ਭਰੋਸੇ ਨਾਲ਼ ਤੁਰਨਾ ਤਰਸ ਦੇ ਪਾਤਰ ਨਹੀਂ ਹੋਣਾ
ਖ਼ੁਦੀ ਦੇ ਨਾਲ ਖੜ੍ਹਨਾ ਹੈ ਕਿਸੇ ਖਾਤਰ ਨਹੀਂ ਹੋਣਾ
ਅਸੀਂ ਸਾਰੇ ਹੀ ਬੜੀਆਂ ਔਕੜਾਂ ਦੇ ਰੂ-ਬਰੂ ਹੋਏ
ਹੋਵੇ ਮੁਸ਼ਕਿਲਾਂ ਤੋਂ ਸੱਖਣਾ ਉਹ ਦਰ ਨਹੀਂ ਹੋਣਾ
ਪਹਿਲਾਂ ਹੀ ਬਥੇਰੀ ਦੇਰ ਹੈ ਜਦ ਬੀਜ ਬੀਜਾਂਗੇ
ਕਿ ਓਦੋਂ ਤੀਕਰਾਂ ਤਾਂ ਖੇਤ ਵਿੱਚ ਵੱਤਰ ਨਹੀਂ ਹੋਣਾ
ਪਰਿੰਦੇ ਆਲ੍ਹਣੇ ਵਿੱਚੋਂ ਸੁਵਖਤੇ ਏਸ ਲਈ ਉੱਡਣ
ਉਡਾਰੀ ਨਾ ਭਰੀ ਤਾਂ ਪੇਟ ਪਾਪੀ ਭਰ ਨਹੀਂ ਹੋਣਾ
ਸਮਾਂ ਕਿੰਨਾ ਵੀ ਹੋਵੇ ਜੇ ਬੁਰਾ ਨਾ ਹੌਸਲਾ ਹਾਰੋ
ਇਹਨਾਂ ਆਸਾਂ ਉਮੀਦਾਂ ਨੇ ਕਦੇ ਪੱਥਰ ਨਹੀਂ ਹੋਣਾ
ਖਿਜਾਵਾਂ ਤੇ ਬਹਾਰਾਂ ਜ਼ਿੰਦਗੀ ਦੀ ਹੀ ਹਕੀਕਤ ਹੈ
ਜਿਦ੍ਹਾ ਪੱਤਾ ਨਹੀਂ ਝੜਿਆ ਕੋਈ ਤਰਵਰ ਨਹੀਂ ਹੋਣਾ
ਇਹ ਜੀਵਨ ਯੁੱਧ ਵਾਂਗੂੰ ਹੈ ਅਸੀਂ ਹਾਂ ਯੋਧਿਆਂ ਵਰਗੇ
ਇਹਨੂੰ ਲੜਨਾ ਹੀ ਪੈਣਾ ਹੈ ਇਹ ਓਦਾਂ ਸਰ ਨਹੀਂ ਹੋਣਾ
(ਬਲਜੀਤ ਪਾਲ ਸਿੰਘ)
No comments:
Post a Comment