ਮੇਰਾ ਦਿਲਦਾਰ ਕਿੱਦਾਂ ਦਾ ਜੋ ਹਰ ਵੇਲੇ ਦਗਾ ਦੇਵੇ
ਕਿ ਸ਼ੀਤਲ ਪੌਣ ਦੇ ਬਦਲੇ ਜੋ ਆਤਿਸ਼ ਨੂੰ ਹਵਾ ਦੇਵੇ
ਇਹਦਾ ਅੰਜ਼ਾਮ ਵੀ ਬਹੁਤਾ ਕਦੇ ਚੰਗਾ ਨਹੀਂ ਹੋਣਾ
ਮੈਂ ਚਾਹਾਂ ਬੈਠੀਏ ਮਿਲ ਕਿ ਉਹ ਮਜ਼ਬੂਰੀ ਗਿਣਾ ਦੇਵੇ
ਉਹ ਜਿਹੜਾ ਮਾਣ ਕਰਦਾ ਹੈ ਬੜੀ ਉੱਚੀ ਅਟਾਰੀ ਦਾ
ਕੋਈ ਸਮਝਾ ਦਿਉ ਕੁਦਰਤ ਤਾਂ ਮਹਿਲਾਂ ਨੂੰ ਹਿਲਾ ਦੇਵੇ
ਕਹੋ ਤ੍ਰਿਸ਼ੂਲ ਵਾਲੇ ਨੂੰ ਕਰੇ ਉਹ ਲਾਲ ਨਾ ਅੱਖਾਂ
ਅਤੇ ਤਲਵਾਰ ਵਾਲਾ ਵੀ ਨਾ ਮੁੱਛਾਂ ਨੂੰ ਵਟਾ ਦੇਵੇ
ਬੜੀ ਮੁੱਦਤ ਤੋਂ ਪੌਣਾਂ ‘ਚੋਂ ਕਦੇ ਸੰਗੀਤ ਨਹੀਂ ਸੁਣਿਆ
ਵਜਾਵੇ ਬੰਸਰੀ ਕੋਈ ਤੇ ਕੰਨਾਂ ਨੂੰ ਸੁਣਾ ਦੇਵੇ
ਜਦੋਂ ਆਵਾਮ ਯਾਰੋ ਆਪਣੀ ਮਰਜ਼ੀ ਤੇ ਆ ਜਾਂਦਾ
ਉਹ ਤਾਜਾਂ ਨੂੰ ਪਲਾਂ ਅੰਦਰ ਹੀ ਮਿੱਟੀ ਵਿਚ ਮਿਲਾ ਦੇਵੇ
ਜਦੋਂ ਵੀ ਜਾਪਦੀ ਹਾਕਮ ਨੂੰ ਉਸਦੀ ਡੋਲਦੀ ਕੁਰਸੀ
ਇਹੋ ਇਤਿਹਾਸ ਵਿਚ ਲਿਖਿਆ ਹੈ ਉਹ ਜੰਗਾਂ ਲਵਾ ਦੇਵੇ
(ਬਲਜੀਤ ਪਾਲ ਸਿੰਘ)
No comments:
Post a Comment