Saturday, January 8, 2022

ਗ਼ਜ਼ਲ


ਏਦੋਂ ਪਹਿਲਾਂ ਸਾਰੇ ਮੌਸਮ ਬਹੁਤੇ ਚੰਗੇ ਹੁੰਦੇ ਸੀ

ਮਹਿਕਾਂ ਵਾਂਗੂੰ ਮਿੱਤਰ ਮਿਲਦੇ ਮੂੰਹੋਂ ਮੰਗੇ ਹੁੰਦੇ ਸੀ


ਬਚਪਨ ਵਾਲਾ ਜੀਵਨ ਸਾਰੀ ਉਮਰਾ ਚੇਤੇ ਰਹਿੰਦਾ ਹੈ

ਓਦੋਂ ਸਾਰੀ ਚਿੰਤਾ ਗ਼ਮ ਵੀ ਕਿੱਲੀ ਟੰਗੇ ਹੁੰਦੇ ਸੀ


ਬੇਰਸ ਨੀਰਸ ਬੇਰੰਗ ਵਰਗੇ ਸ਼ਬਦ ਨਹੀਂ ਸੀ ਕੋਈ ਵੀ

ਰੀਝਾਂ ਸੱਧਰਾਂ ਨਾਲ ਹਮੇਸ਼ਾ ਸੁਪਨੇ ਰੰਗੇ ਹੁੰਦੇ ਸੀ


ਅਲੜ੍ਹ ਉਮਰੇ ਪੂਰਬ ਵੱਲੋਂ ਵਗਣਾ ਠੰਡੀਆਂ ਪੌਣਾਂ ਦਾ

ਇਸ਼ਕ ਹਕੀਕੀ ਨਸ਼ਿਆਂ ਅੰਦਰ ਉਹ ਪਲ ਡੰਗੇ ਹੁੰਦੇ ਸੀ


ਹੇਰਾ ਫੇਰੀ ਜੋ ਵੀ ਕਰਦਾ ਪਾਤਰ ਬਣਦਾ ਨਫ਼ਰਤ ਦਾ

ਲੋਕਾਂ ਦੇ ਵਰਤਾਰੇ ਬਹੁਤੇ ਚਿੱਟੇ ਨੰਗੇ ਹੁੰਦੇ ਸੀ

(ਬਲਜੀਤ ਪਾਲ ਸਿੰਘ)



No comments: