ਤਕੜੇ ਦਾ ਤਾਂ ਸੱਤੀਂ ਵੀਹੀਂ ਸੌ ਵੀ ਲੋਕੀਂ ਜਰ ਲੈਂਦੇ ਨੇ
ਮਾੜਾ ਬੰਦਾ ਸਾਹਵੇਂ ਹੋਵੇ ਮੂੰਹ ਵੀ ਪਾਸੇ ਕਰ ਲੈਂਦੇ ਨੇ
ਐਨੀ ਵੱਡੀ ਲਛਮਣ ਰੇਖਾ ਐਨਾ ਵੱਡਾ ਪਾੜਾ ਹੈ ਇਹ
ਤਾਂ ਹੀ ਦੱਬੇ ਕੁਚਲੇ ਹੋਏ ਘੁੱਟ ਸਬਰ ਦਾ ਭਰ ਲੈਂਦੇ ਨੇ
ਰੱਜੇ ਪੁੱਜੇ ਜਦ ਵੀ ਚਾਹੁੰਦੇ ਵੱਡੀ ਕੋਠੀ ਉਸਰ ਜਾਂਦੀ
ਛੋਟੀ ਸਮਰੱਥਾ ਵਾਲੇ ਬਸ ਛੋਟਾ ਜੇਹਾ ਘਰ ਲੈਂਦੇ ਨੇ
ਲੋਕ ਤਾਂ ਏਥੇ ਐਨੇ ਕੁ ਵੀ ਲਾਈਲੱਗ ਹੋ ਚੁੱਕੇ ਨੇ ਕਿ
ਕਾਲੇ ਕੱਛੇ ਵਾਲੇ ਕਹਿਕੇ ਡਾਂਗਾਂ ਥੱਲੇ ਧਰ ਲੈਂਦੇ ਨੇ
ਜਿੰਨਾ ਤਾਈਂ ਵੋਟਾਂ ਪਾ ਕੇ ਸੌਂਪੀ ਤਾਕਤ ਰਾਜ ਭਾਗ ਦੀ
ਓਹੀ ਦੇਖੋ ਬਣੇ ਲਗਾੜੇ ਕੱਚੀਆਂ ਲਗਰਾਂ ਚਰ ਲੈਂਦੇ ਨੇ
(ਬਲਜੀਤ ਪਾਲ ਸਿੰਘ)
No comments:
Post a Comment