ਜੋ ਕੁੱਲੀਆਂ ਢਾਰੇ ਕਿੱਧਰ ਗਏ ?


ਗ਼ਰਜ਼ਾਂ ਮਾਰੇ ਲੋਕ ਮਤਲਬੀ ਚਾਰ ਚੁਫੇਰੇ ਫਿਰਦੇ ਵੇਖੋ, 

ਮੋਹ ਖੋਰੇ ਮਮਤਾ ਪਰਨਾਏ ਲੋਕ ਪਿਆਰੇ ਕਿੱਧਰ ਗਏ ?


ਗੂੜ੍ਹੀ ਨੀਂਦੇ ਬਲਬ ਜਗਾ ਕੇ ਜ਼ੀਰੋ ਦਾ ਅੰਦਰ ਸੌਂਦੇ ਹਾਂ,

ਖਿੱਤੀਆਂ ਤੰਗੜ ਕੌਣ ਦੇਖਦਾ ਚੰਦ ਸਿਤਾਰੇ ਕਿੱਧਰ ਗਏ ?


ਅੰਤਹੀਣ ਸਾਲਾਂ ਤੋਂ ਹੋਈ ਅੰਦਰ ਤੀਕਰ ਪਿਆਸ ਬਥੇਰੀ, 

ਮੇਰੀ ਵਾਰੀ ਝੀਲਾਂ ਨਦੀਆਂ ਸਾਗ਼ਰ ਸਾਰੇ ਕਿੱਧਰ ਗਏ ?

(ਬਲਜੀਤ ਪਾਲ ਸਿੰਘ)



ਗ਼ਜ਼ਲ

ਕਾਲੇ ਸ਼ੀਸ਼ੇ ਗੂੜ੍ਹੇ ਪਰਦੇ ਨਿਰਾ ਭੁਲੇਖਾ ਹੈ, 

ਲੋਕੀਂ ਜਾਪਣ ਬਣਦੇ ਸਰਦੇ ਨਿਰਾ ਭੁਲੇਖਾ ਹੈ।

 

ਚੜ੍ਹ ਕੇ ਆਈ ਘਟਾ ਕਲੂਟੀ ਭਾਵੇਂ ਹੈ ਕੋਈ ,

ਬੱਦਲ ਨਹੀਂ ਛੜਾਕਾ ਕਰਦੇ ਨਿਰਾ ਭੁਲੇਖਾ ਹੈ।


ਸਰਕਾਰਾਂ ਹੀ ਕਰਜ਼ ਲੈਂਦੀਆਂ ਸਾਰੇ ਹੀ ਜਾਣਨ,

ਪਰ ਲੋਕੀਂ ਹਰਜਾਨੇ ਭਰਦੇ ਨਿਰਾ ਭੁਲੇਖਾ ਹੈ।


ਸਭਨਾਂ ਵਿੱਚੋਂ ਮਨਫੀ ਹੋਇਆ ਸੁਹਜ ਦਾ ਮਾਦਾ,

ਗੱਲ ਕੋਈ ਨਾ ਭੋਰਾ ਜਰਦੇ ਨਿਰਾ ਭੁਲੇਖਾ ਹੈ।


ਲੀਡਰ ਦਾ ਪੁੱਤ ਕਦੇ ਨਾ ਹੋਵੇ ਫੌਜ 'ਚ ਭਰਤੀ,

ਸਰਹੱਦਾਂ ਤੇ ਕਦੇ ਨਾ ਮਰਦੇ ਨਿਰਾ ਭੁਲੇਖਾ ਹੈ।

(ਬਲਜੀਤ ਪਾਲ ਸਿੰਘ)

Saturday, April 20, 2024

ਗ਼ਜ਼ਲ

ਚੀਂ ਚੀਂ ਕਰਕੇ ਚਿੜੀਆਂ ਵਕਤ ਟਪਾ ਲੈਣਾ ਹੈ।

ਤੁਰਦੇ ਤੁਰਦੇ ਰਾਹੀਂਆਂ ਪੰਧ ਮੁਕਾ ਲੈਣਾ ਹੈ।

 

ਪੱਕੀਆਂ ਫ਼ਸਲਾਂ ਦਾਣੇ ਕਿੰਨੇ ਲੋਕਾਂ ਖਾਣੇ,

ਘੌਲੀ ਬੰਦਿਆਂ ਝੁੱਗਾ ਚੌੜ ਕਰਾ ਲੈਣਾ ਹੈ।


ਗਰਮੀ ਸਰਦੀ ਵਾਲੇ ਮੌਸਮ ਆਉਂਦੇ ਰਹਿਣੇ,

ਕੁਦਰਤ ਨੇ ਆਪਣਾ ਲੋਹਾ ਮੰਨਵਾ ਲੈਣਾ ਹੈ। 


ਜਿੰਨ੍ਹਾਂ 'ਨੇਰ੍ਹੇ ਨਾਲ ਹਮੇਸ਼ਾ ਟੱਕਰ ਲੈਣੀ,

ਸ਼ਾਮ ਢਲੇ ਤੋਂ ਉਹਨਾਂ ਦੀਪ ਜਲਾ ਲੈਣਾ ਹੈ।


ਆਪਣੇ ਘਰ ਨੂੰ ਏਸ ਤਰ੍ਹਾਂ ਤਰਤੀਬ ਦਿਆਂਗੇ, 

ਹਰ ਵਸਤੂ ਨੂੰ ਆਪਣੀ ਜਗ੍ਹਾ ਟਿਕਾ ਲੈਣਾ ਹੈ।


ਸਾਡੇ ਇਮਤਿਹਾਨ ਦਾ ਵੇਲਾ ਜਦ ਵੀ ਆਇਆ,

ਸੋਚਾਂ ਵਾਲਾ ਘੋੜਾ ਤੇਜ਼ ਭਜਾ ਲੈਣਾ ਹੈ।


ਲਾਗੂ ਹੋਇਆ ਜੰਗਲ ਦਾ ਕਾਨੂੰਨ ਸ਼ਹਿਰ ਤੇ,

ਤਾਕਤਵਰ ਨੇ ਮਾੜੇ ਤਾਈਂ ਡਰਾ ਲੈਣਾ ਹੈ।


ਗੱਲੀਂ ਬਾਤੀਂ ਜਿਹੜਾ ਸ਼ਾਤਰ ਹੋ ਨਿਬੜਿਆ, 

ਦੁਨੀਆ ਨੇ ਉਸਨੂੰ ਹੀ ਪੀਰ ਬਣਾ ਲੈਣਾ ਹੈ।


ਜੇਕਰ ਸਾਹਿਤਕਾਰਾਂ ਨੇ ਸੱਚ ਨਾ ਲਿਖਿਆ ਤਾਂ,

ਹੁਕਮਰਾਨ ਤੋਂ ਗਲ਼ ਵਿੱਚ ਪਟਾ ਪਵਾ ਲੈਣਾ ਹੈ।


ਵਤਨ ਦੇ ਰਹਿਬਰ ਕੁਫ਼ਰ ਤੋਲਦੇ ਥੱਕਦੇ ਨਹੀਂ 

ਆਖਿਰ ਉਹਨਾਂ ਆਪਣਾ ਤਵਾ ਲਵਾ ਲੈਣਾ ਹੈ।


ਢੱਠੇ ਖੂਹ ਵਿੱਚ ਜਾਣ ਅਜਿਹੇ ਮਿੱਤਰ ਬੇਲੀ, 

ਔਖੇ ਵੇਲੇ ਜਿੰਨ੍ਹਾਂ ਰੰਗ ਵਟਾ ਲੈਣਾ ਹੈ।

(ਬਲਜੀਤ ਪਾਲ ਸਿੰਘ)