ਰੰਗ ਜ਼ਮਾਨੇ ਬਦਲਿਆ ਬਦਲ ਗਈ ਹੈ ਚਾਲ
ਫੋਕੀ ਚੌਧਰ ਵਾਸਤੇ ਕਰਦੇ ਲੋਕ ਪਲਾਲ
ਧੀਆਂ ਸਹੁਰੇ ਤੋਰੀਆਂ ਤੋਰ ਵਿਦੇਸ਼ੀਂ ਪੁੱਤ
ਵਿਚ ਬੁਢਾਪੇ ਝੂਰਦਾ ਕੋਈ ਨਾ ਪੁੱਛਦਾ ਹਾਲ
ਪੈਲਿਸ ਦੇ ਵਿਚ ਸ਼ਾਦੀਆਂ ਬਦਲੇ ਸਾਰੇ ਢੰਗ
ਧੀ ਜਵਾਈ ਪਿਉ ਪੁੱਤ ਨੱਚਦੇ ਨਾਲੋ ਨਾਲ
ਚਰਖਾ ਦਾਦੀ ਮਾਂ ਦਾ ਸੁੱਟਿਆ ਵਿਚ ਸਟੋਰ
ਤਿੰਨੇ ਪੁਰਜ਼ੇ ਗੁੰਮ ਨੇ ਤੱਕਲਾ,ਚਰਮਖ,ਮਾਹਲ
ਕਰਜੇ਼ ਹੇਠ ਕਿਸਾਨ ਨੂੰ ਨਾ ਲੱਭਿਆ ਕੋਈ ਹੱਲ
ਅੰਦਰ ਵੜ ਕੇ ਲੈ ਲਿਆ ਫਾਹਾ ਪੱਖੇ ਨਾਲ
ਅੰਦਰੋ ਅੰਦਰੀ ਰੱਖ ਲੈ ਆਪਣੇ ਦਿਲ ਦਾ ਰਾਜ਼
ਕੋਈ ਨਾ ਪਰਦੇ ਢੱਕਦਾ ਦਿੰਦੇ ਗੱਲ ਉਛਾਲ
No comments:
Post a Comment