Wednesday, December 14, 2011

ਗ਼ਜ਼ਲ

ਰੰਗ ਜ਼ਮਾਨੇ ਬਦਲਿਆ ਬਦਲ ਗਈ ਹੈ ਚਾਲ
ਫੋਕੀ ਚੌਧਰ ਵਾਸਤੇ ਕਰਦੇ ਲੋਕ ਪਲਾਲ

ਧੀਆਂ ਸਹੁਰੇ ਤੋਰੀਆਂ ਤੋਰ ਵਿਦੇਸ਼ੀਂ ਪੁੱਤ
ਵਿਚ ਬੁਢਾਪੇ ਝੂਰਦਾ ਕੋਈ ਨਾ ਪੁੱਛਦਾ ਹਾਲ

ਪੈਲਿਸ ਦੇ ਵਿਚ ਸ਼ਾਦੀਆਂ ਬਦਲੇ ਸਾਰੇ ਢੰਗ
ਧੀ ਜਵਾਈ ਪਿਉ ਪੁੱਤ ਨੱਚਦੇ ਨਾਲੋ ਨਾਲ

ਚਰਖਾ ਦਾਦੀ ਮਾਂ ਦਾ ਸੁੱਟਿਆ ਵਿਚ ਸਟੋਰ
ਤਿੰਨੇ ਪੁਰਜ਼ੇ ਗੁੰਮ ਨੇ ਤੱਕਲਾ,ਚਰਮਖ,ਮਾਹਲ

ਕਰਜੇ਼ ਹੇਠ ਕਿਸਾਨ ਨੂੰ ਨਾ ਲੱਭਿਆ ਕੋਈ ਹੱਲ
ਅੰਦਰ ਵੜ ਕੇ ਲੈ ਲਿਆ ਫਾਹਾ ਪੱਖੇ ਨਾਲ

ਅੰਦਰੋ ਅੰਦਰੀ ਰੱਖ ਲੈ ਆਪਣੇ ਦਿਲ ਦਾ ਰਾਜ਼
ਕੋਈ ਨਾ ਪਰਦੇ ਢੱਕਦਾ ਦਿੰਦੇ ਗੱਲ ਉਛਾਲ

Friday, December 2, 2011

ਗ਼ਜ਼ਲ

ਸਦਾ ਹੱਸਦਾ ਰਹੀਂ ਮੁਸਕਰਾਉਂਦਾ ਰਹੀਂ
ਗੀਤ ਲਿਖਦਾ ਰਹੀਂ ਗੁਣਗੁਣਾਉਂਦਾ ਰਹੀਂ

ਤਪ ਰਹੀ ਹੈ ਇਹ ਧਰਤੀ ਬੜੀ ਦੇਰ ਤੋਂ
ਬਣ ਕੇ ਸਾਵਣ ਦਾ ਬੱਦਲ ਤੂੰ ਛਾਉਂਦਾ ਰਹੀਂ

ਇਹ ਹਨੇਰੇ ਮਿਟਣ ਤੇ ਵਧੇ ਚਾਨਣਾ
ਬਣ ਕੇ ਸੂਰਜ ਸਦਾ ਫੇਰੀ ਪਾਉਂਦਾ ਰਹੀਂ

ਜਾ ਵਿਦੇਸ਼ੀਂ ਤੁੰ ਭੁੱਲ ਹੀ ਨਾ ਜਾਵੀਂ ਕਿਤੇ
ਬਚਪਨੇ ਦੀ ਗਲੀ ਪਿੰਡ ਆਉਂਦਾ ਰਹੀਂ

ਭਾਵੇਂ ਹੈ ਜਿੰਦਗੀ ਪੀੜਾਂ ਦਾ ਸਫਰ
ਸਹਿਜੇ ਸਹਿਜੇ ਕਦਮ ਤੂੰ ਵਧਾਉਂਦਾ ਰਹੀਂ

ਜਿੰਨਾਂ ਲੋਕਾਂ ਨੂੰ ਚਾਨਣ ਦੀ ਲੋਅ ਨਾ ਮਿਲੀ
ਉਂਹਨਾਂ ਲੋਕਾਂ ਲਈ ਦੀਵੇ ਜਗਾਉਂਦਾ ਰਹੀਂ

Sunday, October 23, 2011

ਦੀਵੇ ਅਤੇ ਮੁਹੱਬਤ

ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ


ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ
ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ


ਆਲਮ ਬੇਰੁਖੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ
ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ


ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ
ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ


ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ
ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ


ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ
ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ

Sunday, October 2, 2011

ਮੌਸਮ

ਮੌਸਮ ਇਹ ਓਦੋਂ ਜਿਹਾ ਮੌਸਮ ਨਹੀਂ
ਪਹਿਲਾਂ ਵਾਂਗੂੰ ਮਹਿਕਦਾ ਗੁਲਸ਼ਨ ਨਹੀਂ

ਜ਼ਿੰਦਗੀ ਵਿਚ ਜੋੜੀਏ ਕੁਝ ਪਲ ਸਕੂਨ 
ਲੱਭੀਏ ਦਰ ਜਿਸ ਜਗ੍ਹਾ ਮਾਤਮ ਨਹੀਂ

ਆਪਣਿਆ ਨੂੰ ਅਲਵਿਦਾ ਇੰਜ ਕਿਉਂ ਕਹਾਂ
ਆਦਮੀ ਹਾਂ ਆਮ ਮੈਂ ਗੌਤਮ ਨਹੀਂ 

ਕਿਸ ਤਰਾਂ ਲੱਭਾਂਗੇ ਜੁਗਨੂੰ ਦੋਸਤੋ 
ਨ੍ਹੇਰਿਆਂ ਸੰਗ ਖਹਿਣ ਦੀ ਹਿੰਮਤ ਨਹੀਂ

ਤਾਜ ਇਕ ਉਸਰੇਗਾ ਆਪਣੇ ਵਾਸਤੇ 
ਕੌਣ ਕਹਿੰਦੈ ਆਪਣੀ ਇਹ ਕਿਸਮਤ ਨਹੀਂ

Sunday, July 31, 2011

ਗ਼ਜ਼ਲ

ਹੇ ਸ਼ਾਇਰ ਹੁਣ ਲੀਡਰਾਂ ਤੇ ਅਫਸਰਾਂ ਦੇ ਨਾਮ ਲਿਖ
ਰਿਸ਼ਵਤਾਂ ਦੇ ਅੱਡਿਆਂ ਤੇ ਦਫਤਰਾਂ ਦੇ ਨਾਮ ਲਿਖ


ਕਿਸ ਤਰਾਂ ਨਜ਼ਾਇਜ ਪੈਸਾ ਪਹੁੰਚਦਾ ਵਿਦੇਸ਼ ਵਿਚ
ਉਹਨਾਂ ਚੋਰ ਮੋਰੀਆਂ ਤੇ ਬਣਤਰਾਂ ਦੇ ਨਾਮ ਲਿਖ


ਮਣਾਂ ਮੂੰਹੀਂ ਕਾਲਖਾਂ ਰੱਖਦੇ ਦਿਲਾਂ ਅੰਦਰ ਕਿਵੇਂ
ਢੌਂਗ ਸਭ ਬਣਾਏ ਚਿੱਟੇ ਵਸਤਰਾਂ ਦੇ ਨਾਮ ਲਿਖ


ਤਕੜਾ ਬੰਦਾ ਕਿਸ ਤਰਾਂ ਕਨੂੰਨ ਲੈਂਦਾ ਹੈ ਖਰੀਦ
ਅਦਾਲਤਾਂ,ਜਮਾਨਤਾਂ ਤੇ ਘੁਣਤਰਾਂ ਦੇ ਨਾਮ ਲਿਖ


ਖੋਤਿਆਂ ਤੇ ਘੋੜਿਆਂ ਦਾ ਇਕੋ ਮੁੱਲ ਇਹਨੀਂ ਦਿਨੀ
ਲੱਭ ਕੇ ਕੁਝ ਵੱਖਰੇ ਜਹੇ ਅਸਤਰਾਂ ਦੇ ਨਾਮ ਲਿਖ


ਮਿਹਨਤੀ ਮਜ਼ਦੂਰ ਦੀ ਏਦਾਂ ਦਸ਼ਾ ਬਿਆਨ ਕਰ
ਪੈਰੀਂ ਛਾਲੇ ਤਲੀਆਂ ਉੱਤੇ ਛਿਲਤਰਾਂ ਦੇ ਨਾਮ ਲਿਖ


ਜਲਸੇ ਜਲੂਸ ਮਰਨ ਵਰਤ ਤੇ ਹੜਤਾਲਾਂ ਹੁੰਦੀਆਂ
ਲੋਕਤੰਤਰ ਵਿਚ ਜਨਮੇ  ਸ਼ਸ਼ਤਰਾਂ  ਦੇ ਨਾਮ ਲਿਖ


                                     (ਬਲਜੀਤ ਪਾਲ ਸਿੰਘ)

Sunday, May 29, 2011

ਗਜ਼ਲ

ਫੁੱਲਾਂ ਅਤੇ ਬਹਾਰਾਂ ਦੀ ਗੱਲ ਕਰਾਂਗੇ ਫਿਰ ਕਦੀ
ਪੰਛੀਆਂ ਦੀਆਂ ਡਾਰਾਂ ਦੀ ਗੱਲ ਕਰਾਂਗੇ ਫਿਰ ਕਦੀ

ਹਾਲੇ ਸਾਨੂੰ ਵਿਹਲ ਨਹੀਂ ਖੁਦਗਰਜ਼ੀ ਤੋਂ
ਸੱਚੇ ਸੁੱਚੇ ਪਿਆਰਾਂ ਦੀ ਗੱਲ ਕਰਾਂਗੇ ਫਿਰ ਕਦੀ

ਗੁੰਡਾ ਗਰਦੀ ਸਭ ਪਾਸੇ ਹੈ ਪ੍ਰਧਾਨ ਬਣੀ
ਕੁਝ ਚੰਗੇ ਕਿਰਦਾਰਾਂ ਦੀ ਗੱਲ ਕਰਾਂਗੇ ਫਿਰ ਕਦੀ

ਲੂਣ,ਤੇਲ ਤੇ ਸਿਰ ਦੀ ਛੱਤ ਜ਼ਰੂਰੀ ਹੈ
ਕੋਠੀਆਂ ਅਤੇ ਕਾਰਾਂ ਦੀ ਗੱਲ ਕਰਾਂਗੇ ਫਿਰ ਕਦੀ

ਪੈਸੇ ਖਾਤਿਰ ਕਰੀਏ ਕੰਮ ਦੋ ਨੰਬਰ ਦਾ
ਸੱਚੇ ਵਣਜ਼ ਵਿਪਾਰਾਂ ਦੀ ਗੱਲ ਕਰਾਂਗੇ ਫਿਰ ਕਦੀ



Tuesday, March 22, 2011

23 ਮਾਰਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਵਿਚ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਨਕਲਾਬ ਬਾਰੇ ਪ੍ਰੀਭਾਸ਼ਾ:


"ਇਨਕਲਾਬ ਦੇ ਵਾਸਤੇ ਖੂਨੀ ਸੰਘਰਸ਼ ਜਰੂਰੀ ਨਹੀਂ ਹੈ ਅਤੇ ਨਾ ਹੀ ਉਸ ਵਿਚ ਵਿਅਕਤੀ ਪ੍ਰਤੀ ਹਿੰਸਾ ਦੀ ਕੋਈ ਥਾਂ ਹੈ।ਉਹ ਬੰਬ ਅਤੇ ਪਿਸਤੌਲ ਦੀ ਸੰਸਕ੍ਰਿਤੀ ਨਹੀ ਹੈ।ਇਨਕਲਾਬ ਤੋਂ ਸਾਡਾ ਮਤਲਬ ਇਹ ਹੈ ਕਿ ਵਰਤਮਾਨ ਵਿਵਸਥਾ,ਜੋ ਖੁੱਲੇ ਤੌਰ ਤੇ ਅਨਿਆਂ ਅਤੇ ਬੇਇਨਸਾਫੀ ਉਪਰ ਟਿਕੀ ਹੋਈ ਹੈ,ਬਦਲਣੀ ਚਾਹੀਦੀ ਹੈ।ਇਨਕਲਾਬ ਤੋਂ ਸਾਡਾ ਮਤਲਬ ਇਕ ਅਜਿਹੀ ਸਮਾਜਿਕ ਵਿਵਸਥਾ ਦੀ ਸਥਾਪਨਾ ਤੋਂ ਹੈ ਜਿਸਨੂੰ ਇਸ ਕਿਸਮ ਦੇ ਘਾਤਕ ਖਤਰਿਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਿਸ ਵਿਚ ਸਰਵਹਾਰਾ ਵਰਗ ਦੀ ਪ੍ਰਭੂਸੱਤਾ ਨੂੰ ਮਾਨਤਾ ਹੋਵੇ ਅਤੇ ਇਕ ਵਿਸ਼ਵ ਸੰਘ ਮਾਨਵ ਜਾਤੀ ਨੂੰ ਪੂੰਜੀਵਾਦ ਦੇ ਬੰਧਨ ਤੋਂ ਅਤੇ ਸਾਮਰਾਜਵਾਦੀ ਯੁੱਧਾਂ ਤੋਂ ਪੈਦਾ ਹੋਣ ਵਾਲੀ ਬਰਬਾਦੀ ਅਤੇ ਮੁਸੀਬਤਾਂ ਤੋਂ ਬਚਾ ਸਕੇ"

Tuesday, February 8, 2011

ਕਰੂੰਬਲਾਂ ਤੇ ਹਸਰਤਾਂ

ਫੁੱਟ ਰਹੀਆਂ ਕਰੂੰਬਲਾਂ ਨਵੀਆਂ ਨਵੀਆਂ
ਜਾਗ ਰਹੀਆਂ ਹਸਰਤਾਂ ਨਵੀਆਂ ਨਵੀਆਂ

ਚੁੰਝਾਂ ਨਾਲ ਚੁੰਝਾਂ ਲੜਾ ਰਹੇ ਦੇਖੋ ਪਰਿੰਦੇ
ਪਾਈਆਂ ਜਿਹਨਾਂ ਮੁਹੱਬਤਾਂ ਨਵੀਆਂ ਨਵੀਆਂ

ਮਹਿਫਿਲ ਪਹਿਲਾਂ ਕਿੰਨੀ ਰੰਗੀਨ ਹੋਵੇਗੀ
ਅਸਾਂ ਕੀਤੀਆਂ ਸ਼ਿਰਕਤਾਂ ਨਵੀਆਂ ਨਵੀਆਂ

ਕਿਹਨਾਂ ਉਚਾਈਆਂ ਤੱਕ ਬੰਦੇ ਨੂੰ ਲੈ ਜਾਵੇ
ਦੋਸਤੀ ਵਿਚ ਬਰਕਤਾਂ ਨਵੀਆਂ ਨਵੀਆਂ

ਚੰਨ ਤਾਰਿਆਂ ਤੀਕਰ ਵੀ ਪਹੁੰਚ ਜਾਵਾਂਗੇ
ਅਜੇ ਸਾਡੀਆਂ ਮਿਹਨਤਾਂ ਨਵੀਆਂ ਨਵੀਆਂ

ਸ਼ਾਇਦ ਨੇੜੇ ਆ ਰਿਹਾ ਇਲੈਕਸ਼ਨ ਕੋਈ
ਲੀਡਰ ਕਰਦੇ ਹਰਕਤਾਂ ਨਵੀਆਂ ਨਵੀਆਂ

ਜਿਸ ਦਿਨ ਵਾਂਗ ਬਰੂਦ ਫਟੇ ਤਾਂ ਦੇਖੋਗੇ
ਅਜੇ ਸਾਡੀਆਂ ਕਰਵਟਾਂ ਨਵੀਆਂ ਨਵੀਆਂ

Sunday, January 16, 2011

ਗਜ਼ਲ

ਚਾਹੁੰਦਾ ਹਾਂ ਗਜ਼ਲ ਇੱਕ ਸਮਿਆਂ ਦੇ ਬਾਰੇ ਲਿਖ ਦਿਆਂ

ਕੁਝ ਅੱਖਰਾਂ ਨੂੰ ਫੁੱਲ ਲਿਖਾਂ ਤੇ ਕੁਝ ਨੂੰ ਤਾਰੇ ਲਿਖ ਦਿਆ



ਰਿਸ਼ਵਤਾਂ,ਸਿਆਸਤਾਂ,ਸਕੈਂਡਲਾਂ ਦੇ ਦੇਸ਼ ਵਿਚ

ਲੀਡਰਾਂ ਦੇ ਹੁੰਦੇ ਜੋ ਵਾਰੇ ਨਿਆਰੇ ਲਿਖ ਦਿਆਂ



ਹੁੰਦੀਆਂ ਹਰਿਆਲੀਆਂ ਸੀ ਇਹਨਾਂ ਰੁੱਖਾਂ ਤੇ ਕਦੇ

ਵੱਢ-ਟੁਕ ਤੇ ਸਾੜ-ਫੂਕ ਬੰਦੇ ਦੇ ਕਾਰੇ ਲਿਖ ਦਿਆ



ਬਿਲਡਿੰਗਾਂ ਤੇ ਬੰਗਲੇ ਇਹ ਉਚੀਆਂ ਇਮਾਰਤਾਂ

ਇਹਨਾਂ ਤੋਂ ਨੀਵੇਂ ਨੇ ਜੋ ਕੁੱਲੀਆਂ ਤੇ ਢਾਰੇ ਲਿਖ ਦਿਆਂ



ਉਮਰ ਭਰ ਤੁਰਦੇ ਰਹੇ ਭਾਵੇਂ ਸੀ ਜਿਹੜੇ ਨਾਲ ਨਾਲ

ਫਿਰ ਵੀ ‘ਕੱਠੇ ਹੋ ਸਕੇ ਨਾਂ ਦੋ ਕਿਨਾਰੇ ਲਿਖ ਦਿਆਂ



ਰੱਬ ਦੇ ਕਿੰਨੇ ਭਵਨ ਬੰਦੇ ਦੇ ਹੱਥੋਂ ਉਸਰੇ

ਚਰਚ,ਮੰਦਿਰ,ਮਸਜਿਦਾਂ ਮੈਂ ਅੱਜ ਸਾਰੇ ਲਿਖ ਦਿਆਂ



ਪਲ ਰਹੇ ਨੇ ਆਸ਼ਰਮ ਵਿਚ ਅੱਜ ਕਲ੍ਹ ਜਿਹੜੇ ਅਨਾਥ

ਉਹਨਾਂ ਕੋਲੋਂ ਖੁੱਸ ਗਏ ਨੇ ਕਿਉਂ ਸਹਾਰੇ ਲਿਖ ਦਿਆਂ



ਪੰਜ ਸਾਲਾਂ ਬਾਦ ਜਦ ਚੋਣਾਂ ਦਾ ਹੈ ਆਉਂਦਾ ਸਮਾਂ

ਲਾਉਂਦੇ ਲੀਡਰ ਨੇ ਜਿਹੜੇ ਢੇਰਾਂ ਲਾਰੇ ਲਿਖ ਦਿਆਂ



ਸੰਗਤਾਂ ਨੂੰ ਆਖਦੇ ਮੋਹ ਮਾਇਆ ਤੋਂ ਬਚਕੇ ਰਹੋ

ਬਾਬੇ ਜਿਹੜੇ ਮਾਣਦੇ ਐਸ਼ਾਂ ਨਜ਼ਾਰੇ ਲਿਖ ਦਿਆਂ



ਦਿਲ ਦਾ ਮਹਿਰਮ ਜੇ ਕਦੇ ਮਿਲ ਜਾਏ ਤਾਂ ਨਾਮ ਉਸਦੇ

ਅੰਬਰ,ਪ੍ਰਬਤ,ਧਰਤ ਤੇ ,ਸਾਗਰ ਵੀ ਖਾਰੇ ਲਿਖ ਦਿਆਂ