Sunday, May 31, 2026

ਗ਼ਜ਼ਲ


ਚੋਰ ਉਚੱਕਾ ਹਰ ਥਾਂ ਉੱਤੇ ਚੌਧਰ ਕਰ ਕੇ ਪਾਰ ਗਿਆ।

ਐਪਰ ਫੱਕਰ ਬੰਦਾ ਏਥੇ ਹਰ ਥਾਵੇਂ ਹੀ ਹਾਰ ਗਿਆ।


ਆਪਣਿਆਂ ਨੇ ਗਰਜ਼ਾਂ ਖਾਤਰ ਰਿਸ਼ਤੇ ਛਿੱਕੇ ਟੰਗ ਦਿੱਤੇ,

ਰੁੱਤਾਂ ਵੀ ਬੇਰੰਗ ਹੋਈਆਂ ਪੌਣਾਂ ਨੂੰ ਲਕਵਾ ਮਾਰ ਗਿਆ।


ਜੀਵਨ ਪਗਡੰਡੀ ਤੇ ਤੁਰਦੇ ਏਥੋਂ ਤੀਕਰ ਆ ਪਹੁੰਚੇ ਤਾਂ 

ਬੀਤੇ ਵਕਤ ਨੂੰ ਤੱਕਿਆ ਖੜ੍ਹ ਕੇ ਔਖਾ ਕਿੰਨੀ ਵਾਰ ਗਿਆ।


ਪੱਬਾਂ ਭਾਰ ਰਿਹਾ ਹਰ ਵੇਲੇ ਮੈਂ ਤਾਂ ਰੁੱਖ ਲਗਾਉਣ ਲਈ,

ਫੁੱਟੀ ਜਦ ਵੀ ਨਵੀਂ ਕਰੂੰਬਲ ਸੰਘਣਾ ਕੋਹਰਾ ਮਾਰ ਗਿਆ।


ਦੌੜ ਲਗੀ ਹੈ ਦੁਨੀਆ ਅੰਦਰ ਐਸ਼ ਆਰਾਮ ਕਿਵੇਂ ਹੋਵੇ,

ਕੋਈ ਆਪਣੀ ਲੋੜ ਘਟਾ ਕੇ ਆਪਣਾ ਬੁੱਤਾ ਸਾਰ ਗਿਆ।

(ਬਲਜੀਤ ਪਾਲ ਸਿੰਘ)