Wednesday, June 25, 2014

ਗ਼ਜ਼ਲ

ਇੰਜ ਨਾ ਬੈਠੋ ਢੇਰੀ ਢਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ
ਅਰਮਾਨਾਂ ਨੂੰ ਮੋਢੇ ਚਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ

ਖੜਿਆ ਹੋਇਆ ਪਾਣੀ ਵੀ ਤਾਂ ਬਦਬੂ ਮਾਰਨ ਲੱਗ ਜਾਂਦਾ ਹੈ 
ਨਦੀਆਂ ਦੇ ਵਾਂਗੂੰ ਵਲ ਖਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ

ਜਿਹੜਾ ਬੰਦਾ ਸਿਖਰ ਦੁਪਹਿਰੇ ਤੱਤੀਆਂ ਸੜਕਾਂ ਕੋਲੋ ਡਰਦਾ
ਉਹਨੂੰ ਵੀ ਸਮਝਾਓ ਆ ਕੇ ਆਖਿਰ ਇਕ ਦਿਨ ਤੁਰਨਾ ਪੈਣਾ 

 ਹੱਡਹਰਾਮੀ ਸੁਸਤੀ ਆਲਸ ਜੋੜਾਂ ਦੇ ਵਿਚ ਬੈਠ ਗਏ ਨੇ 
ਉਦਮ ਦੇ ਨਾਲ ਯਾਰੀ ਲਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ 

 ਫਿਕਰ ਕਰੀਂ ਨਾ ਦੂਰ ਤੁਰ ਗਿਆ ਭਾਵੇਂ ਕੋਈ ਕਾਫਿਲਾ ਤੈਥੋਂ 
ਤਨਹਾਈ ਨੂੰ ਸੀਨੇ ਲਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ 

 ਰੁਸਵਾਈਆਂ ਦੇ ਸੰਘਣੇ ਜੰਗਲ ਤਲਖ ਪਲਾਂ ਦੇ ਮਾੜੇ ਸੁਪਨੇ 
ਇਹ ਸਾਰੇ ਵੀ ਭੁਲ ਭੁਲਾਕੇ ਆਖਿਰ ਇਕ ਦਿਨ ਤੁਰਨਾ ਪੈਣਾ 

ਲਹਿਰਾਂ ਗਿਣਨਾ ਚੰਗਾ ਲਗਦਾ ਸਾਗਰ ਕੰਢੇ ਬੈਠੇ ਰਹਿ ਕੇ 
ਰੇਤੇ ਉਤੋਂ ਨਾਮ ਮਿਟਾ ਕੇ ਆਖਿਰ ਇਕ ਦਿਨ ਤੁਰਨਾ ਪੈਣਾ
                                       
                                                   (ਬਲਜੀਤ ਪਾਲ ਸਿੰਘ)

Sunday, June 22, 2014

ਗ਼ਜ਼ਲ

ਸਲੀਕੇ ਨਾਲ ਰਹਿਣਾ ਆ ਗਿਆ ਤਾਂ ਤਰ ਗਏ ਸਮਝੋ
ਜੇ ਗ਼ਮ ਚੁਪਚਾਪ ਸਹਿਣਾ ਆ ਗਿਆ ਤਾਂ ਤਰ ਗਏ ਸਮਝੋ

ਸ਼ੁ੍ਰੂ ਤੋਂ ਹੀ ਤਾਂ  ਬੰਦੇ ਨੂੰ ਹੈ ਰੁੱਖਾਂ ਨੇ ਪਨਾਹ ਦਿੱਤੀ
ਇਹਨਾਂ ਛਾਵੇਂ ਜੇ ਬਹਿਣਾ ਆ ਗਿਆ ਤਾਂ ਤਰ ਗਏ ਸਮਝੋ

ਸੁਖਾਲਾ ਘੁੰਮਦਾ ਨਹੀਓ ਹਮੇਸ਼ਾ ਵਕਤ ਦਾ ਪਹੀਆ
ਸਲੀਬਾਂ ਨਾਲ ਖਹਿਣਾ ਆ ਗਿਆ ਤਾਂ ਤਰ ਗਏ ਸਮਝੋ

ਇਹ ਮੰਨਦੇ ਹਾਂ ਕਿ ਬੋਲਣ ਵਾਲਿਆ ਦਾ ਬੋਲਬਾਲਾ ਹੈ
ਸਮੇਂ ਤੇ ਸੱਚ ਕਹਿਣਾ ਆ ਗਿਆ ਤਾਂ ਤਰ ਗਏ ਸਮਝੋ

 ਹਮੇਸ਼ਾ ਲੋਚਿਆ ਹੈ ਟੀਸੀਆਂ ਦੇ ਬੇਰ ਲਾਹੁਣਾ, ਪਰ
ਨਜ਼ਰ ਨੂੰ ਥੱਲੇ ਨੂੰ ਲਹਿਣਾ ਆ ਗਿਆ ਤਾਂ ਤਰ ਗਏ ਸਮਝੋ


        (ਬਲਜੀਤ ਪਾਲ ਸਿੰਘ)

ਗ਼ਜ਼ਲ

ਹਵਾ ਨੇ ਚਲਦਿਆ ਰਹਿਣਾ ਨਦੀ ਨੇ ਵਗਦਿਆਂ ਰਹਿਣਾ
ਕਿਸੇ ਨੇ ਰੋਂਦਿਆਂ ਰਹਿਣਾ ਕਿਸੇ ਨੇ ਹਸਦਿਆਂ ਰਹਿਣਾ

ਕਿਸੇ ਦਰ ਆ ਗਿਆ ਮਾਤਮ ਕਿਤੇ ਗੂੰਜੀ ਹੈ ਸ਼ਹਿਨਾਈ
ਪਤੰਗੇ ਰਾਖ ਹੋ ਜਾਣਾ ਸ਼ਮਾਂ ਨੇ ਜਗਦਿਆਂ ਰਹਿਣਾ


ਬੜਾ ਹੀ ਜ਼ਹਿਰ ਬੰਦੇ ਨੇ ਕਿਵੇਂ ਇਹ ਕਰ ਲਿਆ ਪੈਦਾ
ਕਬੀਲੇ ਆਪਣੇ ਨੂੰ ਹੁਣ ਸਦਾ ਉਸ ਡਸਦਿਆਂ ਰਹਿਣਾ

ਬਹੁਤ ਹੈ ਜਿੰਦਗੀ ਛੋਟੀ ਤਰਾਨਾ ਪਿਆਰ ਦਾ ਛੇੜੋ
ਤਿਆਗੋ ਤੀਰ ਨਫਰਤ ਦੇ ਹਮੇਸ਼ਾ ਕਸਦਿਆਂ ਰਹਿਣਾ

ਕਿ ਆਹ ਕੀਤਾ ਤੇ ਔਹ ਕੀਤਾ ਅਸੀਂ ਤਾਂ ਬਹੁਤ ਕੁਝ ਕੀਤਾ
ਬੀਤੇ ਦੀ ਕਹਾਣੀ ਆਦਮੀ ਨੇ ਦਸਦਿਆਂ ਰਹਿਣਾ

ਇਹ ਤੋਹਫਾ ਪੀੜ ਦਾ ਭਾਵੇਂ ਬੜੀ ਹੀ ਵਾਰ ਦੇ ਜਾਂਦੇ
ਕਿ ਮੋਹ ਦੇ ਰਿਸ਼ਤਿਆਂ ਅੰਦਰ ਅਸੀਂ ਤਾਂ ਫਸਦਿਆਂ ਰਹਿਣਾ

                        (ਬਲਜੀਤ ਪਾਲ ਸਿੰਘ)

Tuesday, June 17, 2014

ਗ਼ਜ਼ਲ

ਬਹਿ ਕੇ ਉਸਦੇ ਕੋਲ ਕਹਾਂ ਮੈਂ
ਦਿਲ ਦੇ ਦੁਖੜੇ ਫੋਲ ਕਹਾਂ ਮੈਂ

ਨਿੱਤ ਮੁਸੀਬਤ ਆਵੇ ਜਾਵੇ
ਭੋਰਾ ਵੀ ਨਾ ਡੋਲ ਕਹਾਂ ਮੈਂ

ਹੋਇਆ ਕੀ ਜੇ ਦੁਨੀਆਂ ਰੁੱਸੀ
ਮੈਂ ਹਾਂ ਤੇਰੇ ਕੋਲ ਕਹਾਂ ਮੈਂ

ਮਿਲਣਾ ਨਹੀਂ ਸਕੂਨ ਕਿਸੇ ਥਾਂ
ਆਪਣਾ ਹਿਰਦਾ ਟੋਲ ਕਹਾਂ ਮੈਂ

ਗਰਦਾ ਸ਼ੋਰ ਤੇ ਧੂੰਆਰੌਲੀ
ਇਸ ਨੂੰ ਕਿਸਦਾ ਰੋਲ ਕਹਾਂ ਮੈਂ

ਅੱਜ ਸਿਆਸਤ ਗੁੰਡਾਗਰਦੀ
ਬੇਸ਼ਰਮਾਂ ਦਾ ਘੋਲ ਕਹਾਂ ਮੈਂ

ਮੁਨਸਿਫ ਦੇ ਕੋਲੋਂ ਜੇ ਲੰਘਾਂ
ਪੂਰਾ ਪੂਰਾ ਤੋਲ ਕਹਾਂ ਮੈਂ

ਪੜ੍ਹ ਲਈਆਂ ਦੋ ਚਾਰ ਕਿਤਾਬਾਂ
ਧਰਤੀ ਨੂੰ ਹੁਣ ਗੋਲ ਕਹਾਂ ਮੈਂ

ਰਿਸ਼ਤੇ ਨਾਤੇ ਦੂਨੀਆਂਦਾਰੀ
ਦੂਰ ਸੁਹਾਣੇ ਢੋਲ ਕਹਾਂ ਮੈਂ

          (ਬਲਜੀਤ ਪਾਲ ਸਿੰਘ)

Monday, June 16, 2014

ਗ਼ਜ਼ਲ

ਸ਼ਹਿਰ ਤੇਰਾ ਹੁਣ ਝੂਠ ਦੀ ਚੌਂਕੀ ਭਰਦਾ ਹੈ
ਤਾਹੀਂ ਏਥੇ ਸੱਚਾ ਬੰਦਾ ਡਰਦਾ ਹੈ

ਹਰ ਘਰ ਮੰਡੀ ਰਿਸ਼ਤੇ ਵੀ ਵਿਓਪਾਰ ਬਣੇ
ਵਣਜ ਵਫਾ ਦਾ ਏਥੇ ਵਿਰਲਾ ਕਰਦਾ ਹੈ

ਅੱਜ ਦਾ ਆਸ਼ਿਕ ਮੁਫਤ ਕਰੇ ਨਾ ਚਾਕਰੀਆਂ
ਰਾਂਝਾ ਵੀ ਹੁਣ ਗਰਜਾਂ ਉਤੇ ਮਰਦਾ ਹੈ

ਫਿਕਰ ਤਾਂ ਰੋਟੀ ਰੋਜ਼ੀ ਵਾਲਾ ਮੁਕਦਾ ਨਈ
ਮਾਰ ਗਿਆ ਖਰਚਾ ਤਾਂ ਸਭ ਨੂੰ ਘਰਦਾ ਹੈ

ਕਰੀਏ ਖਾਹਿਸ਼ ਕਿੱਦਾਂ ਆਪਾਂ ਜੰਨਤ ਦੀ
ਚਾਰੇ ਪਾਸੇ ਉਡਦਾ ਰਹਿੰਦਾ ਗਰਦਾ ਹੈ

ਜਿਹੜਾ ਕਰੇਗਾ ਨੇਕੀ ਓਹੀ ਡੁੱਬੇਗਾ
ਝੂਠ ਕੁਫਰ ਦਾ ਬੇੜਾ ਏਥੇ ਤਰਦਾ ਹੈ

       (ਬਲਜੀਤ ਪਾਲ ਸਿੰਘ)

Saturday, June 7, 2014

ਗ਼ਜ਼ਲ

ਰੱਜ ਕੇ ਗੰਧਲਾ ਕੀਤਾ ਸਭਿਆਚਾਰ ਨੇਤਾਵਾਂ ਨੇ
ਉੱਚਾ ਸੁੱਚਾ ਨਹੀ ਰੱਖਿਆ ਕਿਰਦਾਰ ਨੇਤਾਵਾਂ ਨੇ

ਮਾਨਵਤਾ ਦੇ ਧਰਮ ਨੂੰ ਇਹਨਾਂ ਛਿੱਕੇ ਟੰਗ ਦਿੱਤਾ
ਹਰ ਥਾਂ ਤੇ ਫੈਲਾਇਆ ਭ੍ਰਿਸ਼ਟਾਚਾਰ ਨੇਤਾਵਾਂ ਨੇ

ਇਕ ਜ਼ਮਾਨਾ ਸੀ  ਚੜੇ ਜਦ ਸੂਲੀ ਤੇ ਲੀਡਰ
ਹੁਣ ਤਾਂ ਦੇਸ਼ ਨੂੰ ਠੱਗਿਆ ਹੈ ਗੱਦਾਰ ਨੇਤਾਵਾਂ ਨੇ

ਉਤਰ ਕਾਟੋ ਮੈਂ ਚੜ੍ਹਾਂ ਬਸ ਏਦਾਂ ਈ ਹੋਇਆ
ਵਾਰੀ ਵਾਰੀ ਬਦਲ ਲਈ ਸਰਕਾਰ ਨੇਤਾਵਾਂ ਨੇ

ਨਸ਼ਾ ਵੇਚਣਾ ਲੋਕ ਲੁੱਟਣੇ ਜਾਂ ਫਿਰ ਕੁੱਟ ਦੇਣੇ
ਏਸ ਤਰਾਂ ਦੇ ਕੰਮ ਫੜੇ ਬਦਕਾਰ ਨੇਤਾਵਾਂ ਨੇ

ਪੰਜ ਸਾਲਾਂ ਤੋਂ ਲੋਕਾਂ ਦੇ ਵਿਚ ਗੇੜਾ ਮਾਰਨ ਜੋ
ਵਾਅਦੇ ਪੂਰੇ ਨਈ ਕੀਤੇ ਹਰ ਵਾਰ ਨੇਤਾਵਾਂ ਨੇ

ਜਿਧਰ ਦੇਖੋ ਹਰ ਪਾਸੇ ਹੀ ਫਿੱਟ ਕਰਾ ਦਿੱਤੇ
ਭਾਈ ਭਤੀਜੇ ਤੇ ਆਪਣੇ ਪਰਿਵਾਰ ਨੇਤਾਵਾਂ ਨੇ

ਨਹੀਂ ਸਿਆਸਤ ਮਾੜੀ ਜੇਕਰ ਫਰਜ਼ ਪਛਾਣੇ ਤਾਂ
ਪਰ ਇਸ ਉਤੇ ਵੀ ਕੀਤਾ ਵਿਉਪਾਰ ਨੇਤਾਵਾਂ ਨੇ

                            (ਬਲਜੀਤ ਪਾਲ ਸਿੰਘ)

ਗ਼ਜ਼ਲ

ਹੱਕ ਸੱਚ ਦੀ ਗੱਲ ਨਹੀ ਕਰਦੀ ਦਿੱਲੀ ਸਦੀਆਂ ਤੋਂ
ਮਜ਼ਲੂਮਾਂ ਤੇ ਰਹਿੰਦੀ ਵਰ੍ਹਦੀ ਦਿੱਲੀ ਸਦੀਆਂ ਤੋਂ

ਇਹਦੀ ਹਾਂ ਵਿਚ ਹਾਂ ਮਿਲਾਓ ਤਾਂ ਹੀ ਖੁਸ਼ ਹੋਵੇ
ਆਪਣੇ ਉਲਟ ਰਤਾ ਨਾ ਜਰਦੀ ਦਿੱਲੀ ਸਦੀਆਂ ਤੋਂ

ਸਦਾ ਹੀ ਇਸਦੀ ਫਿਤਰਤ ਦੇ ਵਿਚ ਕਰਨਾ ਰਾਜ ਰਿਹਾ
ਤਖਤਾਂ ਖਾਤਿਰ ਰਹੀ ਹੈ ਮਰਦੀ ਦਿੱਲੀ ਸਦੀਆਂ ਤੋਂ

ਕਿਧਰੇ ਪੈਦਾ ਹੋ ਨਾ ਜਾਵੇ ਚਿਣਗ ਬਗਾਵਤ ਦੀ
ਅੰਦਰੋ ਅੰਦਰੀਂ ਰਹਿੰਦੀ ਡਰਦੀ ਦਿੱਲੀ ਸਦੀਆਂ ਤੋਂ

ਜਨਤਾ ਭਾਵੇਂ ਕਰੇ ਗੁਜ਼ਾਰਾ ਰੁੱਖੀ ਸੁੱਕੀ ਨਾਲ
ਹਰੀਆਂ ਹਰੀਆਂ ਰਹਿੰਦੀ ਚਰਦੀ ਦਿੱਲੀ ਸਦੀਆਂ ਤੋਂ

ਨਿੱਤ ਭਰੇ  ਇਹ ਹਾਮੀ ਉੱਚੇ ਮਹਿਲਾਂ ਕਿਲ੍ਹਿਆਂ ਦੀ
ਨਾਂਹੀ ਕਿਸੇ ਗਰੀਬ ਦੀ ਦਰਦੀ ਦਿੱਲੀ ਸਦੀਆਂ ਤੋਂ

ਭਾਵੇਂ ਸਾਰੀ ਖਲਕਤ ਇਸ ਤੋਂ ਨੀਵੀਂ ਦਿਸਦੀ ਹੈ
ਫਿਰ ਵੀ ਦੇਖੀ ਹਾਉਕੇ ਭਰਦੀ ਦਿੱਲੀ ਸਦੀਆਂ ਤੋਂ

                                   (ਬਲਜੀਤ ਪਾਲ ਸਿੰਘ)

Friday, June 6, 2014

ਗ਼ਜ਼ਲ

ਤੂੰ ਕੀ ਗਿਆ ਕਿ ਯਾਰਾ ਹਾਲੋਂ ਬੇਹਾਲ ਹੋਏ
ਕੁਝ ਵੀ ਰਿਹਾ ਨਾ ਪੱਲੇ ਐਨੇ ਕੰਗਾਲ ਹੋਏ

ਮੈਂ ਜਿੰਦ ਜਾਨ ਸਾਰੀ ਤੇਰੇ ਤੋਂ ਵਾਰ ਦਿੱਤੀ
ਤੈਥੋਂ ਵਫਾ ਦੇ ਦੀਵੇ ਕਾਹਤੋਂ ਨਾ ਬਾਲ ਹੋਏ

ਕਿਰ ਜਾਣ ਰੇਤ ਵਾਂਗੂੰ ਮੁੱਠੀ 'ਚ ਬੰਦ ਕੀਤੇ
ਤਿੜਕੇ ਹੋਏ ਇਹ ਰਿਸ਼ਤੇ ਕਦ ਨੇ ਸੰਭਾਲ ਹੋਏ

ਜਦ ਸਾਉਣ ਦੇ ਮਹੀਨੇ ਵਿਚ ਵਗਦੀਆਂ ਨੇ ਪੌਣਾਂ
ਇਹ ਤਾਂ ਹੀ ਸੋਹਦੀਆਂ ਨੇ ਕੋਈ ਜੇ ਨਾਲ ਹੋਏ

ਕਈ ਤੁਰ ਗਏ ਮੁਸਾਫਿਰ ਰਾਹਾਂ 'ਚ ਭਟਕਦੇ ਹੀ
ਸਿਰਨਾਵੇਂ ਜੁਗਨੂੰਆਂ ਦੇ ਫਿਰ ਵੀ ਨਾ ਭਾਲ ਹੋਏ

ਵਿਦਵਾਨ ਬਣਕੇ ਦਸਿਓ ਕੀ ਕਰ ਲਉਗੇ ਹਾਸਿਲ
ਸ਼ਬਦਾਂ ਦੀ ਖੇਡ ਹੀ ਜੇ ਜੀਅ ਦਾ ਜੰਜਾਲ ਹੋਏ

                      (ਬਲਜੀਤ ਪਾਲ ਸਿੰਘ)

Sunday, June 1, 2014

ਗ਼ਜ਼ਲ

ਇਸ ਦੁਨੀਆਂ ਦੇ ਭੀੜ ਭੜੱਕੇ ਤੋਂ ਡਰਾਂ
ਸ਼ੋਰ ਸ਼ਰਾਬੇ ਧੂਮ ਧੜੱਕੇ ਤੋਂ ਡਰਾਂ 


ਮੈਂ ਤਾਂ ਸਿੱਧੇ ਸਾਦੇ ਰਹਿਣਾ ਸਿੱਖਿਆ ਏ
ਫੈਸ਼ਣ ਵੈਸ਼ਣ ਛੂਹ ਛੜੱਕੇ ਤੋਂ ਡਰਾਂ 


ਮੰਡੀ ਦੇ ਵਿਚ ਤੁਰਨਾ ਕਿੰਨਾਂ ਔਖਾਂ ਹੈ
ਕਾਰ ਸਕੂਟਰ ਟਾਂਗੇ ਯੱਕੇ ਤੋਂ ਡਰਾਂ 


ਗਰਮੀ ਵਗਦੀ ਲੂ ਨੇ ਪਿੰਡਾ ਲੂਹ ਦਿੱਤਾ
ਸਰਦੀ ਦੇ ਵਿਚ ਵਗਦੇ ਠੱਕੇ ਤੋਂ ਡਰਾਂ


ਹਰ ਮੇਲੇ ਵਿਚ ਬਹੁਤੇ ਲੋਕੀ ਜੁੜਦੇ ਨੇ
ਚਾਰੇ ਪਾਸੇ ਵੱਜਦੇ ਧੱਕੇ ਤੋਂ ਡਰਾਂ 


ਉਂਜ ਤਾਂ ਕੰਮ ਨਜਾਇਜ ਕੋਈ ਵੀ ਕਰਦਾ ਨਈ
ਨਾਕੇ ਉੱਤੇ ਪੁਲਿਸ ਦੇ ਡੱਕੇ ਤੋਂ ਡਰਾਂ 


ਕੀ ਜਾਣਾਂ ਕਦ ਮੌਸਮ ਧੋਖਾ ਦੇ ਜਾਵੇ
ਤੂਫਾਨਾਂ ਦੇ ਚੌਕੇ ਛੱਕੇ ਤੋਂ ਡਰਾਂ

(ਬਲਜੀਤ ਪਾਲ ਸਿੰਘ)