Monday, May 25, 2020

ਗ਼ਜ਼ਲ


ਵੱਡੇ ਬੰਦੇ ਘਟੀਆ ਕਾਰੇ ਪੁੱਛਣਗੇ
ਸਾਡੇ ਬੱਚੇ ਸਾਡੇ ਬਾਰੇ ਪੁੱਛਣਗੇ

ਦਰਿਆ ਹੋਏ ਪਲੀਤ ਤੁਸਾਂ ਨੇ ਕੀ ਕੀਤਾ 
ਪਾਣੀ ਗੰਧਲੇ ਹੋਏ ਸਾਰੇ ਪੁੱਛਣਗੇ

ਧਰਤੀ ਕਾਹਤੋਂ ਜ਼ਹਿਰੀ ਕੀਤੀ ਖਾਦਾਂ ਨਾਲ
ਏਥੇ ਵੱਸਦੇ ਪੁੱਤ ਪਿਆਰੇ ਪੁੱਛਣਗੇ

ਦਰਜਾ  ਪੌਣ ਪਵਨ ਦਾ ਸੀ ਗੁਰੂ ਵਾਲਾ
ਧੂਆਂ ਧੂਆਂ ਜੋ  ਗਲਿਆਰੇ ਪੁੱਛਣਗੇ

ਫਾਹਾ ਲੈ ਕੇ ਕਿਓਂ ਮਰਿਆ ਹੈ ਅੰਨਦਾਤਾ
ਵਾਰਸ ਸਾਥੋਂ ਪ੍ਰਸ਼ਨ ਕਰਾਰੇ  ਪੁੱਛਣਗੇ

ਬੰਦੇ ਨੇ ਸੰਗਮਰਮਰ ਲਾ ਕੇ ਕੀ ਖੱਟਿਆ
ਢਹਿੰਦੇ ਹੋਏ ਕੁੱਲੀਆਂ ਢਾਰੇ ਪੁੱਛਣਗੇ

ਕਿੱਧਰ ਗਈਆਂ ਵੰਗਾਂ ਵੀਣੀ ਕਿੱਥੇ ਹੈ
ਗਲੀ ਗਲੀ ਫਿਰਦੇ ਵਣਜਾਰੇ ਪੁੱਛਣਗੇ

ਕੁਦਰਤ ਦਾ ਮੂੰਹ ਮੱਥਾ ਤੁਸੀਂ ਵਿਗਾੜ ਲਿਆ 
ਪੱਤ ਵਿਹੂਣੇ ਰੁੱਖ ਵਿਚਾਰੇ ਪੁੱਛਣਗੇ
(ਬਲਜੀਤ ਪਾਲ ਸਿੰਘ)

Thursday, May 21, 2020

ਗ਼ਜ਼ਲ


ਕਰਦੀ ਗ਼ਰੂਰ ਹੈ ਜੋ,ਹਸਤੀ ਮਿਟਾ ਦਿਆਂਗਾ
ਮਹਿਲਾਂ ਦੇ ਬਾਹਰ ਲੱਗੀ,ਤਖ਼ਤੀ ਮਿਟਾ ਦਿਆਂਗਾ

ਹਰ ਵਕਤ ਘਾਣ ਹੁੰਦਾ,ਇਨਸਾਨੀਅਤ ਦਾ ਜਿਥੇ
ਮੈਂ ਪਾਪੀਆਂ ਦੀ ਸਾਰੀ,ਬਸਤੀ ਮਿਟਾ ਦਿਆਂਗਾ

ਮਿਲਿਆ ਜ਼ਰਾ ਕੁ ਮੌਕਾ, ਫਿਰ ਦੇਖ ਲੈਣਾ ਮੈਨੂੰ
ਸ਼ੁਹਰਤ ਮਿਲੀ ਹੈ ਜਿਹੜੀ,ਸਸਤੀ ਮਿਟਾ ਦਿਆਂਗਾ

ਬਰਫ਼ਾਂ ਦੇ ਹੇਠਾਂ ਦੱਬੀ,ਬੇਬਾਕ ਆਤਮਾ ਹਾਂ
ਜੋ ਪਰਬਤਾਂ ਨੇ ਕੀਤੀ,ਸਖ਼ਤੀ ਮਿਟਾ ਦਿਆਂਗਾ

ਜਸ਼ਨਾਂ ਦਾ ਇਹ ਨਹੀਂ ਮੌਕਾ,ਹਾਲਾਤ ਨੇ ਉਦਾਸੇ
ਬੇਮੌਸਮੀ ਜੋ ਛਾਈਂ,ਮਸਤੀ ਮਿਟਾ ਦਿਆਂਗਾ
(ਬਲਜੀਤ ਪਾਲ ਸਿੰਘ,)

Sunday, March 15, 2020

ਗ਼ਜ਼ਲ


ਮਹਿਲ ਜਿਨ੍ਹਾਂ ਸੀ ਉਸਾਰੇ ਤੁਰ ਗਏ
ਸ਼ਹਿਨਸ਼ਾਹ ਸਭ ਹੈਂਸਿਆਰੇ ਤੁਰ ਗਏ

ਲਖ ਸਿਕੰਦਰ ਜਿੱਤਣ ਉੱਠੇ ਜੱਗ ਨੂੰ
ਜਿੰਦਗੀ ਦੀ ਜੰਗ ਹਾਰੇ ਤੁਰ ਗਏ

ਸਹਿਮੀ ਸਹਿਮੀ ਹੈ ਫਿਜਾ ਇਹਨੀਂ ਦਿਨੀਂ
ਹੋਇਆ ਕੀ ਜੋ ਰੰਗ ਸਾਰੇ ਤੁਰ ਗਏ

ਜਦ ਵੀ ਰੁੱਤਾਂ ਨੇ ਕਮਾਇਆ ਹੈ ਦਗਾ
ਮਹਿਕਾੰ ਦੇ ਸੰਗ ਫੁਲ ਵਿਚਾਰੇ ਤੁਰ ਗਏ

ਵਹਿਸ਼ੀਆਨਾ ਦੌਰ ਹੈ ਰੁਕਦਾ ਨਹੀਂ
ਰੋਕਣਾ ਸੀ ਜਿਨ੍ਹਾਂ ਸਾਰੇ ਤੁਰ ਗਏ

ਕਰਦੇ ਸੀ ਇਨਸਾਨੀਅਤ ਦੀ ਗੱਲ ਜੋ
ਓਹ ਗਏ ਤਾਂ ਭਾਈਚਾਰੇ ਤੁਰ ਗਏ

ਤੁਰ ਗਿਆ ਸੂਰਜ ਹਨੇਰਾ ਪਸਰਿਆ
ਆ ਗਿਆ ਤਾਂ ਚੰਦ ਤਾਰੇ ਤੁਰ ਗਏ
(ਬਲਜੀਤ ਪਾਲ ਸਿੰਘ)

ਗ਼ਜ਼ਲ


ਕੇਵਲ ਕੁਝ ਯਾਦਾਂ ਬਚੀਆਂ ਨੇ ਹੋਰ ਕੋਈ ਸਰਮਾਇਆ ਨਾ
ਜੀਵਨ ਮਾਰੂਥਲ ਵਰਗਾ ਹੈ ਤੇ ਰੁੱਖਾਂ ਦਾ ਸਾਇਆ ਨਾ

ਕੋਝੀ ਚਾਲ ਹੈ ਰੁੱਤਾਂ ਚੱਲੀ ਸੁੰਨ-ਮ- ਸੁੰਨੇ ਸਭ ਰਸਤੇ
ਚਾਰੇ ਪਾਸੇ ਆਤਿਸ਼ ਫੈਲੀ ਠੰਡਾ ਬੁੱਲਾ ਆਇਆ ਨਾ

ਖੂਬ ਅਸੀਂ ਖੇਡਾਂਗੇ ਹੋਲੀ ਹਰ ਵਾਰੀ ਇਹ ਸੋਚੀਦਾ 
ਲੇਕਿਨ ਸਾਰੇ ਸਾਥੀ ਰੁੱਸੇ ਰੰਗ ਕਿਸੇ ਨੇ ਪਾਇਆ ਨਾ

ਰੁੱਖਾਂ ਦਾ ਤਾਂ ਪੱਤਾ ਪੱਤਾ ਮਸਤੀ ਵਿਚ ਲਹਿਰਾਉਂਦਾ ਹੈ 
ਬੇਮੁੱਖ ਪੌਣਾਂ ਮੇਰੀ ਖਾਤਿਰ ਗੀਤ ਕੋਈ ਵੀ ਗਾਇਆ ਨਾ

ਸ਼ਾਮ-ਸਵੇਰੇ ਘੇਰ-ਘੇਰ ਕੇ ਘੋਰ ਉਦਾਸੀ ਪੁੱਛਦੀ ਹੈ
ਕਿਉਂ ਤੂੰ ਪੰਧ ਲਮੇਰੇ ਕੀਤੇ ਮੰਜਿਲ ਨੂੰ ਵੀ ਪਾਇਆ ਨਾ
(ਬਲਜੀਤ ਪਾਲ ਸਿੰਘ)

Sunday, March 8, 2020

ਗ਼ਜ਼ਲ



ਗ਼ਜ਼ਲ
ਸਮੇਂ ਦੀ ਮੰਗ ਹੈ ਇਤਿਹਾਸ ਨੂੰ ਹੁਣ ਘੋਖਿਆ ਜਾਏ
ਜੋ ਹੋਈਆਂ ਗਲਤੀਆਂ ਉਨ੍ਹਾਂ ਨੂੰ ਨਾਲੋਂ ਛੇਕਿਆ ਜਾਏ

ਅਜੇ ਵੀ ਵਰਤ ਕੇ ਧਰਮਾਂ ਨੂੰ ਕਰਦੇ ਨੇ ਤਿਜਾਰਤ ਜੋ
ਉਹਨਾਂ ਨੂੰ ਨਾਲ ਸਖਤੀ ਦੇ ਜਰਾ ਕੁ ਰੋਕਿਆ ਜਾਏ

ਸਦਾ ਕਰਦੇ ਨੇ ਜਿਹੜੇ ਗੱਲ ਅਧਿਆਤਮਿਕਤਾ ਦੀ
ਕਿ ਝੂਠੇ ਰਹਿਬਰਾਂ ਦੇ ਦਾਵਿਆਂ ਨੂੰ  ਪਰਖਿਆ ਜਾਏ

ਹਮੇਸ਼ਾ ਉਪਜਦੀ ਸ਼ੰਕਾ ਜਦੋਂ ਮੰਨਦੇ ਹਾਂ ਮਿੱਥਾਂ ਨੂੰ
ਉਨ੍ਹਾਂ ਦੀ ਥਾਂ ਸਦੀਵੀ ਸੱਚ ਨੂੰ ਹੀ ਦੇਖਿਆ ਜਾਏ

ਬੜੇ ਪਾਖੰਡੀਆਂ ਨੇ ਭੇਸ ਬਦਲੇ ਲੁੱਟ ਦੀ ਖਾਤਿਰ
ਬਿਨਾਂ ਹੀ ਰਹਿਮ ਉਹਨਾਂ ਲੋਟੂਆਂ ਨੂੰ ਸੋਧਿਆ ਜਾਏ

ਅਸਲੀ ਨਾਇਕਾਂ ਦੇ ਨਾਮ ਵੀ ਹੁਣ ਦਰਜ ਕਰ ਦੇਵੋ
ਕਿ ਨਕਲੀ ਨਾਇਕਾਂ ਵਾਲਾ ਸਫਾ ਹੁਣ ਨੋਚਿਆ ਜਾਏ

ਨਬੇੜਾ ਆਖਰੀ   ਨੇਕੀ ਬਦੀ ਦਾ ਹੋਰ ਹੋਵੇਗਾ
ਪੁਰਾਤਨ  ਪੁਸਤਕਾਂ ਨੂੰ ਫੇਰ ਤੋਂ ਜੇ ਖੋਲਿਆ ਜਾਏ
(ਬਲਜੀਤ ਪਾਲ ਸਿੰਘ)

Tuesday, February 25, 2020

ਗ਼ਜ਼ਲ

ਸਰਕਾਰਾਂ ਦੇ ਪਾਏ ਪੰਗੇ ਸੂਤ ਨਹੀਂ ਆਉਣੇ
ਫੈਲੇ ਨੇ ਜਿਹੜੇ ਇਹ ਦੰਗੇ ਸੂਤ ਨਹੀਂ ਆਉਣੇ

ਵੱਸ ਰਹੇ ਸਨ ਹੁਣ ਤੱਕ ਜਿਹੜੇ ਸੁੱਖੀ ਸਾਂਦੀ ਏਥੇ
ਲੋਕ ਸਿਆਸਤ ਦੇ ਜੋ ਡੰਗੇ ਸੂਤ ਨਹੀਂ ਆਉਣੇ

ਸੰਸਦ ਚੁਣਦੇ ਲੋਕੀਂ ਤਾਂ ਕਿ ਹੋਵੇ ਦੇਸ਼ ਉਸਾਰੀ
ਓਹਨਾਂ ਘੜੇ ਕਾਨੂੰਨ ਬੇਢੰਗੇ ਸੂਤ ਨਹੀਂ ਆਉਣੇ

ਰੰਗ-ਬਿਰੰਗੇ ਫੁੱਲਾਂ ਸਦਕਾ ਹੀ ਬਣਦਾ ਗੁਲਦਸਤਾ
ਜੇ ਫੁੱਲ ਹੋਵਣ ਇਕੋ ਰੰਗੇ ਸੂਤ ਨਹੀਂ ਆਉਣੇ

ਰਣ-ਭੂਮੀ ਅਪਣਾ ਬੱਲ ਹੀ ਕੰਮ ਆਉਂਦਾ ਹੈ ਅਕਸਰ
ਜੇ ਹਥਿਆਰ ਉਧਾਰੇ ਮੰਗੇ ਸੂਤ ਨਹੀਂ ਆਉਣੇ

ਜਨਤਾ ਅਪਣਾ ਹੱਕ ਮੰਗਦੀ ਹੈ ਪਰ ਸਰਕਾਰਾਂ ਦੇਖੋ
ਸਾਰੇ ਨਿਯਮ ਨੇ ਛਿੱਕੇ ਟੰਗੇ ਸੂਤ ਨਹੀਂ ਆਉਣੇ
(ਬਲਜੀਤ ਪਾਲ ਸਿੰਘ)


Saturday, February 22, 2020

ਗ਼ਜ਼ਲ


ਹਨੇਰੀ ਨਫਰਤਾਂ ਦੀ ਨੂੰ ਕਿਤੇ ਜੇ ਰੋਕਿਆ ਹੁੰਦਾ
ਚਿਹਰਾ ਨਗਰ ਮੇਰੇ ਦਾ ਵੀ ਹੁਣ ਨੂੰ ਬਦਲਿਆ ਹੁੰਦਾ

ਬੜੇ ਖਾਮੋਸ਼ ਆਪਾਂ ਸੀ ਕਿ ਤਾਂ ਹੀ ਵਿਗੜਿਆ ਹਾਕਮ
ਉਹਨੂੰ ਵੀ ਕੰਨ ਹੋਣੇ ਸੀ ਅਸਾਂ ਜੇ ਬੋਲਿਆ ਹੁੰਦਾ

ਕਦੇ ਧੋਖਾ ਨਾ ਦੇ ਸਕਣਾ ਸੀ ਮੇਰੇ ਯਾਰ ਨੇ ਮੈਨੂੰ
ਕਿ ਯਾਰੀ ਲਾਉਣ ਤੋਂ ਪਹਿਲਾਂ ਜੇ ਥੋੜਾ ਪਰਖਿਆ ਹੁੰਦਾ

ਅਦਬ ਤਹਿਜ਼ੀਬ ਦੇ ਜਜ਼ਬੇ ਦਾ ਸਾਨੀ ਵੀ ਨਹੀਂ ਕੋਈ
ਜੇ ਸਾਰੇ ਹੀ ਜ਼ਮਾਨੇ ਨੇ  ਕਿਤੇ ਇਹ ਵਰਤਿਆ ਹੁੰਦਾ

ਕਿਸੇ ਵੀ ਰੱਬ ਦੀ ਬੰਦੇ ਨੂੰ ਕੋਈ ਲੋੜ ਨਾ ਹੁੰਦੀ
ਜਿ ਆਪਣੇ ਆਪ ਨੂੰ ਖੁਦ ਅੰਦਰੋ ਹੀ ਟੋਲਿਆ ਹੁੰਦਾ

ਬੜੀ ਸਹਿਜੇ ਹੀ ਮੰਜ਼ਿਲ ਓਸਦੇ ਕਦਮਾਂ 'ਚ ਹੋਣੀ ਸੀ
ਕਿਤੇ ਬਲਜੀਤ  ਰਾਹਾਂ ਤੋਂ ਨਾ ਜੇਕਰ  ਭਟਕਿਆ ਹੁੰਦਾ
(ਬਲਜੀਤ ਪਾਲ ਸਿੰਘ)

Tuesday, February 18, 2020

ਗ਼ਜ਼ਲ

ਗ਼ਜ਼ਲ
ਹਰ ਵੇਲੇ ਹੀ ਲੋਕਾਂ ਨਾਲ ਮਜ਼ਾਕ ਕਰੀ ਜਾਂਦੀ ਹੈ
ਕੂੜ ਵਿਵਸਥਾ ਸਾਡੇ ਸੁਫਨੇ ਖਾਕ ਕਰੀ ਜਾਂਦੀ ਹੈ

ਨਵੇਂ ਨਵੇਂ ਕਾਨੂੰਨ ਬਣਾਕੇ ਨਿਸ ਦਿਨ ਹੀ ਸਰਕਾਰ
ਲਾਕੇ ਵੱਡੇ ਟੈਕਸ ਤੇ ਖੀਸੇ ਚਾਕ ਕਰੀ ਜਾਂਦੀ ਹੈ

ਸਮਝ ਲਵੋ ਕਿ ਕੋਈ ਵਸਤੂ ਮੁਫਤ ਕਦੇ ਨਾ  ਮਿਲਦੀ
ਜਨਤਾ ਵੀ ਤਾਂ ਹਰ ਸ਼ੈਅ ਮੁਫਤੀ ਝਾਕ ਕਰੀ ਜਾਂਦੀ ਹੈ

ਭਾਵੇਂ ਦੋਸ਼ ਨੇ ਲੱਗੀ ਜਾਂਦੇ ਪਾਰਟੀਆਂ ਦੇ ਉਪਰ
ਮੀਡੀਆ ਉਪਰ ਹਰ ਇਕ ਖੁਦ ਨੂੰ ਪਾਕ ਕਰੀ ਜਾਂਦੀ ਹੈ

ਵੱਡੇ ਲੀਡਰ ਕੁਫਰ ਤੋਲਦੇ ਸ਼ਰੇਆਮ ਹੀ ਅਕਸਰ
ਭੋਲੀ ਜਨਤਾ ਪਰ ਤਾਂ ਵੀ ਇਤਫਾਕ ਕਰੀ ਜਾਂਦੀ ਹੈ
(ਬਲਜੀਤ ਪਾਲ ਸਿੰਘ)

Saturday, February 15, 2020

ਗ਼ਜ਼ਲ



ਬਹੁਤ ਵੱਡੇ ਹਾਦਸੇ ਤੇ ਖਦਸ਼ਿਆਂ ਨੂੰ ਸਹਿ ਗਿਆ
ਜੀ ਰਿਹਾ ਬੰਦਾ ਅਨੋਖੇ ਸਦਮਿਆਂ ਨੂੰ ਸਹਿ ਗਿਆ

ਜਦ ਵੀ ਮਿਲਦਾ ਹੈ ਸਮਾਂ ਤਾਂ ਮੈਂ ਹਾਂ ਏਦਾਂ ਸੋਚਦਾਂ 
ਆਪਣੇ ਵਰਗੇ ਹੀ ਕਿੰਨੇ ਪੁਤਲਿਆਂ ਨੂੰ ਸਹਿ ਗਿਆ

ਜ਼ਰਦ ਰੁੱਤਾਂ ਨੇ ਸਦਾ ਹੀ ਕੀਤਾ ਹੈ ਮੈਨੂੰ ਉਦਾਸ
ਸ਼ੀਤ  ਰਾਤਾਂ ਨ੍ਹੇਰੀਆਂ ਵਿਚ ਠਰਦਿਆਂ ਨੂੰ ਸਹਿ ਗਿਆ

ਬਹੁਤ ਹੀ ਖਾਹਿਸ਼ ਰਹੀ ਕਿ ਮਾਣੀਏ  ਮੌਜਾਂ ਕਦੇ
ਬੇਹਿਸਾਬ ਸਿਰ ਚੜ੍ਹੇ ਪਰ ਕਰਜ਼ਿਆਂ ਨੂੰ ਸਹਿ ਗਿਆ

ਘਰ ਬਣਾਇਆ ਆਦਮੀ ਨੇ ਰਿਸ਼ਤਿਆਂ ਦੀ ਨਿੱਘ ਲਈ
ਸ਼ੀਸ਼ਿਆਂ ਨੂੰ ਸਹਿ ਗਿਆ ਤੇ ਪਰਦਿਆਂ ਨੂੰ ਸਹਿ ਗਿਆ

ਨਾ ਹੀ ਬੀਜੇ ਫੁੱਲ  ਨਾ ਹੀ  ਛਿੜਕੀਆਂ ਇਤਰਾਂ ਨੇ ਮੈਂ
ਫੇਰ ਵੀ ਬਲਜੀਤ ਔਖੇ ਰਸਤਿਆਂ ਨੂੰ ਸਹਿ ਗਿਆ
(ਬਲਜੀਤ ਪਾਲ ਸਿੰਘ)

Wednesday, February 5, 2020

ਗ਼ਜ਼ਲ


ਵੇਖਾਂ ਜਦ  ਹਾਲਾਤ  ਬੜਾ ਡਰ ਲਗਦਾ ਹੈ।
ਉਜੜੇ ਥੇਹਾਂ ਵਰਗਾ ਹਰ ਘਰ ਲਗਦਾ ਹੈ।

ਜਿਹੜੇ ਦਰ ਤੇ ਪਿਆਰੀ ਦਸਤਕ ਦਿੱਤੀ ਮੈਂ,
ਅੱਜਕੱਲ ਸੁੰਨ ਮਸੁੰਨਾ ਉਹ ਦਰ ਲਗਦਾ ਹੈ।

ਫੈਲੀ ਜਾਂਦੈ ਧੂੰਆਂ ਤੇ ਆਤਿਸ਼ ਵੀ ਹੈ,
ਸਿਵਿਆਂ ਵਰਗਾ ਹਰ ਥਾਂ ਮੰਜ਼ਰ ਲਗਦਾ ਹੈ।

ਲੋਕਾਂ ਦੇਸ਼ ਹਵਾਲੇ ਜਿੰਨ੍ਹਾਂ ਦੇ ਕੀਤਾ,
ਉਹਨਾਂ ਇਸ ਨੂੰ ਕਰਨਾ ਖੰਡਰ ਲਗਦਾ ਹੈ।

ਬੇਕਾਰਾਂ, ਮਜ਼ਦੂਰ, ਕਿਸਾਨਾਂ ਦੀ ਥਾਂ 'ਤੇ
ਮੁੱਦਾ ਕੇਵਲ ਮਸਜਿਦ ਮੰਦਰ ਲਗਦਾ ਹੈ

ਹਰਿਆਲੀ ਤੇ ਫੁੱਲ ਬਗੀਚੇ ਲੋੜੀਂਦੇ,
ਐਪਰ ਚਾਰ ਚੁਫੇਰਾ ਬੰਜਰ ਲਗਦਾ ਹੈ
(ਬਲਜੀਤ ਪਾਲ ਸਿੰਘ)

Monday, January 27, 2020

ਗ਼ਜ਼ਲ


ਬਹੁਤਾ ਵਾਪਰਦਾ ਨਹੀਂ ਚੰਗਾ ਫਿਰ ਵੀ ਹੋਈ ਜਾਂਦਾ ਹੈ
ਨਾਚ ਸਿਆਸਤ ਦਾ ਇਹ ਨੰਗਾ ਫਿਰ ਵੀ ਹੋਈ ਜਾਂਦਾ ਹੈ

ਧਰਮ ਦੇ ਨਾਂਅ ਤੇ ਰੋਟੀ ਸੇਕਣ ਥੋੜੇ ਗੁੰਡੇ ਬੰਦੇ ਏਥੇ
ਲੋਕ ਨਾ ਚਾਹੁੰਦੇ ਹੋਵੇ ਦੰਗਾ ਫਿਰ ਵੀ ਹੋਈ ਜਾਂਦਾ ਹੈ

ਦਿਲ ਤਾਂ ਸਭ ਦਾ ਕਰਦਾ ਹੀ ਹੈ  ਸਾਦ ਮੁਰਾਦੇ ਜੀਵਨ ਨੂੰ
ਆਏ ਦਿਨ ਹੀ ਕੋਈ ਪੰਗਾਂ ਫਿਰ ਵੀ ਹੋਈ ਜਾਂਦਾ ਹੈ

ਕਈ ਵਸੀਲੇ ਵਰਤ ਵਰਤ ਕੇ ਬੜੀ ਤਰੱਕੀ ਬੰਦੇ ਕੀਤੀ
ਜੀਵਨ ਬਹੁਤਾ ਹੀ ਬੇਢੰਗਾ ਫਿਰ ਵੀ ਹੋਈ ਜਾਂਦਾ ਹੈ

ਹਰ ਕੋਈ ਚਾਹੁੰਦਾ ਹੈ ਕਿ ਟਹਿਕਣ ਫੁੱਲ ਤੇ ਫੈਲਣ ਖੁਸ਼ਬੂਆਂ
ਚੌਗਿਰਦਾ ਲੇਕਿਨ ਬਦਰੰਗਾ ਫਿਰ ਵੀ ਹੋਈ ਜਾਂਦਾ ਹੈ

ਪਰਜਾ ਸਿੱੱਧੀ ਭੋਲੀ ਭਾਲੀ ਪਰ ਕੁਝ ਰਾਜਨੇਤਾਵਾਂ ਕਰਕੇ
ਐਵੇਂ ਹੀ ਬਦਨਾਮ ਤਰੰਗਾ ਫਿਰ ਵੀ ਹੋਈ ਜਾਂਦਾ ਹੈ
(ਬਲਜੀਤ ਪਾਲ ਸਿੰਘ)

Wednesday, January 22, 2020

ਗ਼ਜ਼ਲ


ਪੇਸ਼ੀਨਗੋਈ ਹੋ ਗਈ ਹੈ ਕਿ ਅੱਗੇ ਤੰਗ ਨੇ ਰਸਤੇ
ਬੜੇ ਹੀ ਖੁਸ਼ਕ ਕੰਡੇਦਾਰ ਤੇ ਬਦਰੰਗ ਨੇ ਰਸਤੇ

ਆਈਆਂ ਸੀ ਕਦੇ ਰੁੱਤਾਂ ਕਿ ਬਿਰਖਾਂ ਗੀਤ ਛੇੜੇ ਸੀ
ਅਜ ਉਦਰੇਵਿਆਂ ਵਾਲੇ ਬੜੇ ਮੋਹ ਭੰਗ ਨੇ ਰਸਤੇ

ਮਾਰੂਥਲ ਵੀ ਆਉਂਦਾ ਹੈ ਕਦੇ ਦਲਦਲ ਵੀ ਆ ਜਾਂਦੀ
ਬਥੇਰੇ ਰੂਪ ਇਹ ਬਦਲਣ ਤੇ ਕਰਦੇ ਦੰਗ ਨੇ ਰਸਤੇ

ਓਹਨਾਂ ਦੇ ਮਨਸ਼ਿਆਂ ਨੂੰ ਵੀ ਹਮੇਸ਼ਾ ਭਾਂਪਦਾ ਰਹਿਠਾਂ
ਬਹਿ ਕੇ ਤਖਤ ਤੇ ਆਖਣ ਜੋ ਇਕੋ ਰੰਗ ਨੇ ਰਸਤੇ

ਸਾਹਵੇਂ ਆ ਗਏ ਕੁਝ ਵਲ ਵਲੇਵੇਂ ਚਲਦਿਆਂ ਹੋਇਆਂ
ਕਦੇ ਹੁੰਦੇ ਸੀ ਸਿੱਧੇ ਸਾਫ ਅੱਜ ਬੇਢੰਗ ਨੇ ਰਸਤੇ

ਖਲੋਤੇ ਹਾਂ ਅਜਿਹੀ ਥਾਂ ਜੋ ਹੈ ਬਾਰੂਦ ਦੀ ਢੇਰੀ
ਅੱਗੇ ਇਸ ਜਗ੍ਹਾ ਤੋਂ ਆਉਣਗੇ ਬਸ ਜੰਗ ਨੇ ਰਸਤੇ
(ਬਲਜੀਤ ਪਾਲ ਸਿੰਘ)

ਗ਼ਜ਼ਲ

ਦੇਸ਼ ਦੀ ਸੱਤਾ ਉੱਤੇ ਕਾਬਜ਼ ਫੇਰ ਔਰੰਗੇ ਆ ਬੈਠੇ ਨੇ
ਹਰ ਕੁਰਸੀ ਹਰ ਦਫਤਰ ਅੰਦਰ ਭਗਵੇਂ ਰੰਗੇ ਆ ਬੈਠੇ ਨੇ

ਗੋਲ ਭਵਨ ਵਿਚ ਵਿਗਿਆਨਕ ਅਧਿਆਪਕ ਹੋਣੇ ਚਾਹੀਦੇ ਸੀ
ਉਸ ਥਾਂ ਉੱਤੇ ਵੀ ਅੱਜ ਕੱਲ ਕੁਝ ਸਾਧੂ ਨੰਗੇ ਆ ਬੈਠੇ ਨੇ

ਚੋਰ,ਡਾਕੂਆਂ ਠੱਗਾਂ ਦੇ ਸੰਗ ਚੌਕੀਦਾਰ ਵੀ ਰਲ ਚੁੱਕਾ ਹੈ
ਪਹਿਰੇਦਾਰਾਂ ਦੀ ਥਾਂ ਰਾਖੇ ਲੋਕ ਮਲੰਗੇ ਆ ਬੈਠੇ ਨੇ

ਲੋਕਾਂ ਨੇ ਤਾਂ ਸਰਕਾਰਾਂ ਤੋਂ ਮੰਗਿਆਂ ਸਦਾ  ਸਕੂਨ ਜਿਹਾ ਸੀ
ਸਭ ਦੇ ਘਰ ਦੇ ਸਾਹਵੇਂ ਲੇਕਿਨ ਹਰਦਮ ਦੰਗੇ ਆ ਬੈਠੇ  ਨੇ

ਸੋਚ ਰਹੀ ਹੈ ਪਰਜਾ ਕਿ ਉਹ ਆਖਿਰਕਾਰ ਤਾਂ ਸਮਝੇਗਾ ਹੀ
ਪਰ ਹਾਕਮ ਦੀ ਬੁੱਧੀ ਅੰਦਰ ਪੁੱਠੇ ਪੰਗੇ ਆ ਬੈਠੇ ਨੇ
(ਬਲਜੀਤ ਪਾਲ ਸਿੰਘ)

Thursday, January 2, 2020

ਗ਼ਜ਼ਲ



ਸੱਚੀਆਂ ਗੱਲਾਂ ਮੂੰਹ ਤੇ ਬੋਲੋ ਚੁੱਪ ਕਿਉਂ ਹੋ ?
ਝੂਠ ਨੂੰ ਵੱਖਰੇ ਛਾਬੇ ਤੋਲੋ ਚੁੱਪ ਕਿਉਂ ਹੋ ?

ਵੱਡਾ ਇਕ ਹਜੂਮ ਪ੍ਰਸ਼ਨਾਂ ਦਾ ਹੈ ਸਾਹਵੇਂ 
ਆਓ ਕੋਈ ਉੱਤਰ ਟੋਲੋ ਚੁੱਪ ਕਿਉਂ ਹੋ ?

ਸਭ ਰੰਗਾਂ ਦੇ ਫੁੱਲਾਂ ਨੂੰ ਜੋ ਮਸਲ ਰਿਹਾ ਹੈ
ਉਸਨੂੰ ਪੈਰਾਂ ਥੱਲੇ ਰੋਲੋ ਚੁੱਪ ਕਿਉਂ ਹੋ ?

ਲੱਭ ਜਾਏਗੀ ਭੁੱਬਲ ਵਿਚੋਂ ਵੀ ਚਿੰਗਾਰੀ
ਥੋੜਾ ਤਬੀਅਤ ਨਾਲ ਫਰੋਲੋ ਚੁੱਪ ਕਿਉਂ ਹੋ ?

ਦੁਸ਼ਮਣ ਨੇ ਜ਼ਹਿਰੀਲਾ ਕਰ ਦਿਤਾ ਹੈ ਇਸ ਨੂੰ
ਏਸ ਫਿਜ਼ਾ ਵਿਚ ਇਤਰਾਂ ਘੋਲੋ ਚੁੱਪ ਕਿਉਂ ਹੋ ?
(ਬਲਜੀਤ ਪਾਲ ਸਿੰਘ)

Sunday, December 8, 2019

ਗ਼ਜ਼ਲ



ਹੌਲੀ ਹੌਲੀ ਇਸ ਤਰ੍ਹਾਂ ਹਾਲਾਤ ਹੋ ਰਹੇ ਨੇ
ਸ਼ਹਿਰ ਕਸਬੇ ਪਿੰਡ ਸਭ ਖੰਡਰਾਤ ਹੋ ਰਹੇ ਨੇ

ਬਾਂਸੁਰੀ ਖ਼ਾਮੋਸ਼ ਕਿਉਂ ਹੈ, ਕੀ ਵਜ੍ਹਾ ਹੈ ਏਸ ਦੀ,
ਐ ਦਿਲਾ ! ਕਿਉਂ ਬੇ-ਸੁਰੇ ਦਿਨ ਰਾਤ ਹੋ ਰਹੇ ਨੇ

ਛੇੜਨਾ ਸੰਗਰਾਮ ਸੀ ਜਿਨ੍ਹਾਂ ਕ੍ਰਾਂਤੀ ਦੇ ਲਈ
ਵਕਤ ਕੋਲੋਂ ਹਾਰ ਕੇ ਸੁਕਰਾਤ ਹੋ ਰਹੇ ਨੇ

ਜੇਹੜੇ ਲੋਕਾਂ ਹੱਥ ਆਈ ਵਾਗਡੋਰ ਦੇਸ਼ ਦੀ
ਸਭ ਲੁਟੇਰੇ ਠੱਗ ਤੇ ਬਦ-ਜ਼ਾਤ ਹੋ ਰਹੇ ਨੇ

ਹੌਸਲੇ ਦੇ ਸਾਹਮਣੇਂ ਟਿਕਦਾ ਹੈ ਏਥੇ ਕੌਣ ਫਿਰ
ਹੌਲੀ-ਹੌਲੀ ਸ਼ਾਂਤ ਚੱਕਰਵਾਤ ਹੋ ਰਹੇ ਨੇ

'ਨੇਰਿਆਂ ਸਿਰ ਦੋਸ਼ ਮੜ੍ਹਨਾ ਵੀ ਸਦਾ ਵਾਜਿਬ ਨਹੀਂ
ਜੁਰਮ ਏਥੇ ਚਿੱਟੇ ਦਿਨ-ਪ੍ਰਭਾਤ ਹੋ ਰਹੇ ਨੇ
(ਬਲਜੀਤ ਪਾਲ ਸਿੰਘ)










Sunday, December 1, 2019

ਗ਼ਜ਼ਲ


ਮਿੱਤਰ ਕਦ ਬਣ ਜਾਂਦੇ  ਦੁਸ਼ਮਣ ਦੇਰ ਨਾ ਲੱਗੇ
ਕਦੋਂ ਕੁਦਰਤੀ ਕਹਿਰਾਂ ਵਰਤਣ ਦੇਰ ਨਾ ਲੱਗੇ

ਬੇਗਾਨੇ  ਜਦ ਧੋਖਾ ਕਰਦੇ  ਗਿਲਾ ਨਾ ਕੋਈ
ਲੇਕਿਨ ਹੁਣ ਹਮਸਾਏ ਬਦਲਣ ਦੇਰ ਨਾ ਲੱਗੇ

ਜਦੋਂ ਆਉਂਦੀਆਂ ਜੋਬਨ ਉੱਤੇ ਪੱਕੀਆਂ ਫਸਲਾਂ
ਬਰਬਾਦੀ ਦੇ ਬੱਦਲ ਗੜਕਣ ਦੇਰ ਨਾ ਲੱਗੇ

ਅਣਕਿਆਸੀ ਬਿਪਤਾ ਜਦ ਕੋਈ ਆ ਪੈਂਦੀ
ਸਦੀਆਂ ਤੀਕਰ ਰੂਹਾਂ ਭਟਕਣ ਦੇਰ ਨਾ ਲੱਗੇ

ਚਾਨਣ ਕਰਦਾ ਦਿਨ ਵੇਲੇ ਸੂਰਜ ਮਤਵਾਲ
ਰਾਤ ਪਈ ਫਿਰ ਤਾਰੇ ਚਮਕਣ ਦੇਰ ਨਾ ਲੱਗੇ

ਲੋਕਾਂ ਦਾ ਵੀ ਸਹਿਜ ਸੁਭਾਅ ਹੁਣ ਖਤਮ ਹੋ ਗਿਆ
ਬਿਨਾਂ ਗੱਲ ਤੋਂ ਡੌਲੇ ਫਰਕਣ ਦੇਰ ਨਾ ਲੱਗੇ

ਸਰਕਾਰਾਂ ਦੇ ਮਾੜੇ ਕੰਮਾਂ ਨੂੰ ਭੰਡਣ ਜੋ
ਹਾਕਮ ਦੀ ਅੱਖ ਅੰਦਰ ਰੜਕਣ ਦੇਰ ਨਾ ਲੱਗੇ
(ਬਲਜੀਤ ਪਾਲ ਸਿੰਘ)

Thursday, November 28, 2019

ਗ਼ਜ਼ਲ





ਦੋਸਤਾਨਾ  ਜਿੰਦਗੀ ਦੇ ਸਫਰ ਦਾ ਹਾਮੀ ਰਿਹਾ ਹਾਂ
ਹਰ ਸਮੇਂ ਹੀ ਸਾਫ ਸੱਚੀ ਖਬਰ ਦਾ ਹਾਮੀ ਰਿਹਾ ਹਾਂ

ਭਾਲਿਆ ਜਿਸਨੂੰ ਉਹ ਮਿਲਿਆ ਕੁਝ ਪਲਾਂ ਦੇ ਵਾਸਤੇ
ਪਰ ਇਕੱਠੇ ਤੁਰਨ ਵਾਲੀ ਡਗਰ ਦਾ ਹਾਮੀ ਰਿਹਾ ਹਾਂ 

ਭਾਈਚਾਰਾ ਖੂਬ ਹੋਵੇ ਚਾਈਂ ਚਾਈਂ ਲੋਕ ਵੱਸਣ
ਘਰ ਬਰਾਬਰ ਹੋਣ ਐਸੇ ਨਗਰ ਦਾ ਹਾਮੀ ਰਿਹਾ ਹਾਂ 

ਮੈਂ ਕਿਹਾ ਉਸਨੇ ਕਿਹਾ ਸਭ ਨੇ ਕਿਹਾ ਸੋ ਜਰ ਲਿਆ
ਕਰ ਲਿਆ ਹੈ ਸਾਰਿਆਂ ਜੋ ਸਬਰ ਦਾ ਹਾਮੀ ਰਿਹਾ ਹਾਂ 

ਜੋ ਵੀ ਝੱਲਦਾ ਮੀਂਹ ਹਨੇਰੀ ਝੱਖੜਾਂ ਦੀ ਮਾਰ ਨੂੰ  
ਕਰ ਲਵਾਂ ਸਿਜਦਾ ਅਜਿਹੇ ਸ਼ਜਰ ਦਾ ਹਾਮੀ ਰਿਹਾ ਹਾਂ 

ਜੇਹੜੀ ਤੱਕੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਇਸ ਕਦਰ
ਸਭ ਤੋਂ ਪਹਿਲਾਂ ਇਸ ਤਰਾਂ ਦੀ ਨਜ਼ਰ ਦਾ ਹਾਮੀ ਰਿਹਾ ਹਾਂ
(ਬਲਜੀਤ ਪਾਲ ਸਿੰਘ)


Tuesday, November 19, 2019

ਗ਼ਜ਼ਲ


ਧਰਮਾਂ ਦੇ ਨਾਂਵਾਂ 'ਤੇ ਚਲਦੇ ਕਾਰੋਬਾਰ ਬੜੇ ਦੇਖੇ ਨੇ
ਲੋਕਾਂ ਨੂੰ ਗੱਲਾਂ ਨਾਲ ਛਲਦੇ ਪੈਰੋਕਾਰ ਬੜੇ ਦੇਖੇ ਨੇ

ਜਦ ਵੀ ਨਿਕਲੋ ਬਾਹਰ ਤਾਂ ਕੋਈ ਚੋਲਾਧਾਰੀ ਮਿਲ ਜਾਂਦਾ ਹੈ
ਇਹਨਾਂ  ਕਰਕੇ ਹੀ ਤਾਂ ਪਲਦੇ ਡੇਰਾਦਾਰ ਬੜੇ ਦੇਖੇ ਨੇ

ਸਭ ਥਾਵਾਂ ਤੇ ਬੋਲ ਰਹੀ ਹੈ ਇਹਨਾਂ ਹੀ ਲੋਕਾਂ ਦੀ ਤੂਤੀ
ਡਾਕੂ ਗੁੰਡਿਆਂ ਦੇ ਨਾਲ ਰਲਦੇ ਸੇਵਾਦਾਰ ਬੜੇ ਦੇਖੇ ਨੇ

ਨਵਾਂ ਮੁਖੌਟਾ ਨਿੱਤ ਪਹਿਣਦੇ ਲੀਡਰ ਏਥੇ ਗਰਜਾਂ ਖਾਤਿਰ
ਏਦਾਂ ਦੇ ਹੀ ਅੱਜ ਕੱਲ ਫਲਦੇ ਲੰਬੜਦਾਰ ਬੜੇ ਦੇਖੇ ਨੇ

ਕਦੇ ਵੀ ਇੱਕੋ ਵਰਗਾ ਮੌਸਮ ਨਾ ਹੀ ਚਾਰੇ ਪਾਸੇ ਰਹਿੰਦਾ
ਪੀਲੇ ਪੱਤੇ ਕਿਰਦੇ ਤੇ ਢਲਦੇ ਕਿਰਦਾਰ ਬੜੇ ਦੇਖੇ ਨੇ
(ਬਲਜੀਤ ਪਾਲ ਸਿੰਘ)

ਗ਼ਜ਼ਲ



ਫੇਸਬੁੱਕ ਦੇ ਸਫਿਆਂ ਉੱਤੇ  ਤਲਵਾਰਾਂ ਭਿੜ ਰਹੀਆਂ ਨੇ
ਲੋਕੀਂ ਦਾਨਿਸ਼ਵਰ ਨੇ ਓਥੇ ਤਕਰਾਰਾਂ ਭਿੜ ਰਹੀਆਂ ਨੇ

ਲੀਡਰ ਵੀ ਤਾਂ ਤੱਤੇ ਤੱਤੇ ਬਿਆਨ ਦਾਗਣੋਂ ਰਹਿੰਦੇ ਨਹੀਂ
ਓਹਨਾਂ ਦੇ ਹਿੱਸੇ ਜੋ ਆਈਆਂ ਫਿਟਕਾਰਾਂ ਭਿੜ ਰਹੀਆਂ ਨੇ

ਕੌਣ ਹੈ ਸੱਚਾ ਕੌਣ ਹੈ ਝੂਠਾ ਸਮਝ ਕਿਸੇ ਨੂੰ ਲੱਗੇ ਨਾ
ਏਥੇ ਬਹੁਤੀ ਕਿਸਮ ਦੀਆਂ ਸਰਕਾਰਾਂ ਭਿੜ ਰਹੀਆਂ ਨੇ

ਸਾਰੀ ਦੁਨੀਆਂ ਅੰਦਰ ਰੌਲਾ ਅੱਜ ਪ੍ਰਮਾਣੂ ਬੰਬਾਂ ਦਾ ਹੈ
ਸਾਰੇ ਆਖਣ ਤੇਜ਼ ਹੈ ਸਾਡਾ ਰਫਤਾਰਾਂ  ਭਿੜ ਰਹੀਆਂ ਨੇ

ਮੇਰੇ ਹੀ ਧਰਮ ਦਾ ਹੈ ਵਿਖਿਆਨ ਤੁਹਾਡੇ ਤੋਂ ਵੀ ਵੱਧ
ਬਾਬਿਆਂ ਸੰਤਾਂ ਦੀਆਂ ਏਥੇ ਭਰਮਾਰਾਂ ਭਿੜ ਰਹੀਆਂ ਨੇ

ਵੇਖਾਂਗੇ ਫਿਰ ਕੀ ਬਣਦਾ ਹੈ ਰਣ ਅੰਦਰ ਤਾਂ ਆਉ ਪਹਿਲਾਂ
ਏਦਾਂ ਦੇ ਹੀ ਨਾਹਰੇ ਤੇ ਲਲਕਾਰਾਂ ਭਿੜ ਰਹੀਆਂ ਨੇ
(ਬਲਜੀਤ ਪਾਲ ਸਿੰਘ)



ਗ਼ਜ਼ਲ


ਬਾਬੇ ਨਾਨਕ ਦੀ ਸਿੱਖਿਆ ਨੂੰ ਲੋਕੀਂ ਜੇ ਅਪਣਾ ਲੈਂਦੇ ਤਾਂ
ਇਹ ਦੁਨੀਆਂ ਵੀ ਜੰਨਤ ਹੁੰਦੀ ਸਾਰੇ ਭੇਦ ਮਿਟਾ ਲੈਂਦੇ ਤਾਂ

ਜੇਕਰ ਆਪਣੀ ਹਾਉਮੇ ਛੱਡ ਕੇ  ਨਿਮਰ ਅਸੀਂ ਵੀ ਹੋ ਜਾਂਦੇ
ਕਿਧਰੇ ਵੀ ਝਗੜੇ ਨਾ ਹੁੰਦੇ ਦਿਲ ਨੂੰ ਜੇ ਸਮਝਾ ਲੈਂਦੇ ਤਾਂ

ਪਾਣੀ ਮਿੱਟੀ ਅਤੇ ਹਵਾ ਨੂੰ ਦੂਸ਼ਿਤ ਕਰਕੇ ਰੱਖ  ਦਿੱਤਾ ਹੈ
ਇਹਨਾਂ ਨੇ ਪਾਵਨ ਰਹਿਣਾ ਸੀ ਜੇਕਰ ਕਿਤੇ ਬਚਾ ਲੈਂਦੇ ਤਾਂ

ਸਾਡਾ ਜੀਵਨ ਧਰਤੀ ਉੱਤੇ ਹੋ ਚੱਲਿਆ ਹੈ ਨਰਕਾਂ ਵਰਗਾ
ਕੁਦਰਤ ਵੀ ਮਨਮੋਹਕ ਹੁੰਦੀ ਨੇਕੀ ਅਸੀਂ ਕਮਾ ਲੈਂਦੇ ਤਾਂ

ਭਾਵੇਂ ਅਸੀਂ ਉਸਾਰ ਲਏ ਨੇ ਮਹਾਂਨਗਰ ਬਹੁਤੇ ਵੱਡੇ ਵੀ
ਦਿਲ ਨੂੰ ਢਾਰਸ ਮਿਲ ਜਾਣੀ ਸੀ ਕੁੱਲੀ ਕਿਤੇ ਵਸਾ ਲੈਂਦੇ ਤਾਂ

ਜਾਹਿਰ ਇਹ ਵੀ ਹੋ ਚੁੱਕਾ ਹੈ ਸਾਰੀ ਦੁਨੀਆਂ ਲੋਭਾਂ ਮਾਰੀ
ਨਿੱਜ ਸਵਾਰਥ ਛੱਡ ਕੇ ਸਭ ਨੂੰ ਸਾਂਝੀਵਾਲ ਬਣਾ ਲੈਂਦੇ ਤਾਂ

ਬਾਬਾ ਤੇਰੇ ਸੱਚੇ ਸੇਵਕ ਫੇਰ ਅਸੀਂ ਵੀ ਬਣ ਜਾਣਾ ਸੀ
ਮਲਿਕ ਭਾਗੋਆਂ ਨੂੰ ਭੰਡ ਦਿੰਦੇ ਲਾਲੋ ਨੂੰ ਵੱਡਿਆ ਲੈਂਦੇ ਤਾਂ
 (ਬਲਜੀਤ ਪਾਲ ਸਿੰਘ)