ਜਿਸ ਦਾ ਡਰ ਸੀ ਓਹੀ ਆਖ਼ਰ ਹੋਇਆ ਹੈ।
ਰੁੱਖਾਂ ਦੀ ਥਾਂ ਲੋਹਾ ਉੱਗ ਖਲੋਇਆ ਹੈ।
ਬੈਠਣ ਚਿੜੀਆਂ ਕਿੱਥੇ ਤੇ ਕਿਵੇਂ ਚਹਿਕਣ,
ਹਰ ਪੰਛੀ ਨੇ ਆਪਣਾ ਰੋਣਾ ਰੋਇਆ ਹੈ।
ਜੀਵਨ ਦੇ ਅੰਤਿਮ ਪੜਾਅ 'ਤੇ ਕੀ ਹੋਇਆ,
ਓਹੀ ਉੱਗਣਾ ਸੀ ਜੋ ਦਾਣਾ ਬੋਇਆ ਹੈ।
ਦੁਬਿਧਾ ਅੰਦਰ ਬੰਦਾ ਜਾਵੇ ਕਿੱਧਰ ਨੂੰ,
ਖਾਈ ਹੈ ਪਿੱਛੇ ਤਾਂ ਅੱਗੇ ਟੋਇਆ ਹੈ।
ਹੋਣੀ ਸਿਧਰੇ ਪੱਧਰੇ ਲੋਕਾਂ ਦੀ ਵੇਖੋ ਤਾਂ,
ਸੱਧਰਾਂ ਮੋਈਆਂ ਹਰ ਚਾਅ ਮੋਇਆ ਹੈ।
(ਬਲਜੀਤ ਪਾਲ ਸਿੰਘ)
No comments:
Post a Comment