Monday, May 27, 2013

ਗ਼ਜ਼ਲ

ਜਿਹੜੇ ਮੌਸਮ ਸੀ ਕਦੇ,ਲੋਕਾਂ ਲਈ ਵਰਦਾਨ
ਅੱਜ ਨੇ ਅੱਗਾਂ ਵਰ੍ਹਦੀਆਂ, ਝੁਲਸ ਰਿਹਾ ਇਨਸਾਨ

ਜਾਣਾ ਪੈਂਦਾ ਦੂਰ ਨਾ, ਢੂੰਡਣ ਕਿਧਰੇ ਹੋਰ
ਮੰਦਿਰ ਦੇ ਵਿਚ ਬੰਦ ਹੈ,ਬੰਦੇ ਦਾ ਭਗਵਾਨ

ਪੁੱਤ ਨਾ ਡੱਕਾ ਤੋੜਦੇ,ਕੀਹਨੂੰ ਦੱਸੇ ਪੀੜ
ਕਿਸਮਤ ਉਤੇ ਝੂਰਦਾ,ਖੇਤਾਂ ਵਿਚ ਕਿਸਾਨ

ਦੁੱਧ ਦਹੀਂ ਨੂੰ ਭੁੱਲਗੇ,ਪੀਜ਼ੇ ਬਰਗਰ ਆਮ
ਦੇਖੋ ਕਿੱਦਾਂ ਰੁੜ ਗਏ,ਨਸ਼ਿਆਂ ਵਿਚ ਜਵਾਨ

ਪਾਣੀ ਹਵਾ ਪਲੀਤ ਹੈ,ਲਵੇ ਨਾ ਕੋਈ  ਸਾਰ
ਸੜਕ ਕਿਨਾਰੇ ਬਣ ਗਏ,ਥਾਂ ਥਾਂ ਕੂੜਾਦਾਨ

ਬੰਦਾ ਭਾਲੇ ਤੇਜੀਆਂ,ਵਧ ਗਈ ਰਫਤਾਰ
ਵਾਧੂ ਭੀੜਾਂ ਜੁੜਦੀਆਂ,ਮੱਚ ਰਿਹਾ ਘਮਸਾਨ

ਨੇਕੀ ਤੇ ਇਨਸਾਫ ਨੂੰ, ਛੱਡਗੇ ਬਹੁਤੇ ਲੋਕ
ਝੂਠ ਪਾਪ ਦਾ ਸਿਲਸਿਲਾ, ਹਰ ਥਾਂ ਤੇ ਪ੍ਰਧਾਨ

ਸੱਚ ਹੱਕ ਲਈ ਜੂਝਣਾ,ਹੋਈ ਪੁਰਾਣੀ ਰੀਤ
ਰੱਜ ਕੇ ਕੁਫਰਾਂ ਤੋਲੀਏ,ਹੋ ਜਾਂਦਾ ਪ੍ਰਵਾਨ

                      (ਬਲਜੀਤ ਪਾਲ ਸਿੰਘ)


Wednesday, May 22, 2013

ਗ਼ਜ਼ਲ


ਕਰਮਾਂ ਵਾਲਾ ਚੜ੍ਹਿਆਂ ਸੂਰਜ
ਕਿਰਨਾਂ ਦੇ ਵਿਚ ਮੜ੍ਹਿਆ ਸੂਰਜ

ਕੁਦਰਤ ਦੇ ਵੀ ਖੇਡ ਨਿਰਾਲੇ

ਅੰਬਰ ਦੇ ਵਿਚ ਜੜਿਆ ਸੂਰਜ

ਕਿੰਨਾ ਉੱਚਾ ਕਿੰਨਾ ਤੱਤਾ
ਜਾਂਦਾ ਨਹੀ ਇਹ ਫੜ੍ਹਿਆ ਸੂਰਜ

ਪੋਹ ਮਾਘ ਵਿਚ ਠੰਡਾ ਲੱਗਦਾ
ਜੇਠ ਹਾੜ ਵਿਚ ਸੜਿਆ ਸੂਰਜ

ਤ੍ਰਿਕਾਲਾਂ ਤੋਂ ਰਾਤ ਢਲੀ ਜਦ
ਧਰਤੀ ਓਹਲੇ ਵੜਿਆ ਸੂਰਜ

ਚਾਨਣ ਦੇ ਸੰਗ ਆੜੀ ਇਸਦੀ
ਨਾਲ ਹਨੇਰੇ ਲੜਿਆ ਸੂਰਜ

ਇਹਦੇ ਵਿਚ ਅੰਤਾਂ ਦੀ ਆਤਿਸ਼
ਖੌਰੇ ਕੀਹਨੇ ਘੜਿਆ ਸੂਰਜ

ਖੋਜੀ ਇਸਦੇ ਪਿੱਛੇ ਲੱਗੇ
ਅਜੇ ਕਿਸੇ ਨਾ ਫੜਿਆ ਸੂਰਜ

(ਬਲਜੀਤ ਪਾਲ ਸਿੰਘ)

Friday, May 17, 2013

ਗ਼ਜ਼ਲ

ਭੋਲੇ ਚਿਹਰੇ ਹੀ ਨਾ ਤੱਕੋ,ਬਗਲਾਂ ਹੇਠ ਕਟਾਰਾਂ ਦੇਖੋ
ਭੀੜਾਂ ਵਿਚੋਂ ਮਿੱਤਰ ਲੱਭੋ,ਵੈਰੀ ਦੀਆਂ ਕਤਾਰਾਂ ਦੇਖੋ

ਭਾਵੇਂ ਰੁੱਤ ਕੋਈ ਵੀ ਆਈ,ਫਿਰ ਵੀ ਪੱਲੇ ਵਸਲਾਂ ਨਾਹੀਂ
ਸਾਉਣ ਮਹੀਨੇ ਵੀ ਤਿਰਹਾਏ,ਅੱਜ ਕੱਲ ਦੀਆਂ ਬਹਾਰਾਂ ਦੇਖੋ

ਜਿਹੜੇ ਦੋ ਪਲ ਕੋਲ ਬੈਠਕੇ,ਮਿੱਠੀਆਂ ਮਿੱਠੀਆਂ ਗੱਲਾਂ ਕਰਦੇ
ਮਤਲਬ ਨਿਕਲੇ ਤੋਂ ਹੋ ਜਾਂਦੇ,ਨੌ ਤੇ ਦੋ ਫਿਰ ਗਿਆਰਾਂ ਦੇਖੋ

ਬਚਪਨ ਦੇ ਦਿਨ ਸੋਨੇ ਵਰਗੇ,ਹਿਰਨਾਂ ਵਾਂਗੂ ਚੁੰਗੀਆਂ ਭਰਦੇ
ਫਿਰ ਜੀਵਨ ਦੇ ਪਿਛਲੇ ਪਹਿਰੇ,ਤੁਰਦੇ ਵਾਂਗ ਬਿਮਾਰਾਂ ਦੇਖੋ

ਲੋਕਾਂ ਖਾਤਿਰ ਜਿਹੜੇ ਮੋਏ,ਉਹ ਬੰਦੇ ਸੀ ਵਿਰਲੇ ਟਾਵੇਂ
ਜੋ ਲੋਕਾਂ ਨੂੰ ਲੁੱਟਦੇ ਰਹਿੰਦੇ,ਇਹਨੀ ਦਿਨੀ ਹਜ਼ਾਰਾਂ ਦੇਖੋ

                                 (ਬਲਜੀਤ ਪਾਲ ਸਿੰਘ)