Sunday, December 25, 2022

ਗ਼ਜ਼ਲ

ਬਦਲਦੇ ਪਹਿਰਾਵਿਆਂ ਦੇ ਰੂ-ਬਰੂ ਹੁੰਦਾ ਗਿਆ

ਇਸ ਤਰ੍ਹਾਂ ਮੈਂ ਜ਼ਿੰਦਗੀ ਤੋਂ ਸੁਰਖ਼ਰੂ ਹੁੰਦਾ ਗਿਆ

ਉਂਗਲੀ ਫੜ ਤੁਰਨ ਜਿਹੜਾ ਸਿੱਖਿਆ ਮੈਥੋਂ ਕਦੇ
ਸਿੱਖ ਕੇ ਚਾਲਾਂ  ਉਹ ਮੇਰਾ ਹੀ ਗੁਰੂ ਹੁੰਦਾ ਗਿਆ 

ਚਮਕ ਵਾਲੇ ਰਿਸ਼ਤਿਆਂ ਨੇ ਬੰਦ ਬੂਹੇ ਕਰ ਲਏ
ਹਰ ਸਬੰਧੀ ਸਾਕ ਤੋਂ ਬੇ-ਆਬਰੂ ਹੁੰਦਾ ਗਿਆ 

ਦਿਲ ਦਾ ਮਹਿਰਮ ਦੂਰ ਹੋਇਆ ਇਸ ਤਰ੍ਹਾਂ ਕਿ
ਅੰਬਰਾਂ ਤੇ ਪਹੁੰਚ ਕੇ ਤਾਰਾ ਧਰੂ ਹੁੰਦਾ ਗਿਆ

ਕੱਲ-ਮ-ਕੱਲਾ ਘੁੰਮਦਾ ਹਾਂ ਇਹਨੀਂ ਦਿਨੀਂ ਮੈਂ
ਸਾਜ਼ ਨਾਲੋਂ ਵੱਖਰਾ ਜਿਓਂ ਘੁੰਗਰੂ ਹੁੰਦਾ ਗਿਆ

ਜਦ ਕਚਿਹਰੀ ਪੇਸ਼ੀਆਂ ਪਈਆਂ ਤਾਂ ਓਦੋਂ ਵੀ
ਬਹਿਸ ਦਾ ਮੁੱਦਾ ਮੇਰੇ ਤੋਂ ਹੀ ਸ਼ੁਰੂ ਹੁੰਦਾ ਗਿਆ
(ਬਲਜੀਤ ਪਾਲ ਸਿੰਘ))

No comments: