Thursday, August 30, 2012

ਗ਼ਜ਼ਲ

ਉਹਨੂੰ ਆਪਣਾ ਬਣਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ
ਕੋਈ ਹਸਰਤ ਜਗਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਉਹਦੇ ਕਦਮਾਂ ਦੀਆਂ ਪੈੜਾਂ ਸਮਾਂ ਜੇ ਮੇਟ ਨਾ ਦਿੰਦਾ
ਮੈ  ਤੀਰਥ ਵੀ ਬਣਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਇਹ ਜੋ ਵੀ ਹਾਦਸੇ ਹੋਏ ਬੜੇ ਨਜ਼ਦੀਕ ਹੋਏ ਨੇ
ਕਿਵੇਂ ਨਜ਼ਰਾਂ ਹਟਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਹਨੇਰੀ ਰਾਤ ਦੇ ਮੱਥੇ ਕਦੇ ਇਲਜ਼ਾਮ ਨਾ ਹੁੰਦੇ
ਕੋਈ ਦੀਪਕ ਜਗਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ

ਮਿਰੇ ਮੂਹਰੇ ਖਲੋਤੀ ਹੈ ਜੋ ਸੈਨਾ ਕੌਰਵਾਂ ਵਾਲੀ
ਕਿਤੇ ਜੇਕਰ ਹਰਾ ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ

ਇਹਨਾਂ ਬਿਰਖਾਂ ਪਰਿੰਦਿਆਂ ਨੂੰ ਤਪਸ਼ ਨੇ ਰਾਖ ਕਰ ਦੇਣਾ
ਮੈਂ ਚਾਹੁੰਦਾ ਸੀ ਬਚਾ ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ

                                 (ਬਲਜੀਤ ਪਾਲ ਸਿੰਘ)

Thursday, August 16, 2012

ਗ਼ਜ਼ਲ

ਜਦ ਵੀ ਉਸਦਾ ਖਤ ਪੜ੍ਹਿਆ ਪਛਤਾਏ ਹਾਂ
ਹਾਏ ਕਿਹੜੀ ਰੁੱਤੇ ਓਹਨੂੰ ਛੱਡ ਕੇ ਆਏ ਹਾਂ

 ਸਫਰ ਅਨੋਖਾ ਰਸਤੇ ਵਿੰਗੇ ਟੇਢੇ ਸੀ
ਤਾਂ ਹੀ ਪੈਰੀਂ  ਛਾਲੇ ਅਤੇ ਤਿਹਾਏ ਹਾਂ

ਫੜਿਆ ਹੁੰਦਾ ਲੜ ਜੇਕਰ ਖੁਦਗਰਜ਼ੀ ਦਾ
ਇਹ ਨਾਂ ਕਹਿੰਦੇ ਸਮਿਆਂ ਬੜੇ ਸਤਾਏ ਹਾਂ

ਪਰਖਣਗੇ ਜਰਵਾਣੇ ਕੱਲਾ ਕਰ ਕਰ ਕੇ
ਏਸੇ ਖਾਤਿਰ ਲਾਈਨਾਂ ਵਿਚ ਲਗਾਏ ਹਾਂ

ਸੋਹਲੇ ਗਾਉਂਦੇ ਰਹਿੰਦੇ ਨਿੱਤ ਹਰਿਆਲੀ ਦੇ
ਲੇਕਿਨ ਰੁੱਤਾਂ  ਕੜਬਾਂ ਵਾਂਗ ਸੁਕਾਏ ਹਾਂ

ਕਦ ਸੁਲਝੇਗਾ ਤਾਣਾ ਜਿਹੜਾ ਉਲਝ ਗਿਆ
ਬਸ ਇਹਨਾਂ ਹੀ ਫਿਕਰਾਂ  ਮਾਰ ਮੁਕਾਏ ਹਾਂ

                  (ਬਲਜੀਤ ਪਾਲ ਸਿੰਘ)

Saturday, August 4, 2012

ਗ਼ਜ਼ਲ

ਮੈਂ ਤੱਕਿਆ ਅਸ਼ਿਕਾਂ ਨੂੰ ਜਦ ਵੀ ਹਾਉਕੇ ਭਰਦਿਆਂ ਤੱਕਿਆ
ਦਰਦ ਹੋਰਾਂ ਦਾ ਆਪਣੇ ਹਿਰਦਿਆਂ ਤੇ ਜਰਦਿਆਂ ਤੱਕਿਆ

ਜਦੋਂ ਵੀ ਹਾਦਸਾ ਕੋਈ ਕਿਸੇ ਵੀ ਸੜਕ ਤੇ ਹੋਇਆ
ਉਹ ਮੰਜ਼ਿਰ ਜਾਨਲੇਵਾ ਸੀ ਮਸਾਂ ਹੀ ਡਰਦਿਆਂ ਤੱਕਿਆ

ਇਹ ਸੁਣਿਆ ਪਿਆਰ ਤੇ ਤਕਰਾਰ ਵਿਚ ਸਭ ਜਾਇਜ਼ ਹੀ ਹੁੰਦਾ
ਕੋਈ ਸ਼ਿਕਵਾ ਨਹੀਂ ਕੀਤਾ ਜੇ ਖੁਦ ਨੂੰ ਹਰਦਿਆਂ ਤੱਕਿਆ

ਜੇ ਲੇਬਰ ਚੌਂਕ ਵਿਚ ਜਾ ਕੇ ਕਦੇ ਉਹ ਦੇਖੀਆਂ ਅੱਖਾਂ
ਜਿਹਨਾਂ ਅੱਖਾਂ ਨੂੰ ਬਿਨ ਮੌਤੋਂ ਰੋਜ਼ਾਨਾ ਮਰਦਿਆਂ ਤੱਕਿਆ

ਇਹ ਮਾਨਵ ਆਪਣੀ ਹੀ ਜਾਤ ਦਾ ਅੱਜ ਬਣ ਗਿਆ ਵੈਰੀ
ਅਸੀਂ ਤਾਂ ਪੰਛੀਆਂ ਨੂੰ ਹੀ ਮੁਹੱਬਤ ਕਰਦਿਆਂ ਤੱਕਿਆ

                       (ਬਲਜੀਤ ਪਾਲ ਸਿੰਘ)