Wednesday, June 7, 2023

ਗ਼ਜ਼ਲ

ਮੈਂ ਕਹਿੰਦਾ ਹਾਂ ਅਜੇ ਵੀ ਡੁਲ੍ਹੇ ਬੇਰਾਂ ਨੂੰ ਜੇ ਚੁਣ ਲਈਏ ਬਚ ਜਾਵਾਂਗੇ

ਝਗੜੇ ਛੱਡ ਕੇ ਆਪਸ ਵਿੱਚ ਜੇ ਮਿਲ ਕੇ ਰਹੀਏ ਬਚ ਜਾਵਾਂਗੇ 


ਦੌਲਤ ਸ਼ੁਹਰਤ ਚੌਧਰ ਹਰ ਥਾਂ ਕੰਮ ਨਹੀਂ ਆਉਂਦੀ ਇਹ ਸਮਝੋ

ਕਾਇਮ ਰੱਖੀਏ ਭਾਈਚਾਰਾ ਤੇ ਭਾਈਆਂ ਵਿੱਚ ਬਹੀਏ ਬਚ ਜਾਵਾਂਗੇ 


ਚੋਰੀ,ਠੱਗੀ ਅਤੇ ਤਸਕਰੀ ਜੋ ਕਰਦੇ ਉਹਨਾਂ ਨੂੰ ਮੂੰਹ ਨਾ ਲਾਓ

ਪੰਚਾਇਤਾਂ ਸੱਥਾਂ ਵਿੱਚ ਜੇ ਸੱਚੀ ਗੱਲ ਮੂੰਹ ਤੇ ਕਹੀਏ ਬਚ ਜਾਵਾਂਗੇ 


ਅੰਨੀ ਦੌੜ ਹੈ ਪੈਸੇ ਪਿੱਛੇ ਭੱਜੀ ਫਿਰਦੀ ਸਾਰੀ ਇਹ ਦੁਨੀਆ 

ਨੇਕੀ ਕਰੀਏ ਮਾੜੇ ਕੰਮਾਂ ਵਿੱਚ ਜੇ ਨਾ ਪਈਏ ਬਚ ਜਾਵਾਂਗੇ


ਸਦੀਆਂ ਤੋਂ ਜੋ ਤੁਰੇ ਆਉਂਦੀਆਂ ਚੰਗੀਆਂ ਰੀਤਾਂ ਚੰਗੀਆਂ ਰਸਮਾਂ 

ਉਹਨਾਂ ਉੱਤੇ ਪਹਿਰਾ ਦਈਏ ਤੇ ਨਾ ਲੀਹੋਂ ਲਹੀਏ ਬਚ ਜਾਵਾਂਗੇ 

(ਬਲਜੀਤ ਪਾਲ ਸਿੰਘ)


No comments: