Wednesday, February 5, 2014

ਗ਼ਜ਼ਲ

ਵਫਾ ਨੂੰ ਪਾਲਦੇ ਰਹੀਏ ਕੋਈ ਇਲਜ਼ਾਮ ਨਾ ਆਏ
ਕੁਈ ਰੰਜਿਸ਼ ਗਿਲਾ ਸ਼ਿਕਵਾ ਕਿਸੇ ਦੇ ਨਾਮ ਨਾ ਆਏ

ਜਦੋਂ ਵੀ ਦੋਸਤੀ ਕਰਨਾ ਸੁਆਰਥ ਦੂਰ ਹੀ ਰੱਖਣਾ
ਵਿਚਾਲੇ ਦੋਸਤੀ ਭੁੱਲ ਕੇ ਕਦੇ ਵੀ ਦਾਮ ਨਾ ਆਏ

ਇਹ ਜੋ ਕੱਖਾਂ ਦੀ ਕੁੱਲੀ ਹੈ ਇਹਦੀ ਫਰਿਆਦ ਸੁਣ ਲੈਣਾ
ਇਹਦੇ ਤਿਨਕੇ ਬਖੇਰੇ ਜੋ ਹਵਾ ਬਦਨਾਮ ਨਾ ਆਏ

ਮੰਜ਼ਿਲ ਜੇ ਹੈ ਸਰ ਕਰਨੀ ਨਿਗ੍ਹਾ ਨੂੰ ਸਾਹਮਣੇ ਰੱਖੀਂ
ਤਿਰੇ ਕਦਮਾਂ ਨੂੰ ਰਸਤੇ 'ਚ ਕਿਤੇ ਵਿਸ਼ਰਾਮ ਨਾ ਆਏ

ਇਹ ਹੱਸਦੇ ਲੋਕ ਸੋਂਹਦੇ ਨੇ  ਵਸੇਂਦੀ ਧਰਤ ਹੈ ਚੰਗੀ
ਕਿ ਸ਼ਾਲਾ ਏਸ ਦੁਨੀਆਂ ਤੇ ਕੋਈ ਕੁਹਰਾਮ ਨਾ ਆਏ

                        (ਬਲਜੀਤ ਪਾਲ ਸਿੰਘ)

No comments: