Sunday, July 23, 2023

ਦੋ ਗ਼ਜ਼ਲਾਂ

ਖ਼ਤਾ ਕੀਤੀ ਨਹੀਂ ਮੈਂ ਫਿਰ ਸਜ਼ਾ ਕਾਹਤੋਂ ਮਿਲੀ ਹੈ

ਇਹ ਬਦਨਾਮੀ ਹੀ ਐਵੇਂ ਬੇਵਜ੍ਹਾ ਕਾਹਤੋਂ ਮਿਲੀ ਹੈ

ਖਿੜੇ ਮੱਥੇ ਨਹੀਂ ਮਿਲਦੀ ਸਦਾ ਹੀ ਤਿਉੜੀਆਂ ਰੱਖੇ 

ਮਿਲੀ ਇਹ ਜ਼ਿੰਦਗੀ ਹੋ ਕੇ ਕਜ਼ਾ ਕਾਹਤੋਂ ਮਿਲੀ ਹੈ

ਇਹ ਸਭ ਕੁਝ ਜਾਣਦੇ ਹੋਏ ਕਿ ਮੌਸਮ ਬਦਲਦੇ ਰਹਿੰਦੇ 

ਫਿਜ਼ਾ ਜੇਕਰ ਮਿਲੀ ਤਾਂ ਬੇਵਫਾ ਕਾਹਤੋਂ ਮਿਲੀ ਹੈ

ਹਮੇਸ਼ਾ ਮਹਿਕਦੇ ਫੁੱਲਾਂ ਦੁਆਲੇ ਉੱਡਦੇ ਰਹਿਣਾ 

ਇਹਨਾਂ ਤਿਤਲੀਆਂ ਨੂੰ ਇਹ ਅਦਾ ਕਾਹਤੋਂ ਮਿਲੀ ਹੈ 

ਬਣਾ ਕੇ ਪੌੜੀਆਂ ਏਦਾਂ ਹੀ ਸਭ ਨੂੰ ਵਰਤਦੇ ਰਹਿੰਦੇ 

ਸਿਆਸੀ ਲੀਡਰਾਂ ਨੂੰ ਇਹ ਕਲਾ ਕਾਹਤੋਂ ਮਿਲੀ ਹੈ 

(ਬਲਜੀਤ ਪਾਲ ਸਿੰਘ)

ਗ਼ਜ਼ਲ 

ਮਰ ਮਰ ਕੇ ਜਿਉਣਾ ਤੇ ਹਮੇਸ਼ਾ ਕਲਪਦੇ ਰਹਿਣਾ

ਕਈ ਲੋਕਾਂ ਦੀ ਆਦਤ ਹੈ ਸਦਾ ਹੀ ਉਲਝਦੇ ਰਹਿਣਾ

ਤਰੀਕਾ ਇਹ ਨਹੀਂ ਹਰਗਿਜ਼ ਨਰੋਈ ਜ਼ਿੰਦਗਾਨੀ ਲਈ 

ਦੁਪਹਿਰੇ ਊਂਂਘਦੇ ਰਹਿਣਾ ਤੇ ਰਾਤੀਂ ਜਾਗਦੇ ਰਹਿਣਾ 

ਕਲੀ ਕੋਈ ਜਦੋਂ ਮਹਿਕੇ ਰੰਗੀਲੀ ਸ਼ਾਮ ਵੀ ਹੋਵੇ 

ਕਿਸੇ ਦੀ ਯਾਦ ਵਿੱਚ ਗਮਗੀਨ ਹੋਣਾ ਤੜਫਦੇ ਰਹਿਣਾ

ਬੜਾ ਮੁਸ਼ਕਿਲ ਹੈ ਹੁੰਦਾ ਰੁੱਖ ਦੇ ਵਾਂਗਰ ਡਟੇ ਰਹਿਣਾ

ਬੜਾ ਆਸਾਨ ਹੁੰਦਾ ਮੌਸਮਾਂ ਸੰਗ ਬਦਲਦੇ ਰਹਿਣਾ

ਜਿੰਨ੍ਹਾਂ ਦੇ ਮਸਤਿਕਾਂ ਅੰਦਰ ਚਿਣਗ ਚਾਨਣ ਦੀ ਨਾ ਹੋਵੇ 

ਉਹਨਾਂ ਨੇ ਆਖ਼ਰੀ ਦਮ ਤੱਕ ਹਮੇਸ਼ਾ ਭਟਕਦੇ ਰਹਿਣਾ 

ਇਹ ਕਿੰਨਾ ਤਲਖ਼ ਹੈ ਪਰ ਜ਼ਿੰਦਗੀ ਦਾ ਸੱਚ ਵੀ ਇਹੋ

ਕਿ ਆਪਾਂ ਮੋਮਬੱਤੀ ਵਾਂਗ ਹਰ ਪਲ ਪਿਘਲਦੇ ਰਹਿਣਾ 

(ਬਲਜੀਤ ਪਾਲ ਸਿੰਘ)

No comments: