ਬੇਰੰਗ ਹੋਏ ਗੁਲਸ਼ਨ ਅੰਦਰ ਫੁੱਲ ਉਗਾਈਏ ਤਾਂ ਚੰਗਾ ਹੈ
ਰੁੱਖਾਂ ਵਰਗੇ ਇਨਸਾਨਾ ਸੰਗ ਯਾਰੀ ਲਾਈਏ ਤਾਂ ਚੰਗਾ ਹੈ
ਆਪਣੀ ਮਰਜ਼ੀ ਕਰੀਏ ਜਿਥੇ ਲੋੜ ਪਵੇ ਪਰ ਫਿਰ ਵੀ
ਜੱਗ ਭਾਉਂਦਾ ਪਾਈਏ ਤੇ ਮਨਭਾਉਂਦਾ ਖਾਈਏ ਤਾਂ ਚੰਗਾ ਹੈ
ਬਹੁਤਾ ਹੀ ਮਨ ਅੱਕ ਗਿਆ ਇੱਕੋ ਹੀ ਥਾਂ ਉੱਤੇ ਰਹਿ ਕੇ
ਜਿਹੜੀ ਵੀ ਥਾਂ ਚੰਗੀ ਲੱਗੇ ਓਥੇ ਜਾਈਏ ਤਾਂ ਚੰਗਾ ਹੈ
ਪਹਿਲਾਂ ਵਾਲੇ ਸੱਜਣਾਂ ਨੇ ਹੀ ਬਹੁਤੇ ਚੰਦ ਚੜ੍ਹਾ ਰੱਖੇ ਨੇ
ਸੋਚ ਸਮਝ ਕੇ ਅੱਗੇ ਤੋਂ ਹੁਣ ਯਾਰ ਬਣਾਈਏ ਤਾਂ ਚੰਗਾ ਹੈ
ਕੂੜ ਹਨੇਰਾ ਏਥੇ ਏਨਾ ਕੁ ਵਧ ਚੁੱਕਾ ਹੈ ਕਿ ਆਪਾਂ ਹੁਣ
ਇਸ ਨਗਰੀ 'ਚੋਂ ਚੁਪ ਚੁਪੀਤੇ ਚਾਲੇ ਪਾਈਏ ਤਾਂ ਚੰਗਾ ਹੈ
(ਬਲਜੀਤ ਪਾਲ ਸਿੰਘ)
No comments:
Post a Comment