Tuesday, April 25, 2023

ਗ਼ਜ਼ਲ

 

ਚੋਰ ਬਜ਼ਾਰੀ ਬਹੁਤ ਵਧੀ ਹੈ ਵਧੀਆਂ ਹੇਰਾ ਫੇਰੀਆਂ 

ਏਸ ਲਈ ਦਾਣਾ ਮੰਡੀ ਵਿੱਚ ਖਿੱਲਰ ਗਈਆਂ ਢੇਰੀਆਂ


ਐਵੇਂ ਉੱਚੀਆਂ 'ਵਾਵਾਂ ਵਿੱਚ ਨਾ ਉੱਡ ਮੇਰੇ ਐ ਦਿਲਾ 

ਅੰਬਰ ਤੀਕ ਗ਼ੁਬਾਰ ਚੜ੍ਹੇ ਨੇ ਚੜ੍ਹੀਆਂ ਦੇਖ ਹਨੇਰੀਆਂ  

 

ਜੇਕਰ ਕਿਧਰੇ ਇਸ਼ਕ ਮੁਹੱਬਤ ਵਾਲਾ ਝਗੜਾ ਵੀ ਹੋਵੇ ਤਾਂ 

ਓਦੋਂ ਮੇਰੀ ਹਾਉਮੈ ਮਰਦੀ ਮਰਨ ਆਕੜਾਂ ਮੇਰੀਆਂ 


ਸ਼ਾਂਤ ਸਦਾ ਨਹੀਂ ਰਹਿੰਦਾ ਵਗਦੇ ਦਰਿਆਵਾਂ ਦਾ ਪਾਣੀ 

ਉਸਦੇ ਵੀ ਅੰਗ ਸੰਗ ਹਮੇਸ਼ਾਂ ਰਹਿੰਦੀਆਂ ਘੁੰਮਣ-ਘੇਰੀਆਂ


ਵਾਜਿਬ ਨਹੀਂ ਕਿ ਹੋਰ ਕਿਸੇ ਨੂੰ ਐਵੇਂ ਹੀ ਦੋਸ਼ੀ ਠਹਿਰਾਈਏ

ਬਹੁਤੀ ਵਾਰੀ ਮਸਲਾ ਬਣਦਾ ਅਸੀਂ ਜੋ ਕਰੀਆਂ ਦੇਰੀਆਂ 


ਅੱਜ ਕੱਲ ਭਾਵੇਂ ਨਵੇਂ ਜ਼ਮਾਨੇ ਦੇ ਰੁੱਖ ਕਿੰਨੇ ਹੀ ਆਏ  

ਤਾਂ ਵੀ ਆਉ ਅਸੀਂ ਲਗਾਈਏ ਪਿੱਪਲ ਨਿੰਮਾਂ ਬੇਰੀਆਂ 

(ਬਲਜੀਤ ਪਾਲ ਸਿੰਘ)


Sunday, April 9, 2023

ਗ਼ਜ਼ਲ

ਲੋਕਾਂ ਖਾਤਰ ਜੋ ਨਹੀਂ ਲਿਖਦੇ, ਉਹ ਸਰਕਾਰਾਂ ਪੱਖੀ ਨੇ

ਹੱਕਾਂ ਖਾਤਰ ਜੋ ਨਹੀਂ ਲੜਦੇ, ਉਹ ਸਰਕਾਰਾਂ ਪੱਖੀ ਨੇ


ਧੁਖਦੇ ਰਹਿੰਦੇ ਅੰਦਰੋਂ ਅੰਦਰ ਪਰ ਗੋਲੇ ਬਾਰੂਦੀ ਵਾਂਗ

ਭਾਂਬੜ ਬਣਕੇ ਜੋ ਨਹੀਂ ਮੱਚਦੇ, ਉਹ ਸਰਕਾਰਾਂ ਪੱਖੀ ਨੇ


ਸੱਦਾ ਪੱਤਰ ਜੇ ਸਰਕਾਰੀ ਦਫ਼ਤਰ ਭੇਜੇ ਤਾਂ ਓਥੇ ਫਿਰ 

ਭਾਸ਼ਣ ਦਿੰਦੇ ਬਹਿਸਾਂ ਕਰਦੇ, ਉਹ ਸਰਕਾਰਾਂ ਪੱਖੀ ਨੇ


ਜੀਵਨ ਵਿੱਚ ਰਵਾਨੀ ਹੋਣੀ ਚਾਹੀਦੀ ਹੈ ਨਦੀਆਂ ਵਾਂਗ 

ਬੋਚ ਬੋਚ ਕੇ ਜੋ ਪੱਬ ਧਰਦੇ,ਉਹ ਸਰਕਾਰਾਂ ਪੱਖੀ ਨੇ

 

ਆਟਾ ਦਾਲ ਸਹੂਲਤ ਨਿਰਧਨ ਨੂੰ ਤਾਂ ਮਿਲਣੀ ਚਾਹੀਦੀ  

ਜਿਹੜੀ ਲੈਂਦੇ ਪੁੱਜਦੇ ਸਰਦੇ, ਉਹ ਸਰਕਾਰਾਂ ਪੱਖੀ ਨੇ


ਕਾਲੀ ਰਾਤ ਹਨੇਰੇ ਅੰਦਰ,ਜੋ ਕਰਦੇ ਨੇ ਕਾਲਾ ਧੰਦਾ 

ਚਾਨਣ ਕੋਲੋਂ ਜਿਹੜੇ ਡਰਦੇ,ਉਹ ਸਰਕਾਰਾਂ ਪੱਖੀ ਨੇ 

(ਬਲਜੀਤ ਪਾਲ ਸਿੰਘ)

Saturday, April 1, 2023

ਗ਼ਜ਼ਲ

ਜਦ ਵੀ ਮਨ ਦਾ ਕਾਗਜ਼ ਕੋਰਾ ਹੋਵੇ ਤਾਂ ਲਿਖ ਲੈਂਦਾ ਹਾਂ 

ਜੀਵਨ ਅੰਦਰ ਕੋਈ ਝੋਰਾ ਹੋਵੇ ਤਾਂ ਲਿਖ ਲੈਂਦਾ ਹਾਂ 


ਘਰ ਤੋਂ ਦੂਰ ਨਹਿਰ ਦੇ ਕੰਢੇ ਜਦ ਵੀ ਬੈਠਾ ਹੋਵਾਂ ਤਾਂ  

ਕੰਮ ਕਾਰ ਦਾ ਫ਼ਿਕਰ ਨਾ ਭੋਰਾ ਹੋਵੇ ਤਾਂ ਲਿਖ ਲੈਂਦਾ ਹਾਂ


ਮਨ ਮਸਤਕ ਵਿੱਚ ਮਹਿਕਾਂ ਛੱਡਦੀ ਖਾਮ ਖ਼ਿਆਲੀ ਹੋਵੇ 

ਰੁੱਤਾਂ ਬਦਲਣ ਫੇਰਾ ਤੋਰਾ ਹੋਵੇ ਤਾਂ ਲਿਖ ਲੈਂਦਾ ਹਾਂ


ਬਹੁਤੀ ਦੌਲਤ ਹਾਸਲ ਕਰਕੇ ਦਿਲ ਦੀ ਸ਼ਾਂਤੀ ਨੂੰ 

ਜੇਕਰ ਖਾਂਦਾ ਸੁਸਰੀ ਢੋਰਾ ਹੋਵੇ ਤਾਂ ਲਿਖ ਲੈਂਦਾ ਹਾਂ 


ਕਰਦੇ ਨਾ ਉਹ ਲੋਕ ਤਰੱਕੀ ਖੁਦਗਰਜ਼ੀ ਦਾ ਜਿਨ੍ਹਾਂ ਨੂੰ 

ਲੱਗਿਆ ਹੋਇਆ ਕੋਈ ਖੋਰਾ ਹੋਵੇ ਤਾਂ ਲਿਖ ਲੈਂਦਾ ਹਾਂ 

(ਬਲਜੀਤ ਪਾਲ ਸਿੰਘ)