ਨਹੀਂ ਉਹ ਬੋਲ ਸੁਣਦੇ ਹੁਣ ਜੋ ਸਨ ਮਿਸ਼ਰੀ ਦੀਆਂ ਡਲੀਆਂ
ਉਮਰ ਦੇ ਪਹਿਰ ਸਾਰੇ ਬੀਤ ਚੱਲੇ ਤੇ ਤਿਕਾਲਾਂ ਵੀ ਨੇ ਢਲੀਆਂ
ਚਲੋ ਮੈਂ ਏਸ ਉਮਰੇ ਫਿਰ ਸੁਭਾਅ ਨੂੰ ਬਦਲ ਕੇ ਵੇਖਾਂ
ਉਹਨਾਂ ਤੇ ਘੁੰਮੀਏਂ ਜੋ ਦੂਰ ਦਿੱਸਣ ਖੁਸ਼ਨੁਮਾ ਗਲੀਆਂ
ਮਨੁੱਖ ਨੂੰ ਰੋਗ ਨੇ ਬਹੁਤੇ ਦਵਾਈਆਂ ਬਹੁਤ ਖਾਂਦਾ ਹੈ
ਨਾ ਹੋਏ ਰੋਗ ਹੀ ਰਾਜ਼ੀ ਅਤੇ ਮਰਜਾਂ ਨਹੀਂ ਟਲੀਆਂ
ਕਦੇ ਪਿੱਛੇ ਜਿਹੇ ਰਹਿ ਤੇਜ਼ ਤੁਰਦੇ ਲੋਕ ਦੇਖਾਂ ਤਾਂ
ਮੈਂ ਸੋਚਾਂ ਪੁੰਨ ਕੀਤੇ ਨੇ ਇਹਨਾਂ ਨੂੰ ਮਿਲਦੀਆਂ ਫ਼ਲੀਆਂ
ਅਸੀਂ ਪਹਿਲਾਂ ਜਿਹੇ ਹਾਂ ਫੇਰ ਮਿਲ ਕੇ ਵੇਖ ਲੈਣਾ ਜੀ
ਅਸਾਨੂੰ ਅੱਜ ਵੀ ਭਾਉਂਦੇ ਫ਼ਿਜ਼ਾ ਵਿੱਚ ਫੁੱਲ ਤੇ ਕਲੀਆਂ
ਜਿੰਨਾ ਲਈ ਰੁੱਖ ਲਾਏ ਮੈਂ ਅਤੇ ਗਮਲੇ ਸਜਾਏ ਸੀ
ਪਤਾ ਨਹੀਂ ਕਿੰਝ ਹੋਇਆ ਫਾਸਲਾ ਤੋਰਾਂ ਨਹੀਂ ਰਲੀਆਂ
(ਬਲਜੀਤ ਪਾਲ ਸਿੰਘ)
No comments:
Post a Comment