ਗ਼ਜ਼ਲ
ਜਿਓਂ ਫੁੱਲਾਂ ਦਾ ਆਪਣਾ ਸੰਸਾਰ ਹੁੰਦਾ ਹੈ
ਰੰਗਾਂ ਦਾ ਵੀ ਆਪਣਾ ਘਰ-ਬਾਰ ਹੁੰਦਾ ਹੈ
ਕਲੀਆਂ ਤੇ ਫੁੱਲਾਂ ਦੀ ਵੀ ਹੁੰਦੀ ਅਜੀਬ ਸਾਂਝ
ਰੁੱਖਾਂ ਦਾ ਵੀ ਆਖਦੇ ਪ੍ਰੀਵਾਰ ਹੁੰਦਾ ਹੈ
ਸੂਹਾ ਗੁਲਾਬ ਜਿਸ ਤਰ੍ਹਾਂ ਤੋੜਦਾ ਕੋਈ
ਦਿਲ ਦਾ ਟੁੱਟਣਾ ਵੀ ਏਸੇ ਪ੍ਰਕਾਰ ਹੁੰਦਾ ਹੈ
ਔਝੜ ਰਾਹਾਂ ਭਟਕਣ ਰਾਹੀ ਜਿਸ ਵੇਲੇ
ਕੋਈ ਵਿਰਲਾ ਓਦੋਂ ਝੰਡਾ ਬਰਦਾਰ ਹੁੰਦਾ ਹੈ
ਬਹੁਤ ਉੱਚੀ ਉਹਨਾਂ ਦੀ ਪਰਵਾਜ਼ ਹੋਵੇਗੀ
ਉੱਚ-ਦਰਜਾ ਜਿੰਨਾ ਦਾ ਕਿਰਦਾਰ ਹੁੰਦਾ ਹੈ
(ਬਲਜੀਤ ਪਾਲ ਸਿੰਘ਼)
ਗ਼ਜ਼ਲ
ਖੇਤਾਂ ਦੇ ਵਿੱਚ ਫਸਲਾਂ ਝੂਮਣ ਰੌਣਕ ਹੋਵੇ
ਵਿਹੜੇ ਅੰਦਰ ਕਲੀਆਂ ਮਹਿਕਣ ਰੌਣਕ ਹੋਵੇ
ਸੁਬਹ ਸਵੇਰੇ ਸੂਰਜ ਉਗਮਣ ਤੋਂ ਪਹਿਲਾਂ
ਚੌਗਿਰਦੇ ਚਿੜੀਆਂ ਚਹਿਕਣ ਰੌਣਕ ਹੋਵੇ
ਕੋਨਾ ਕੋਨਾ ਖੁਸਬੂ ਹੋਵੇ ਸਾਰੀ ਬਸਤੀ
ਬਾਲਾਂ ਦੇ ਚਿਹਰੇ ਟਹਿਕਣ ਰੌਣਕ ਹੋਵੇ
ਪੂਜਾ ਕਰਨੀ ਛੱਡਕੇ ਲੋਕੀਂ ਹਰ ਪੋਥੀ ਦਾ
ਪੰਨਾ ਪੰਨਾ ਜੇਕਰ ਪਰਤਣ ਰੌਣਕ ਹੋਵੇ
ਭਾਈਚਾਰਾ ਚਾਰੇ ਪਾਸੇ ਫੈਲੇ ਏਦਾਂ
ਸਾਰੇ ਸਮਝਦਾਰੀਆਂ ਵਰਤਣ ਰੌਣਕ ਹੋਵੇ
(ਬਲਜੀਤ ਪਾਲ ਸਿੰਘ਼)
ਗ਼ਜ਼ਲ
ਇਕੱਲਾ ਰਹਿ ਗਿਆ ਹਾਂ ਤਾਂ ਸਹਾਰੇ ਭਾਲਦਾ ਰਹਿੰਨਾ
ਗੁਆਚੇ ਜੋ ਚਿਰਾਂ ਤੋਂ ਉਹ ਮੈਂ ਪਿਆਰੇ ਭਾਲਦਾ ਰਹਿੰਨਾ
ਇਹ ਕੈਸੀ ਜੰਗ ਹੈ ਜੋ ਜਿੱਤ ਕੇ ਵੀ ਹਾਰ ਬਣਦੀ ਹੈ
ਯੁੱਗਾਂ ਤੋਂ ਲੱਭਦਾਂ ਉੱਤਰ ਉਹ ਸਾਰੇ ਭਾਲਦਾ ਰਹਿੰਨਾ
ਇਨਾਇਤ ਵੀ ਨਹੀਂ ਕੀਤੀ ਹੈ ਕੁਦਰਤ ਨੇ ਜ਼ਮਾਨੇ ਤੋਂ
ਬੜੇ ਧਰਵਾਸ ਵਿੱਚ ਰਹਿ ਕੇ ਨਜ਼ਾਰੇ ਭਾਲਦਾ ਰਹਿੰਨਾ
ਜਦੋਂ ਵੀ ਖੇਤ ਨੂੰ ਜਾਵਾਂ ਤਾਂ ਮਲ੍ਹਿਆਂ ਝਾੜੀਆਂ ਉੱਤੇ
ਅਜੇ ਕੁਝ ਹੋਰ ਲਿਖਣਾ ਹੈ ਦੁਬਾਰੇ ਭਾਲਦਾ ਰਹਿੰਨਾ
ਕਹਾਣੀ ਤੁਰ ਗਿਆਂ ਦੇ ਨਾਲ ਪਾਉਣੀ ਹੋ ਗਈ ਆਦਤ
ਮੈਂ ਕਰਦਾਂ ਗੁਫ਼ਤਗੂ ਮੰਜ਼ਰ ਨਿਆਰੇ ਭਾਲਦਾ ਰਹਿੰਨਾ
ਪਤਾ ਨਹੀਂ ਖਤਮ ਹੋਵੇਗੀ ਕਦੋਂ ਇਹ ਆਰਜ਼ੂ ਮੇਰੀ
ਦਿਨੇ ਮੈਂ ਫੁੱਲ ਕਲੀਆਂ ਰਾਤ ਤਾਰੇ ਭਾਲਦਾ ਰਹਿੰਨਾ
ਅਧੂਰੀ ਰਹਿ ਗਈ ਹੈ ਜੋ ਇਬਾਰਤ ਲਿਖਦਿਆਂ ਮੈਥੋਂ
ਇਹਦੇ ਵਿੱਚ ਜੜ੍ਹਨ ਲਈ ਅਲਫਾਜ਼ ਭਾਰੇ ਭਾਲਦਾ ਰਹਿੰਨਾ
(ਬਲਜੀਤ ਪਾਲ ਸਿੰਘ਼)