Wednesday, June 21, 2023

ਗ਼ਜ਼ਲ

ਆਮ ਜਿਹੇ ਲੋਕਾਂ ਦੇ ਪੁੱਤਰ ਮਰਦੇ ਨੇ ਸਰਹੱਦਾਂ ਉੱਤੇ 

ਨੇਤਾ-ਗਣ ਤਾਂ ਭਾਸ਼ਣ-ਬਾਜ਼ੀ ਕਰਦੇ ਨੇ ਸਰਹੱਦਾਂ ਉੱਤੇ 


ਕੀ ਕਦੇ ਅੰਬਾਨੀ,ਟਾਟੇ,ਬਿਰਲੇ ਦਾ ਪੁੱਤ ਫੌਜੀ ਹੋਇਆ 

ਕਿਰਸਾਨਾਂ ਮਜ਼ਦੂਰਾਂ ਦੇ ਪੁੱਤ ਠਰਦੇ ਨੇ ਸਰਹੱਦਾਂ ਉੱਤੇ 


ਜਦੋਂ ਕਦੇ ਵੀ ਮਾਂ ਦੇ ਜਾਏ ਫੌਜਾਂ ਵਿੱਚ ਹੋ ਜਾਂਦੇ ਭਰਤੀ 

ਪਹਿਲਾਂ ਖਾਲੀ ਹੋਈਆਂ ਥਾਵਾਂ ਭਰਦੇ ਨੇ ਸਰਹੱਦਾਂ ਉੱਤੇ 


ਜੋ ਬੈਠੇ ਨੇ ਕੁਰਸੀ ਉੱਤੇ ਰਿਸ਼ਵਤ ਖਾ ਖਾ ਢਿੱਡ ਵਧਾਇਆ

ਖ਼ਬਰਾਂ ਸੁਣ ਕੇ ਜੰਗ ਦੀਆਂ ਉਹ ਡਰਦੇ ਨੇ ਸਰਹੱਦਾਂ ਉੱਤੇ 


ਤੰਗੀ ਤੁਰਸ਼ੀ ਵਾਲੇ ਹਰ ਥਾਂ ਤੁਰ ਜਾਂਦੇ ਰੁਜ਼ਗਾਰ ਦੀ ਖਾਤਰ 

ਉਹ ਨਹੀਂ ਜਾਂਦੇ ਜਿਹੜੇ ਪੁਜਦੇ ਸਰਦੇ ਨੇ ਸਰਹੱਦਾਂ ਉੱਤੇ 


ਜਿਹਨਾਂ ਜੰਗ ਸਿਆਸਤ ਕੀਤੀ ਉਹ ਬੈਠੇ ਨੇ ਮਹਿਲਾਂ ਅੰਦਰ

ਝੂਠ ਕੁਫ਼ਰ ਉਹ ਬੋਲ ਕੇ ਪਾਉਂਦੇ ਪਰਦੇ ਨੇ ਸਰਹੱਦਾਂ ਉੱਤੇ 



(ਬਲਜੀਤ ਪਾਲ ਸਿੰਘ)

No comments: