Sunday, July 30, 2023

ਗ਼ਜ਼ਲ

ਭਰੋਸੇ ਨਾਲ਼ ਤੁਰਨਾ ਤਰਸ ਦੇ ਪਾਤਰ ਨਹੀਂ ਹੋਣਾ 

ਖ਼ੁਦੀ ਦੇ ਨਾਲ ਖੜ੍ਹਨਾ ਹੈ ਕਿਸੇ ਖਾਤਰ ਨਹੀਂ ਹੋਣਾ 

ਅਸੀਂ ਸਾਰੇ ਹੀ ਬੜੀਆਂ ਔਕੜਾਂ ਦੇ ਰੂ-ਬਰੂ ਹੋਏ

ਹੋਵੇ ਮੁਸ਼ਕਿਲਾਂ ਤੋਂ ਸੱਖਣਾ ਉਹ ਦਰ ਨਹੀਂ ਹੋਣਾ

ਪਹਿਲਾਂ ਹੀ ਬਥੇਰੀ ਦੇਰ ਹੈ ਜਦ ਬੀਜ ਬੀਜਾਂਗੇ 

ਕਿ ਓਦੋਂ ਤੀਕਰਾਂ ਤਾਂ ਖੇਤ ਵਿੱਚ ਵੱਤਰ ਨਹੀਂ ਹੋਣਾ

ਪਰਿੰਦੇ ਆਲ੍ਹਣੇ ਵਿੱਚੋਂ ਸੁਵਖਤੇ ਏਸ ਲਈ ਉੱਡਣ

ਉਡਾਰੀ ਨਾ ਭਰੀ ਤਾਂ ਪੇਟ ਪਾਪੀ ਭਰ ਨਹੀਂ ਹੋਣਾ

ਸਮਾਂ ਕਿੰਨਾ ਵੀ ਹੋਵੇ ਜੇ ਬੁਰਾ ਨਾ ਹੌਸਲਾ ਹਾਰੋ

ਇਹਨਾਂ ਆਸਾਂ ਉਮੀਦਾਂ ਨੇ ਕਦੇ ਪੱਥਰ ਨਹੀਂ ਹੋਣਾ

ਖਿਜਾਵਾਂ ਤੇ ਬਹਾਰਾਂ ਜ਼ਿੰਦਗੀ ਦੀ ਹੀ ਹਕੀਕਤ ਹੈ 

ਜਿਦ੍ਹਾ ਪੱਤਾ ਨਹੀਂ ਝੜਿਆ ਕੋਈ ਤਰਵਰ ਨਹੀਂ ਹੋਣਾ 

ਇਹ ਜੀਵਨ ਯੁੱਧ ਵਾਂਗੂੰ ਹੈ ਅਸੀਂ ਹਾਂ ਯੋਧਿਆਂ ਵਰਗੇ

ਇਹਨੂੰ ਲੜਨਾ ਹੀ ਪੈਣਾ ਹੈ ਇਹ ਓਦਾਂ ਸਰ ਨਹੀਂ ਹੋਣਾ

(ਬਲਜੀਤ ਪਾਲ ਸਿੰਘ)


Sunday, July 23, 2023

ਦੋ ਗ਼ਜ਼ਲਾਂ

ਖ਼ਤਾ ਕੀਤੀ ਨਹੀਂ ਮੈਂ ਫਿਰ ਸਜ਼ਾ ਕਾਹਤੋਂ ਮਿਲੀ ਹੈ

ਇਹ ਬਦਨਾਮੀ ਹੀ ਐਵੇਂ ਬੇਵਜ੍ਹਾ ਕਾਹਤੋਂ ਮਿਲੀ ਹੈ

ਖਿੜੇ ਮੱਥੇ ਨਹੀਂ ਮਿਲਦੀ ਸਦਾ ਹੀ ਤਿਉੜੀਆਂ ਰੱਖੇ 

ਮਿਲੀ ਇਹ ਜ਼ਿੰਦਗੀ ਹੋ ਕੇ ਕਜ਼ਾ ਕਾਹਤੋਂ ਮਿਲੀ ਹੈ

ਇਹ ਸਭ ਕੁਝ ਜਾਣਦੇ ਹੋਏ ਕਿ ਮੌਸਮ ਬਦਲਦੇ ਰਹਿੰਦੇ 

ਫਿਜ਼ਾ ਜੇਕਰ ਮਿਲੀ ਤਾਂ ਬੇਵਫਾ ਕਾਹਤੋਂ ਮਿਲੀ ਹੈ

ਹਮੇਸ਼ਾ ਮਹਿਕਦੇ ਫੁੱਲਾਂ ਦੁਆਲੇ ਉੱਡਦੇ ਰਹਿਣਾ 

ਇਹਨਾਂ ਤਿਤਲੀਆਂ ਨੂੰ ਇਹ ਅਦਾ ਕਾਹਤੋਂ ਮਿਲੀ ਹੈ 

ਬਣਾ ਕੇ ਪੌੜੀਆਂ ਏਦਾਂ ਹੀ ਸਭ ਨੂੰ ਵਰਤਦੇ ਰਹਿੰਦੇ 

ਸਿਆਸੀ ਲੀਡਰਾਂ ਨੂੰ ਇਹ ਕਲਾ ਕਾਹਤੋਂ ਮਿਲੀ ਹੈ 

(ਬਲਜੀਤ ਪਾਲ ਸਿੰਘ)

ਗ਼ਜ਼ਲ 

ਮਰ ਮਰ ਕੇ ਜਿਉਣਾ ਤੇ ਹਮੇਸ਼ਾ ਕਲਪਦੇ ਰਹਿਣਾ

ਕਈ ਲੋਕਾਂ ਦੀ ਆਦਤ ਹੈ ਸਦਾ ਹੀ ਉਲਝਦੇ ਰਹਿਣਾ

ਤਰੀਕਾ ਇਹ ਨਹੀਂ ਹਰਗਿਜ਼ ਨਰੋਈ ਜ਼ਿੰਦਗਾਨੀ ਲਈ 

ਦੁਪਹਿਰੇ ਊਂਂਘਦੇ ਰਹਿਣਾ ਤੇ ਰਾਤੀਂ ਜਾਗਦੇ ਰਹਿਣਾ 

ਕਲੀ ਕੋਈ ਜਦੋਂ ਮਹਿਕੇ ਰੰਗੀਲੀ ਸ਼ਾਮ ਵੀ ਹੋਵੇ 

ਕਿਸੇ ਦੀ ਯਾਦ ਵਿੱਚ ਗਮਗੀਨ ਹੋਣਾ ਤੜਫਦੇ ਰਹਿਣਾ

ਬੜਾ ਮੁਸ਼ਕਿਲ ਹੈ ਹੁੰਦਾ ਰੁੱਖ ਦੇ ਵਾਂਗਰ ਡਟੇ ਰਹਿਣਾ

ਬੜਾ ਆਸਾਨ ਹੁੰਦਾ ਮੌਸਮਾਂ ਸੰਗ ਬਦਲਦੇ ਰਹਿਣਾ

ਜਿੰਨ੍ਹਾਂ ਦੇ ਮਸਤਿਕਾਂ ਅੰਦਰ ਚਿਣਗ ਚਾਨਣ ਦੀ ਨਾ ਹੋਵੇ 

ਉਹਨਾਂ ਨੇ ਆਖ਼ਰੀ ਦਮ ਤੱਕ ਹਮੇਸ਼ਾ ਭਟਕਦੇ ਰਹਿਣਾ 

ਇਹ ਕਿੰਨਾ ਤਲਖ਼ ਹੈ ਪਰ ਜ਼ਿੰਦਗੀ ਦਾ ਸੱਚ ਵੀ ਇਹੋ

ਕਿ ਆਪਾਂ ਮੋਮਬੱਤੀ ਵਾਂਗ ਹਰ ਪਲ ਪਿਘਲਦੇ ਰਹਿਣਾ 

(ਬਲਜੀਤ ਪਾਲ ਸਿੰਘ)

Friday, July 21, 2023

ਗ਼ਜ਼ਲ

ਤਕੜੇ ਦਾ ਤਾਂ ਸੱਤੀਂ ਵੀਹੀਂ ਸੌ ਵੀ ਲੋਕੀਂ ਜਰ ਲੈਂਦੇ ਨੇ

ਮਾੜਾ ਬੰਦਾ ਸਾਹਵੇਂ ਹੋਵੇ ਮੂੰਹ ਵੀ ਪਾਸੇ ਕਰ ਲੈਂਦੇ ਨੇ

 

ਐਨੀ ਵੱਡੀ ਲਛਮਣ ਰੇਖਾ ਐਨਾ ਵੱਡਾ ਪਾੜਾ ਹੈ ਇਹ

ਤਾਂ ਹੀ ਦੱਬੇ ਕੁਚਲੇ ਹੋਏ ਘੁੱਟ ਸਬਰ ਦਾ ਭਰ ਲੈਂਦੇ ਨੇ

 

ਰੱਜੇ ਪੁੱਜੇ ਜਦ ਵੀ ਚਾਹੁੰਦੇ ਵੱਡੀ ਕੋਠੀ ਉਸਰ ਜਾਂਦੀ 

ਛੋਟੀ ਸਮਰੱਥਾ ਵਾਲੇ ਬਸ ਛੋਟਾ ਜੇਹਾ ਘਰ ਲੈਂਦੇ ਨੇ

 

ਲੋਕ ਤਾਂ ਏਥੇ ਐਨੇ ਕੁ ਵੀ ਲਾਈਲੱਗ ਹੋ ਚੁੱਕੇ ਨੇ ਕਿ 

ਕਾਲੇ ਕੱਛੇ ਵਾਲੇ ਕਹਿਕੇ ਡਾਂਗਾਂ ਥੱਲੇ ਧਰ ਲੈਂਦੇ ਨੇ


ਜਿੰਨਾ ਤਾਈਂ ਵੋਟਾਂ ਪਾ ਕੇ ਸੌਂਪੀ ਤਾਕਤ ਰਾਜ ਭਾਗ ਦੀ 

ਓਹੀ ਦੇਖੋ ਬਣੇ ਲਗਾੜੇ ਕੱਚੀਆਂ ਲਗਰਾਂ ਚਰ ਲੈਂਦੇ ਨੇ 

(ਬਲਜੀਤ ਪਾਲ ਸਿੰਘ)

Friday, July 14, 2023

ਗ਼ਜ਼ਲ

 ਚਾਰ ਚੁਫੇਰੇ ਦੁਸ਼ਮਣ ਵਰਗਾ ਕੁਝ ਕੁਝ ਹੈ

ਇੱਕ ਸਦੀਵੀ ਭਟਕਣ ਵਰਗਾ ਕੁਝ ਕੁਝ ਹੈ 


ਜੀਵਨ ਖੁੱਲੇਆਮ ਜਿਹਾ ਨਾ ਬੀਤੇ ਹੁਣ ਇਹ 

ਏਸ ਦੁਆਲੇ ਵਲਗਣ ਵਰਗਾ ਕੁਝ ਕੁਝ ਹੈ 


ਭਾਵੇਂ ਆਪਣੇ ਹੱਥੀਂ ਬੱਚੇ ਓਧਰ ਤੋਰ ਰਹੇ ਹਾਂ 

ਫੇਰ ਵੀ ਏਧਰ ਤੜਫਣ ਵਰਗਾ ਕੁਝ ਕੁਝ ਹੈ 


ਰੂਪ ਬਦਲ ਕੇ ਬਹੁਤ ਸ਼ਿਕਾਰੀ ਘੁੰਮ ਰਹੇ ਨੇ 

ਵਾਂਗ ਪਰਿੰਦਿਆਂ ਫੜਕਣ ਵਰਗਾ ਕੁਝ ਕੁਝ ਹੈ


ਕਦੇ ਨਾ ਆਈ ਰਾਸ ਸਿਆਸਤ ਸਮਿਆਂ ਦੀ 

ਅੱਖਾਂ ਅੰਦਰ ਰੜਕਣ ਵਰਗਾ ਕੁਝ ਕੁਝ ਹੈ 

(ਬਲਜੀਤ ਪਾਲ ਸਿੰਘ)


Saturday, July 8, 2023

ਗ਼ਜ਼ਲ

ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ,

ਲੋਕ ਡਰਾਉਂਦੇ ਤੇ ਕਾਫੀ ਕੁਝ ਕਹਿੰਦੇ ਨੇ ।


ਹਰ ਬੰਦੇ ਵਿੱਚ ਗੁਣ ਵੀ ਹੁੰਦਾ ਔਗੁਣ ਵੀ 

ਆਪਣੀ ਨਿੰਦਾ ਚੁਗਲੀ ਸਾਰੇ ਸਹਿੰਦੇ ਨੇ ‌‌।


ਦੁਨੀਆ ਇੱਕ ਅਖਾੜਾ ਬਣਿਆ ਹੋਇਆ ਹੈ ,

ਤੱਕੜੇ ਲੈਂਦੇ ਢਾਹ ਤੇ ਮਾੜੇ ਢਹਿੰਦੇ ਨੇ । 


ਹਰ ਬੰਦੇ ਦਾ ਏਥੇ ਆਪਣਾ ਰੁਤਬਾ ਹੈ, 

ਕੁਝ ਕੁਰਸੀ ਕੁਝ ਪੈਰਾਂ ਦੇ ਵਿੱਚ ਬਹਿੰਦੇ ਨੇ ।


ਬਹੁਤਿਆਂ ਨੂੰ ਤਾਂ ਸਿਰ ਸੁੱਟਣ ਦੀ ਆਦਤ ਹੈ 

ਵਿਰਲੇ ਜੋ ਸਿੰਘਾਸਨ ਦੇ ਸੰਗ ਖਹਿੰਦੇ ਨੇ ।

(

ਬਲਜੀਤ ਪਾਲ ਸਿੰਘ)