Sunday, August 13, 2023

ਗ਼ਜ਼ਲ

ਮਿੱਟੀ ਦੇ ਨਾਲ ਮਿੱਟੀ ਹੋਈ ਜਾਨੇ ਆਂ

ਐਥੋਂ ਓਥੇ ਮਿੱਟੀ ਢੋਈ ਜਾਨੇ ਆਂ 

ਦਰਿਆਵਾਂ ਨੇ ਆਖਰ ਵਗਣਾ ਹੇਠਾਂ ਨੂੰ 

ਕਾਹਤੋਂ ਪੁੱਠੀ ਚੱਕੀ ਝੋਈ ਜਾਨੇ ਆਂ 

ਪਹਿਲਾਂ ਮੈਂ ਵੀ ਏਦਾਂ ਕਰਦਾ ਹੁੰਦਾ ਸੀ 

ਦਾਗ਼ ਨਾ ਲੱਥੇ ਦਾਮਨ ਧੋਈ ਜਾਨੇ ਆਂ

ਰਿੜ੍ਹ ਕੇ ਆਉਣਗੇ ਪੱਥਰ ਜਦੋਂ ਪਹਾੜਾਂ ਤੋਂ 

ਮਿੱਧ ਜਾਣੀ ਜੋ ਮਿੱਟੀ ਗੋਈ ਜਾਨੇ ਆਂ 

ਜੋ ਨਿਰਧਨ ਹਨ ਉਹਨਾਂ ਦੀ ਵੀ ਸਾਰ ਲਵੋ 

ਹੁੰਦੇ ਸੁੰਦੇ ਸਭ ਕੁਝ ਰੋਈ ਜਾਨੇ ਆਂ 

ਯਾਦ ਕਿਸੇ ਦੀ ਜਦ ਆਵੇ ਬਰਸਾਤ ਸਮੇਂ 

ਕੱਚੇ ਕੋਠੇ ਵਾਂਗੂੰ ਚੋਈ ਜਾਨੇ ਆਂ 

(ਬਲ

ਜੀਤ ਪਾਲ ਸਿੰਘ)

Saturday, August 12, 2023

ਗ਼ਜ਼ਲ


ਰਹਿਣ ਲਈ ਨਾ ਬਚੀਆਂ ਥਾਵਾਂ 

ਨਾ ਹੀ ਮਾਨਣ ਖਾਤਰ ਛਾਵਾਂ

 

ਬਹੁਤ ਦੁਖੀ ਨੇ ਏਥੇ ਯਾਰੋ,

ਕੁੜੀਆਂ, ਚਿੜੀਆਂ ਨਾਲੇ ਮਾਵਾਂ 


ਏਦਾਂ ਦੇ ਹਾਲਾਤ ਬਣੇ ਨੇ 

ਘੁੱਗੀ ਘੇਰ ਲਈ ਹੈ ਕਾਵਾਂ


ਦੁਨੀਆ ਅਜਬ ਤਰ੍ਹਾਂ ਦੀ ਜਾਪੇ

ਦਮ ਹੈ ਤੋੜ ਮੁਕਾਇਆ ਚਾਵਾਂ


ਚੌਗਿਰਦੇ ਵਿੱਚ ਰਹੀ ਨਾ ਠੰਢਕ 

ਵਗਣ ਸਦਾ ਹੀ ਗਰਮ ਹਵਾਵਾਂ 


ਲੀਰੋ ਲੀਰ ਹੈ ਹੋਇਆ ਦਾਮਨ 

ਕਿੱਦਾਂ ਟਾਕੀ-ਟੱਲਾ ਲਾਵਾਂ 

(ਬਲਜੀਤ ਪਾਲ ਸਿੰਘ)

Saturday, August 5, 2023

ਗ਼ਜ਼ਲ

ਪੜ੍ਹੀਆਂ ਹੋਈਆਂ ਪੁਸਤਕਾਂ ਦੇ ਨਾਵਾਂ ਦੀ ਚਰਚਾ ਕਰੋ,

ਉਹਨਾਂ ਅੰਦਰ ਦਰਜ ਕੁਝ ਰਚਨਾਵਾਂ ਦੀ ਚਰਚਾ ਕਰੋ।

ਦਿੱਲੀ ਵਿੱਚ ਖੇਤੀ ਅੰਦੋਲਨ ਸੀ ਜਦੋਂ ਭਖਦਾ ਪਿਆ,
ਓਥੇ ਡਟੀਆਂ ਧੀਆਂ ਭੈਣਾਂ ਮਾਵਾਂ ਦੀ ਚਰਚਾ ਕਰੋ।


ਬਹੁਤੇ ਲੋਕੀਂ ਬਹੁਤ ਪਹਿਲਾਂ ਸੱਚ ਹੀ ਤਾਂ ਕਹਿ ਗਏ,
ਤੁਰ ਗਏ ਭਾਈਆਂ ਤੋਂ ਭੱਜੀਆਂ ਬਾਹਵਾਂ ਦੀ ਚਰਚਾ ਕਰੋ।


ਛਾਅ ਗਏ ਜੋ ਅੰਬਰੀਂ ਧਰਤੀ ਤੇ ਛਹਿਬਰ ਲਾ ਗਏ,
ਉਹਨਾਂ ਕਾਲੇ ਬੱਦਲਾਂ ਤੇ ਘਟਾਵਾਂ ਦੀ ਚਰਚਾ ਕਰੋ।


ਸੀਨੇ ਅੰਦਰ ਦੱਬ ਕੇ ਜੋ ਮਰ ਗਈਆਂ ਨੇ ਖਾਹਿਸ਼ਾਂ,
ਅਧੂਰੀਆਂ ਉਹ ਸੱਧਰਾਂ ਤੇ ਚਾਵਾਂ ਦੀ ਚਰਚਾ ਕਰੋ।


ਬਣ ਗਈਆਂ ਸੜਕਾਂ ਨੇ ਭਾਵੇਂ ਪੱਕੀਆਂ ਤੇ ਚੌੜੀਆਂ,
ਬਾਲਪਨ ਵੇਲੇ ਉਹ ਕੱਚੇ ਰਾਹਵਾਂ ਦੀ ਚਰਚਾ ਕਰੋ।


ਕਿੱਥੋਂ ਤੁਰੇ ਤੇ ਕਿੱਥੋਂ ਤੀਕਰ ਆ ਗਏ ਹਾਂ ਤੁਰਦਿਆਂ,
ਯਾਦਾਂ ਵਿੱਚੋਂ ਮਨਫੀ ਹੋਈਆਂ ਥਾਵਾਂ ਦੀ ਚਰਚਾ ਕਰੋ।


ਮੁੱਕੇ ਪਾਣੀ ਸੜ ਗਏ ਜੰਗਲ ਦਾ ਗਾਈਏ ਮਰਸੀਆ,
ਲੇਕਿਨ ਬਚੇ ਰੁੱਖਾਂ ਦੀਆਂ ਛਾਵਾਂ ਦੀ ਚਰਚਾ ਕਰੋ ।
(ਬਲਜੀਤ ਪਾਲ ਸਿੰਘ)