ਦਿਲਲਗੀ ਨਾ ਆਸ਼ਕੀ ਨਾ ਮੋਹ ਵਫਾ ਕੋਈ ਨਹੀਂ
ਇਹ ਕੇਹਾ ਸੰਤਾਪ ਹੈ ਭਾਵੇਂ ਖਤਾ ਕੋਈ ਨਹੀਂ
ਸਿਰਨਾਵਿਆਂ ਦੀ ਪੋਟਲੀ ਦੇਖਾਂ ਜਦੋਂ ਮੈਂ ਖੋਲ ਕੇ
ਭੇਜਣਾ ਜਿਸ ਤੇ ਸੁਨੇਹਾ ਉਹ ਪਤਾ ਕੋਈ ਨਹੀਂ
ਫਰੋਲ ਵੀ ਦੇਖ ਲਈਆਂ ਤੇਰੀਆਂ ਮੈਂ ਡਾਇਰੀਆਂ
ਜਿਸ ਤੇ ਮੇਰਾ ਨਾਮ ਹੋਵੇ ਉਹ ਸਫਾ ਕੋਈ ਨਹੀਂ
ਮਰਜ਼ ਹੁੰਦੀ ਠੀਕ ਨਾ ਦਾਰੂ ਵੀ ਕਿੰਨੇ ਕਰ ਲਏ
ਅਜਬ ਦਿਲ ਤੇ ਬੋਝ ਹੈ ਟਲਦੀ ਬਲਾ ਕੋਈ ਨਹੀਂ
ਕਤਲ ਹੋਇਆ ਚੌਂਕ ਅੰਦਰ ਬੇਕਸੂਰੇ ਸ਼ਖਸ਼ ਦਾ
ਫਿਰ ਵੀ ਕਾਤਿਲ ਬਚ ਗਿਆ ਉਸਨੂੰ ਸਜ਼ਾ ਕੋਈ ਨਹੀਂ
ਲਿਖ ਰਿਹਾ ਕਵਿਤਾ ਹੈ ਜਿਹੜਾ ਟੋਲ ਕੇ ਆਪਣੀ ਜ਼ਮੀਰ
ਕਲਯੁਗੀ ਇਸ ਦੌਰ ਵਿਚ ਉਸਦਾ ਭਲਾ ਕੋਈ ਨਹੀਂ
ਰਹਿ ਕੇ ਜਿਹੜਾ ਕੋਲ ਵੀ ਰੱਖਦਾ ਬੜੇ ਸੀ ਫਾਸਲੇ
ਓਸ ਦੇ ਤੁਰ ਜਾਣ ਉਤੇ ਵੀ ਗਿਲਾ ਕੋਈ ਨਹੀਂ
ਘੁੰਮਦੀਆਂ ਨੀਲੇ ਆਕਾਸ਼ੀਂ ਬੱਦਲੀਆਂ ਤਾਂ ਬਹੁਤ ਨੇ
ਰੂਹ ਕਰੇ ਸ਼ਰਸ਼ਾਰ ਜਿਹੜੀ ਉਹ ਘਟਾ ਕੋਈ ਨਹੀਂ
ਬੰਦਿਆਂ ਨੂੰ ਚਾਰਨਾ ਹੈ ਰਾਜਨੀਤੀ ਦਾ ਮਿਜਾਜ਼
ਏਸ ਤੋਂ ਬਲਜੀਤ ਉੱਚੀ ਹੁਣ ਕਲਾ ਕੋਈ ਨਹੀਂ
(ਬਲਜੀਤ ਪਾਲ ਸਿੰਘ)
No comments:
Post a Comment