Saturday, August 5, 2023

ਗ਼ਜ਼ਲ

ਪੜ੍ਹੀਆਂ ਹੋਈਆਂ ਪੁਸਤਕਾਂ ਦੇ ਨਾਵਾਂ ਦੀ ਚਰਚਾ ਕਰੋ,

ਉਹਨਾਂ ਅੰਦਰ ਦਰਜ ਕੁਝ ਰਚਨਾਵਾਂ ਦੀ ਚਰਚਾ ਕਰੋ।

ਦਿੱਲੀ ਵਿੱਚ ਖੇਤੀ ਅੰਦੋਲਨ ਸੀ ਜਦੋਂ ਭਖਦਾ ਪਿਆ,
ਓਥੇ ਡਟੀਆਂ ਧੀਆਂ ਭੈਣਾਂ ਮਾਵਾਂ ਦੀ ਚਰਚਾ ਕਰੋ।


ਬਹੁਤੇ ਲੋਕੀਂ ਬਹੁਤ ਪਹਿਲਾਂ ਸੱਚ ਹੀ ਤਾਂ ਕਹਿ ਗਏ,
ਤੁਰ ਗਏ ਭਾਈਆਂ ਤੋਂ ਭੱਜੀਆਂ ਬਾਹਵਾਂ ਦੀ ਚਰਚਾ ਕਰੋ।


ਛਾਅ ਗਏ ਜੋ ਅੰਬਰੀਂ ਧਰਤੀ ਤੇ ਛਹਿਬਰ ਲਾ ਗਏ,
ਉਹਨਾਂ ਕਾਲੇ ਬੱਦਲਾਂ ਤੇ ਘਟਾਵਾਂ ਦੀ ਚਰਚਾ ਕਰੋ।


ਸੀਨੇ ਅੰਦਰ ਦੱਬ ਕੇ ਜੋ ਮਰ ਗਈਆਂ ਨੇ ਖਾਹਿਸ਼ਾਂ,
ਅਧੂਰੀਆਂ ਉਹ ਸੱਧਰਾਂ ਤੇ ਚਾਵਾਂ ਦੀ ਚਰਚਾ ਕਰੋ।


ਬਣ ਗਈਆਂ ਸੜਕਾਂ ਨੇ ਭਾਵੇਂ ਪੱਕੀਆਂ ਤੇ ਚੌੜੀਆਂ,
ਬਾਲਪਨ ਵੇਲੇ ਉਹ ਕੱਚੇ ਰਾਹਵਾਂ ਦੀ ਚਰਚਾ ਕਰੋ।


ਕਿੱਥੋਂ ਤੁਰੇ ਤੇ ਕਿੱਥੋਂ ਤੀਕਰ ਆ ਗਏ ਹਾਂ ਤੁਰਦਿਆਂ,
ਯਾਦਾਂ ਵਿੱਚੋਂ ਮਨਫੀ ਹੋਈਆਂ ਥਾਵਾਂ ਦੀ ਚਰਚਾ ਕਰੋ।


ਮੁੱਕੇ ਪਾਣੀ ਸੜ ਗਏ ਜੰਗਲ ਦਾ ਗਾਈਏ ਮਰਸੀਆ,
ਲੇਕਿਨ ਬਚੇ ਰੁੱਖਾਂ ਦੀਆਂ ਛਾਵਾਂ ਦੀ ਚਰਚਾ ਕਰੋ ।
(ਬਲਜੀਤ ਪਾਲ ਸਿੰਘ)

No comments: