Sunday, December 25, 2022

ਗ਼ਜ਼ਲ

ਬਦਲਦੇ ਪਹਿਰਾਵਿਆਂ ਦੇ ਰੂ-ਬਰੂ ਹੁੰਦਾ ਗਿਆ

ਇਸ ਤਰ੍ਹਾਂ ਮੈਂ ਜ਼ਿੰਦਗੀ ਤੋਂ ਸੁਰਖ਼ਰੂ ਹੁੰਦਾ ਗਿਆ

ਉਂਗਲੀ ਫੜ ਤੁਰਨ ਜਿਹੜਾ ਸਿੱਖਿਆ ਮੈਥੋਂ ਕਦੇ
ਸਿੱਖ ਕੇ ਚਾਲਾਂ  ਉਹ ਮੇਰਾ ਹੀ ਗੁਰੂ ਹੁੰਦਾ ਗਿਆ 

ਚਮਕ ਵਾਲੇ ਰਿਸ਼ਤਿਆਂ ਨੇ ਬੰਦ ਬੂਹੇ ਕਰ ਲਏ
ਹਰ ਸਬੰਧੀ ਸਾਕ ਤੋਂ ਬੇ-ਆਬਰੂ ਹੁੰਦਾ ਗਿਆ 

ਦਿਲ ਦਾ ਮਹਿਰਮ ਦੂਰ ਹੋਇਆ ਇਸ ਤਰ੍ਹਾਂ ਕਿ
ਅੰਬਰਾਂ ਤੇ ਪਹੁੰਚ ਕੇ ਤਾਰਾ ਧਰੂ ਹੁੰਦਾ ਗਿਆ

ਕੱਲ-ਮ-ਕੱਲਾ ਘੁੰਮਦਾ ਹਾਂ ਇਹਨੀਂ ਦਿਨੀਂ ਮੈਂ
ਸਾਜ਼ ਨਾਲੋਂ ਵੱਖਰਾ ਜਿਓਂ ਘੁੰਗਰੂ ਹੁੰਦਾ ਗਿਆ

ਜਦ ਕਚਿਹਰੀ ਪੇਸ਼ੀਆਂ ਪਈਆਂ ਤਾਂ ਓਦੋਂ ਵੀ
ਬਹਿਸ ਦਾ ਮੁੱਦਾ ਮੇਰੇ ਤੋਂ ਹੀ ਸ਼ੁਰੂ ਹੁੰਦਾ ਗਿਆ
(ਬਲਜੀਤ ਪਾਲ ਸਿੰਘ))

Saturday, December 3, 2022

ਗ਼ਜ਼ਲ

ਥੋੜੇ ਲੋਕੀਂ ਜੀਵਨ ਦੀਆਂ ਬਹਾਰਾਂ ਮਾਣ ਰਹੇ ਨੇ 

ਬਾਕੀ ਤਾਂ ਬਸ ਐਵੇਂ ਮਿੱਟੀ ਘੱਟਾ ਛਾਣ ਰਹੇ ਨੇ 


ਬਹੁਤੇ ਬੰਦੇ ਚਾਹੁੰਦੇ ਚਲੋ ਕਮਾ ਲਈਏ ਦੌਲਤ 

ਵਿਰਲੇ ਟਾਂਵੇਂ ਕੁਦਰਤ ਦੇ ਭੇਦਾਂ ਨੂੰ ਜਾਣ ਰਹੇ ਨੇ 


ਧਰਮਾਂ ਦੇ ਨਾਂਅ ਉੱਤੇ ਬੜੀ ਸਿਆਸਤ ਹੋਈ ਹੈ 

ਬਾਬੇ ਡੇਰੇ ਉਹਨਾਂ ਲਈ ਸੋਨੇ ਦੀ ਖਾਣ ਰਹੇ ਨੇ


ਭੋਲੇ ਨੇ ਲੋਕੀਂ ਕਿ ਜੋ ਉਹਨਾਂ ਨੂੰ ਲੁੱਟਣ ਮਾਰਨ

ਉਹਨਾਂ ਦਾ ਹੀ ਫਿਰ ਕਰਦੇ ਗੁਣ-ਗਾਣ ਰਹੇ ਨੇ 


ਸਾਡੇ ਪਿੰਡ ਸੰਤਾਪ ਭੋਗਦੇ ਨੇ ਕੁਝ ਏਸ ਤਰ੍ਹਾਂ   

ਏਥੋਂ ਕਰੀਏ ਹਿਜਰਤ ਸਾਰੇ ਇਹੋ ਠਾਣ ਰਹੇ ਨੇ

(ਬਲਜੀਤ ਪਾਲ ਸਿੰਘ) 

ਗ਼ਜ਼ਲ

ਮੰਜ਼ਿਲ ਜਿੰਨੀ ਦੇਰ ਮਿਲੇ ਨਾ ਰਾਹੀਆਂ ਦੇ ਨਾ ਰਾਹ ਮੁਕਦੇ ਨੇ

ਸਿਰੜੀ ਬੰਦੇ ਤੁਰਦੇ ਰਹਿੰਦੇ ਧਰਤੀ-ਅੰਬਰ ਗਾਹ ਮੁਕਦੇ ਨੇ

ਉਂਝ ਤਾਂ ਬੰਦਾ ਵਕਤ ਤੋਂ ਕਿੰਨਾ ਚਿਰ ਪਹਿਲਾਂ ਹੀ ਮਰ ਜਾਂਦਾ ਹੈ
ਮੌਤ ਸਮੇਂ ਤਾਂ ਕੇਵਲ ਉਸਦੇ  ਰਹਿੰਦੇ ਖੂੰਹਦੇ ਸਾਹ ਮੁਕਦੇ ਨੇ

ਟੁੱਟੇ ਸ਼ੀਸ਼ੇ ਦੇ ਕੀਚਰ ਤੋਂ  ਸੰਭਲ ਕੇ ਹੀ ਲੰਘਣਾ  ਪੈਣਾ
ਚਲਦੀ ਰਹੇ ਘੜੀ ਦੀ ਸੂਈ ਜੀਵਨ ਦੇ ਪਲ ਧਾਹ ਮੁਕਦੇ ਨੇ

ਜਦ ਵੀ ਕੋਈ ਘੋਰ ਨਿਰਾਸ਼ਾ ਜੀਵਨ ਦੇ ਵਿੱਚ ਆ ਜਾਂਦੀ ਹੈ
ਕੋਮਲ ਭਾਵ ਵਿਅਕਤੀ ਓਦੋਂ ਵੀ ਸਾਰਾ ਗ਼ਮ ਖਾਹ ਮੁਕਦੇ ਨੇ 

ਛੱਡ ਜਾਂਦੇ ਨੇ ਅੱਧਵਾਟੇ ਹੀ ਜਦੋਂ ਕਦੇ ਵੀ ਸਾਕ ਸਬੰਧੀ
ਓਦੋਂ ਵੀ ਤਾਂ ਠੁੰਮਣਾ ਦਿੰਦੇ ਕਈ ਵਸੀਲੇ  ਵਾਹ ਮੁਕਦੇ ਨੇ

ਲੰਮੀ ਉਮਰ ਦਾ ਕੀ ਫਾਇਦਾ ਹੈ ਜੇਕਰ ਮੰਜਾ ਮੱਲੀ ਰੱਖਿਆ
ਦੁਨੀਆ ਤੇ ਉਹ ਛਾ ਜਾਂਦੇ ਜੋ ਇੱਕੋ ਵਾਰੀ ਠਾਹ ਮੁਕਦੇ ਨੇ
(ਬਲਜੀਤ ਪਾਲ ਸਿੰਘ)