Friday, December 25, 2009

ਗਜ਼ਲ




ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ
ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ

ਕਾਇਨਾਤ ਦੇ ਵਡਮੁੱਲੇ ਤੋਹਫੇ ਬਚਾ ਲਈਏ
ਸਾਰੇ ਲਾਈਏ ਜਿਸ ਵਿਚ ਵੀ ਹੈ ਹੁਨਰ ਕੋਈ ।

ਖੜ ਖੜ ਦਾ ਸ਼ੋਰ ਅਤੇ ਲਕੀਰ ਧੂੰਏ ਦੀ ਦੇਖੋ
ਲੋਹੇ ਦੀਆਂ ਮਸ਼ੀਨਾਂ ਤੋਂ ਬਚਿਆ ਨਹੀਂ ਨਗਰ ਕੋਈ ।

ਲੰਮੀਆਂ ਇਹ ਪਟੜੀਆਂ ਤੇ ਚੌੜੀਆਂ ਸੜਕਾਂ
ਫਿਰ ਵੀ ਨਹੀਂ ਹਾਦਸੇ ਤੋਂ ਬਿਨਾਂ ਸਫਰ ਕੋਈ ।

ਫੈਲ ਰਹੀਆਂ ਸ਼ਹਿਰਾਂ ਤੋਂ ਬਾਹਰ ਬਸਤੀਆਂ
ਦਾਅਵਾ ਅਜੇ ਤੱਕ ਨਹੀਂ,ਕਿ ਨਹੀਂ ਬੇਘਰ ਕੋਈ ।

ਇਕ ਆਸ ਹੈ ਅੱਜ ਵੀ ਮਰੁੰਡੇ ਰੁੱਖ ਉਪਰ
ਫੁੱਟੇਗੀ ਹਰੀ ਕਚੂਰ ਇਕ ਦਿਨ ਲਗਰ ਕੋਈ ।

Tuesday, December 8, 2009

ਗਜ਼ਲ

ਲੋਕ ਏਥੇ ਆ ਗਏ ਹੁਣ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ

ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ

ਲੜਦੇ,ਖਹਿਬੜਦੇ ਤੇ ਮਾਰਦੇ ਨੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ

ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ

ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ

ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ, ਕੱਲ ਵੀ ਮਰੇ

ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ

ਹੱਦ ਟੱਪ ਗਈਆਂ ਬੇਇਨਸਾਫੀਆਂ
ਠੱਲੇ ਇਹਨਾਂ ਨੂੰ ਕੋਈ ਤਾਂ ਨਿੱਤਰੇ

ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ

ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ

Thursday, November 26, 2009

ਗਜ਼ਲ

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਨਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਨਾਂ


ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਥੋੜਾ ਸਰਕਦਾ ਰਹਿੰਨਾਂ


ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਨਾਂ


ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਨਾਂ


ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਨਾਂ


ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਨਾਂ


ਜਵਾਨੀ ਅਤੇ ਬੁਢਾਪੇ ਦੇ ਵਿਚਕਾਰ ਜੇਹੀ ਜਿੰਦਗੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਨਾਂ


ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਨਾਂ

Tuesday, November 10, 2009

ਗ਼ਜ਼ਲ

ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਿਫਿਲ ਦਾ ਦੂਰੋਂ ਹੀ ਨਜ਼ਾਰਾ ਲੈ ਕੇ

ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ

ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ

ਅੱਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀਂ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ

ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ

ਠੰਡੀ ਹਵਾ ਦਾ ਬੁੱਲਾ ਇਧਰ ਵੀ ਗੁਜ਼ਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ

Thursday, September 3, 2009

ਗ਼ਜ਼ਲ

ਦਿਲ ਦੇ ਬੂਹੇ ਚੁੱਪ ਹੋ ਗਏ,ਕੋਈ ਦਸਤਕ ਮਿਲੇ।
ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ।

ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।

ਸੰਤਾਪ ਹੰਢਾਊਣਾ ਸਦਾ ਇਸ਼ਕ ਦੇ ਹਿੱਸੇ ਆਇਆ,
ਹੁਸਨ ਨੂੰ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ।

Sunday, August 16, 2009

ਗ਼ਜ਼ਲ

ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਉਂਦੀ ਹੈ।
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ।

ਕਦੇ ਕਦੇ ਹੀ ਹੁੰਦਾ ਹੈ ਦਿਲ ਠੰਢਾ ਸ਼ੀਤ ਸਮੁੰਦਰ ਜਿਉਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬੱਦਲੀ ਮੰਡਰਾਉਂਦੀ ਹੈ।

ਉਹਦੇ ਸ਼ਹਿਰ ਦਾ ਨਾ ਸੁਣ ਕੇ ਦਿਲ ਅੱਜ ਵੀ ਕੰਬ ਜਾਂਦਾ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ।

ਜੁਦਾਈ ਦੇ ਜ਼ਹਿਰ ਦਾ ਅਸਰ ਕਦੇ ਮਿਟਣਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ਼ ਹਿਜਰ ਦਾ ਧੋਂਦੀ ਹੈ।

ਹਵਾ ਵਿੱਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਕੋਈ ਚੰਦਰੀ ਜੇਹੀ ਖ਼ਬਰ ਜਗਾਉਂਦੀ ਹੈ।

ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ।

ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉੱਪਰੀ ਨਰਕ ਭੁਲੇਖਾ ਪਾਉਂਦੀ ਹੈ।

Monday, July 20, 2009

ਗ਼ਜ਼ਲ

ਛਾਵਾਂ ਦੇ ਬਦਲੇ ਧੁੱਪ ਨੂੰ ਸਾਥੀ ਬਣਾ ਲਿਆ ਹੈ।
ਤਪਦੇ ਤੰਦੂਰ ਵਾਂਗ ਖੁਦ ਨੂੰ ਤਪਾ ਲਿਆ ਹੈ।

ਮਿਲਿਆ ਨਾ ਗੁਲਦਸਤਾ ਹਿੰਮਤ ਨਾ ਹਾਰੀ ਫਿਰ ਵੀ
ਕਮਰਾ ਇਹ ਨਾਲ ਕੰਡਿਆਂ ਅਸਾਂ ਸਜਾ ਲਿਆ ਹੈ।

ਉਹਨੂੰ ਪਾਉਣ ਦੀ ਤਮੰਨਾ ਭਾਰੂ ਰਹੀ ਉਮਰ ਭਰ
ਮਿਲਿਆ ਸੀ ਕੀਮਤੀ ਜੋ ਇਹ ਜਨਮ ਗਵਾ ਲਿਆ ਹੈ।

ਤਨਹਾਈਆਂ ਦਾ ਆਲਮ ਦਿਲ ਤਾਂ ਵੀ ਬਹਿਲ ਜਾਏ
ਅੱਜ ਗਮ ਨੂੰ ਏਸੇ ਕਰਕੇ ਕੋਲ ਬਿਠਾ ਲਿਆ ਹੈ।

ਇਹ ਬੱਦਲਾਂ ਤੇ ਹਵਾ ਦੀ ਸਾਜਿਸ਼ ਦਾ ਹੈ ਨਤੀਜਾ
ਇਸ ਬਾਗ ਨੂੰ ਸੁਕਾਈਏ ਇਹ ਮਨ ਬਣਾ ਲਿਆ ਹੈ।

ਮੇਰੇ ਹੀ ਸ਼ਹਿਰ ਅੰਦਰ ਹੈ ਦਿਨ ਸਮੇਂ ਹਨੇਰਾ
ਇਹ ਕਿਹੜੇ ਦਾਨਵਾਂ ਨੇ ਸੂਰਜ ਨੂੰ ਖਾ ਲਿਆ ਹੈ।

ਉਠ ਕੇ ਤੁਰਨ ਦੀ ਜਲਦੀ ਹੁਣ ਕਰ ਲਵੋ ਤਿਆਰੀ
ਇਹ ਕਹਿ ਕੇ ਪੰਛੀਆਂ ਨੇ ਜਲਦੀ ਜਗਾ ਲਿਆ ਹੈ।

ਖਿੰਡਦੇ ਹੀ ਜਾ ਰਹੇ ਹਾਂ ਹਰ ਰੋਜ ਖਲਾਅ ਅੰਦਰ
ਆਪਣੇ ਲਈ ਆਸਮਾਂ ਤੇ ਇੱਕ ਘਰ ਬਣਾ ਲਿਆ ਹੈ।

Wednesday, July 1, 2009

ਗ਼ਜ਼ਲ

ਆਉਣ ਵਾਲੇ ਸਮੇਂ ਦੇ ਨਾਂ ਸਾਫ ਸੁਥਰੀ ਵਸੀਅਤ ਲਿਖਣਾ ।
ਭਰਨੀ ਹਾਮੀ ਸੱਚ ਦੀ ,ਝੂਠ ਨੂੰ ਸਦਾ ਲਾਅਨਤ ਲਿਖਣਾ ।

ਸਿੱਖ ਗਏ ਹੋ ਸ਼ਬਦਾਂ ਦੀ ਜਾਦੂਗਰੀ ਜੇਕਰ ਦੋਸਤੋ,
ਸਭ ਤੋਂ ਪਹਿਲਾਂ ਜਰੂਰ ਇੱਕ ਸ਼ਬਦ ਮੁਹੱਬਤ ਲਿਖਣਾ ।

ਝੱਖੜ ਝੰਬੇ ਰੁੰਡ ਮਰੁੰਡੇ ਅਤੇ ਔੜਾਂ ਮਾਰੇ ਜੋ ਖੜੇ ,
ਤਰਸ ਖਾਣਾ ਉਹਨਾ ਉਦਾਸ ਰੁੱਖਾਂ ਦੀ ਹਾਲਤ ਲਿਖਣਾ ।

ਸੜਕ ਤੇ ਕੱਟਦਾ ਰਿਹਾ ਰੋੜੀ ਭਾਵੇਂ ਉਮਰ ਜੋ ਸਾਰੀ ,
ਫਿਰ ਵੀ ਰਿਹਾ ਗਰੀਬ ਇਹ ਕਿਸਦੀ ਸ਼ਰਾਰਤ ਲਿਖਣਾ ।

ਚੋਣਾਂ ਸਮੇਂ ਹੱਥ ਜੋੜੇ ਫਿਰ ਲੁੱਟਾਂਗੇ ਪੂਰੇ ਪੰਜ ਸਾਲ ,
ਦਿਲ ਵਿੱਚ ਜੋ ਰਖਦਾ ਲੀਡਰਾਂ ਦੀ ਕੋਝੀ ਨੀਅਤ ਲਿਖਣਾ ।

ਇਹ ਜੋ ਉਸਰੇ ਪਏ ਹਰ ਮੋੜ ਤੇ ਭਵਨ ਅਤੇ ਕਾਰਖਾਨੇ ,
ਹਿੱਸਾ ਇਸ ਵਿੱਚ ਵੀ ਹੋਵੇ ਹਰ ਮਜ਼ਦੂਰ ਦੀ ਮਿਹਨਤ ਲਿਖਣਾ।

ਹਰ ਸ਼ਹਿਰ ਵਿੱਚ ਰਹਿੰਦੇ ਕੁਝ ਮੋਹਤਬਰ ਧਨਾਡ ਬੰਦੇ ,
ਐਵੇਂ ਨਾ ਹਰ ਚੀਜ਼ ਨੂੰ ਉਹਨਾਂ ਦੀ ਹੀ ਕਿਸਮਤ ਲਿਖਣਾ ।

ਲਿਖਦਾ ਰਿਹਾ ਨਾ ਕਰ ਕਿੱਸੇ ਸਿਰਫ ਕਾਗਜ਼ ਭਰਨ ਖਾਤਿਰ,
ਸਾਂਹਵੇਂ ਜੋ ਫੈਲਿਆ ਨਿਜ਼ਾਮ ਮਾੜਾ ਉਹ ਹਕੀਕਤ ਲਿਖਣਾ ।

ਜਿੱਥੇ ਪੌਣਾਂ ਉਦਾਸ ਵਗਦੀਆਂ ਫੁੱਲਾਂ ਨੂੰ ਲਗਦਾ ਸੇਕ ਜਿਹਾ,
ਦਿਲ ਨਹੀਂ ਮੰਨਦਾ ਅਜਿਹੀ ਧਰਤ ਨੂੰ ਜੰਨਤ ਲਿਖਣਾ ।

Wednesday, June 24, 2009

ਗ਼ਜ਼ਲ

ਮੈਂ ਹੰਝੂ ਹੋ ਗਿਆ ਉਹ ਸਾਗਰ ਹੋ ਨਹੀਂ ਸਕਿਆ
ਦਰਦ ਛੋਟਾ ਜਿਹਾ ਸੀ ਉਹ ਸਮੋ ਨਹੀਂ ਸਕਿਆ

ਉਸਦੇ ਹਿਜਰ ਨੇ ਕਦੇ ਵੀ ਮੇਰੀ ਬਾਂਹ ਨਹੀਂ ਛਡੀ
ਉਹ ਮੇਰੀ ਯਾਦ ਵਿਚ ਥੋਡ਼ਾ ਉਦਾਸ ਹੋ ਨਹੀਂ ਸਕਿਆ

ਪਤਾ ਨਹੀਂ ਕੌਣ ਨੇ ਜੋ ਸਮੇਂ ਦੇ ਨਾਲ ਤੁਰ ਲੈਂਦੇ
ਮੈਂ ਤੁਰ ਕੇ ਵੀ ਕਦੇ ਹਾਣੀ ਸਮੇਂ ਦਾ ਹੋ ਨਹੀਂ ਸਕਿਆ

ਮੈਂ ਕਾਫੀ ਦੇਰ ਖੜਿਆ ਓਸਦੀ ਨਜ਼ਰ ਦੇ ਸਾਹਵੇਂ
ਮੈਥੋਂ ਦੂਰ ਹੀ ਰਿਹਾ ਉਹ ਨੇੜੇ ਹੋ ਨਹੀਂ ਸਕਿਆ

ਬਚਣ ਲਈ ਗਰਮ ਹਵਾ ਤੋਂ ਮੈਂ ਸਦਾ ਛੁਪਦਾ ਰਿਹਾ
ਐਪਰ ਥਲਾਂ ਤੋਂ ਹੋਰ ਓਹਲੇ ਹੋ ਨਹੀਂ ਸਕਿਆ

ਆਹਟ ਰਹਿੰਦੀ ਹੈ ਸਦਾ ਕਿਸੇ ਦੇ ਕਦਮਾਂ ਦੀ
ਬੂਹੇ ਯਾਦਾਂ ਵਾਲੇ ਏਸੇ ਲਈ ਮੈਂ ਢੋ ਨਹੀਂ ਸਕਿਆ

ਕਿੰਨੇ ਹੀ ਰੰਗ ਕੁਦਰਤ ਨੇ ਮੇਰੇ ਮੂਹਰੇ ਬਖੇਰੇ ਸੀ
ਕੋਈ ਵੀ ਰੰਗ ਖੁਦ ਲਈ ਮੈਂ ਲੇਕਿਨ ਚੋ ਨਹੀਂ ਸਕਿਆ

Saturday, June 20, 2009

ਗ਼ਜ਼ਲ

ਹਰ ਰਸਤੇ ਹਰ ਮੋੜ ਤੇ ਇਮਤਿਹਾਨ ਰਿਹਾ ਹੈ
ਕਾਇਮ ਤਾਂ ਵੀ ਹਰ ਸਮੇਂ ਸਾਡਾ ਇਮਾਨ ਰਿਹਾ ਹੈ

ਜਿੰਦਗੀ ਦੇ ਸੱਚ ਨੂੰ ਉਹ ਕਿੱਦਾਂ ਸਹਿਣ ਕਰੇਗਾ
ਜਿਸਦਾ ਕਿਰਦਾਰ ਹਮੇਸ਼ਾ ਝੂਠੀ ਸ਼ਾਨ ਰਿਹਾ ਹੈ

ਰੋਜ਼ ਬਿਰ੍ਖ਼ ਨਾਲ ਅਸੀਂ ਸੰਵਾਦ ਰਚਾਓਂਦੇ ਹਾਂ
ਲੋਕਾਂ ਦੀ ਨਜ਼ਰ ਵਿਚ ਇਹ ਬੇਜ਼ੁਬਾਨ ਰਿਹਾ ਹੈ

ਸ਼ਮਸ਼ਾਨਾਂ ਵਿਚ ਸੜਦਾ ਉਹ ਵੀ ਤੱਕ ਲਿਆ ਸਭ ਨੇ
ਜਿਸ ਨੂੰ ਆਪਣੇ ਮਹਿਲਾਂ ਉੱਤੇ ਗੁਮਾਨ ਰਿਹਾ ਹੈ

ਜਿੰਨ੍ਹਾ ਘੱਟ ਕੀਤੀ ਹੈ ਜਿਹਨਾਂ ਨੇ ਆਪਣੀ ਲਾਲਸਾ
ਉਹਨਾਂ ਲਈ ਗਮ ਸਹਿਣਾ ਬੜਾ ਆਸਾਨ ਰਿਹਾ ਹੈ

ਕੀੜੇ ਮਕੌੜੇ ਇਸ ਧਰਤੀ ਦੇ ਆਖਰੀ ਵਾਰਿਸ ਨੇ
ਥੋੜਾ ਸਮਾਂ ਕਾਬਜ਼ ਇਸ ਤੇ ਇਨਸਾਨ ਰਿਹਾ ਹੈ

ਲਹੂ ਨਾਲ ਭਿੱਜ ਕੇ ਜਿੰਨ੍ਹਾ ਇਤਿਹਾਸ ਸਿਰਜਿਆ
ਉੱਚਾ ਉਸ ਕੌਮ ਦਾ ਤਾਹੀਂ ਸਦਾ ਨਿਸ਼ਾਨ ਰਿਹਾ ਹੈ

ਹਰੇਕ ਯੁੱਗ ਵਿਚ ਪੈਦਾ ਲੂਣਾ ਇੱਛਰਾਂ ਹੋਈਆਂ
ਹਰੇਕ ਯੁੱਗ ਵਿਚ ਪੂਰਨ ਤੇ ਸਲਵਾਨ ਰਿਹਾ ਹੈ

Thursday, June 4, 2009

ਗਜ਼ਲ

ਉੱਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁੱਕੀ ਹੈ,
ਕਿਰਨਾਂ ਦਾ ਕਾਫਿਲਾ ਹੈ ਸਵੇਰ ਹੋ ਚੁੱਕੀ ਹੈ;

ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾ
ਜਿਉਣ ਵਾਲੀ ਆਰਜੂ ਦਲੇਰ ਹੋ ਚੁੱਕੀ ਹੈ;

ਫਰਜ਼ ਸਾਡਾ ਸਾਰਿਆਂ ਦਾ ਉਸਨੂੰ ਹਲੂਣੀਏ,
ਜ਼ਮੀਰ ਜਿਹੜੀ ਚਿਰਾਂ ਤੋਂ ਢੇਰ ਹੋ ਚੁੱਕੀ ਹੈ;

ਚਾਨਣਾਂ ਦੇ ਰਸਤਿਆਂ ਤੇ ਦੂਰ ਤਾਂਈ ਚਲਣਾ
ਐਵੇਂ ਡਰਾਉਂਦੇ ਜਿੰਦਗੀ ਹਨੇਰ ਹੋ ਚੁੱਕੀ ਹੈ,

ਦੂਰ ਆਉਂਦੀ ਨਜ਼ਰ ਜੋ ਸਤਰੰਗੀ ਪੀਂਘ
ਕਾਇਨਾਤ ਫੁੱਲਾਂ ਦੀ ਚੰਗੇਰ ਹੋ ਚੁੱਕੀ ਹੈ;

ਅੰਬਰੀ ਉਡਾਰੀਆਂ ਲਾਵਾਂਗੇ ਹੁਣ ਜਰੂਰ
ਦੋਸਤੀ ਪੰਖੇਰੂਆਂ ਨਾਲ ਫੇਰ ਹੋ ਚੁੱਕੀ ਹੈ;

Wednesday, June 3, 2009

ਗਜ਼ਲ

ਜਿਸ ਨੂੰ ਦੁਨੀਆਂ ਤੱਕੇ ਉਹ ਸਿਤਾਰਾ ਬਣਾਂਗੇ
ਮਹਿਫਲਾਂ ਦਾ ਕਦੇ ਤਾਂ ਸਹਾਰਾ ਬਣਾਂਗੇ;

ਹੜ ਹੰਝੂਆਂ ਦਾ ਉਛਲ ਨਾ ਜਾਏ ਨਦੀ
ਇਸ ਤਰਾਂ ਦਾ ਹੀ ਕੋਈ ਕਿਨਾਰਾ ਬਣਾਂਗੇ;

ਟੀਸੀ ਝੂਲਦੇ ਬਿਰਖ ਦੀ ਛੂਹਣ ਲਈ ਕਦੇ
ਤੀਆਂ ਦੀ ਪੀਂਘ ਵਰਗਾ ਹੁਲਾਰਾ ਬਣਾਂਗੇ;

ਪਰਬਤ ਦੀ ਚੋਟੀ ਤੇ ਪੈਰ ਧਰਨ ਲਈ
ਨਸੀਬ ਹੋਇਆ ਤਾਂ ਬੱਦਲ ਨਿਆਰਾ ਬਣਾਂਗੇ;

ਬਹੁਤੀ ਦੂਰ ਨਹੀਂ ਆਮਦ ਬਹਾਰ ਦੀ
ਰਾਹ ਤੱਕਦੇ ਰਹੋਗੇ ਇਸ਼ਾਰਾ ਬਣਾਂਗੇ;

Saturday, May 30, 2009

ਗ਼ਜ਼ਲ

ਇਸ ਕਮਰੇ ਦਾ ਹਰ ਕੋਨਾ ਸ਼ਿੰਗਾਰਦਾ
ਚਾਹਤ ਬੜੀ ਸੀ ਉਸਦੀ ਫੋਟੋ ਨਿਹਾਰਦਾ

ਉਸਨੇ ਕੀਤੇ ਜੋ ਕਰਮ ਭੁੱਲਦੇ ਨਹੀਂ
ਕਿੱਦਾਂ ਉਸਦੀ ਯਾਦ ਦਿਲ ਚੋਂ ਵਿਸਾਰਦਾ

ਉਲ੍ਝੀ ਰਹੀ ਉਲਝਣਾ ਵਿਚ ਜਿੰਦਗੀ
ਕਿਸ ਤਰਾਂ ਤੇਰੀਆਂ ਜ਼ੁਲਫਾ ਸਵਾਰਦਾ

ਜਿੱਤ ਲੈਣੀ ਸੀ ਬਾਜੀ ਜ਼ਮਾਨੇ ਤੋਂ ਪਹਿਲਾਂ
ਜੇ ਕਿਤੇ ਮੈਂ ਪਹਿਲਾਂ ਹਓਮੇ ਨੂੰ ਮਾਰਦਾ

ਮੇਰੇ ਦਰ ਪਰਿੰਦਿਆਂ ਫੇਰ ਆਓਣਾ ਸੀ
ਜੇਕਰ ਓਹ੍ਨਾ ਲਈ ਚੋਗਾ ਖਿਲਾਰਦਾ

ਬਥੇਰਾ ਲਭਿਆ ਮੁਮਤਾਜ ਚਿਹਰੇ ਨੂੰ
ਓਹਦੇ ਬਿਨਾਂ ਕਿਹੜਾ ਤਾਜ ਉਸਾਰਦਾ

ਰੁਖਸਤ ਹੋਣਾ ਸਮਝਿਆ ਬੇਹਤਰ
ਮਹਿਫਲ ਵਿਚ ਕਿੱਦਾਂ ਤਾਅਨੇ ਸਹਾਰਦਾ.

Tuesday, May 26, 2009

ਗ਼ਜ਼ਲ

ਤੇਰੇ ਤੁਰ ਜਾਣ ਤੇ ਨਾ ਅੱਖਾਂ ਵਿਚ ਕੋਈ ਨਮੀ ਲਿਆਵਾਂਗੇ
ਹੰਝੂਆਂ ਦੇ ਹੜ ਵਿਚ ਅੱਗੇ ਤੋਂ ਕੁਝ ਕਮੀ ਲਿਆਂਵਾਂਗੇ

ਹਨੇਰਿਆਂ ਵਿਚ ਭਾਲ ਲਵਾਂਗੇ ਇਕ ਕਾਤਰ ਚਾਨਣ ਦੀ
ਰਾਤਾਂ ਤੋਂ ਪਾਰ ਸਵੇਰ ਸੱਜਰੀ ਇਕ ਨਵੀਂ ਜਗਾਵਾਂਗੇ

ਬੜੀ ਮੁੱਦਤ ਤੋਂ ਇਥੇ ਵੀਰਾਨੇ ਅਤੇ ਉਜਾੜ ਦਾ ਆਲਮ
ਹੁਣ ਫੁਰਸਤ ਮਿਲੀ ਇਸ ਘਰ ਦਾ ਹਰ ਕੋਨਾ ਸਜਾਵਾਂਗੇ

ਜਿੰਨਾ ਹਸਰਤਾਂ ਤੇ ਕਾਬਜ਼ ਰਿਹਾ ਸਦਾ ਕਠੋਰ ਹਾਕਮ
ਉਹਨਾਂ ਉੱਤੇ ਆਓਂਦੇ ਸਮਿਆਂ ਵਿਚ ਫਿਰ ਹੱਕ ਜਤਾਵਾੰਗੇ

ਜਿਹੜੇ ਤੁਰੇ ਨਹੀ ਸਾਡੇ ਨਾਲ ਬਿਖੜੇ ਪੈਂਡਿਆਂ ਉੱਪਰ
ਕੱਠੇ ਤੁਰਿਆਂ ਹੈ ਸਫਰ ਸੌਖਾ ਇਹ ਇਹਸਾਸ ਕਰਾਵਾਂਗੇ

ਤੈਰਦੇ ਅੱਖਾਂ ਵਿਚ ਜਿਹੜੇ ਕੋਮਲ ਜਿਹੇ ਕੁਝ ਸੁਪਨੇ
ਤੱਤੀ ਹਵਾ ਦੇ ਸੇਕ ਤੋਂ ਉਹ ਅਰਮਾਨ ਬਚਾਵਾਂਗੇ

Saturday, May 9, 2009

ਗ਼ਜ਼ਲ

ਜੇਠ ਹਾੜ ਦੀ ਧੁੱਪ ਜਿਸਮ ਤੇ ਜਰ ਲੈਣੀ ਸੀ
ਦੋਸਤੀ ਨਾਲ ਮੌਸਮਾਂ ਦੇ ਵੀ ਕਰ ਲੈਣੀ ਸੀ

ਕੋਈ ਸ਼ਰਬਤੀ ਨਿਗਾਹ ਸੁਵੱਲੀ ਹੋ ਜਾਂਦੀ ਜੇਕਰ
ਕਿਰਨ ਸੁਨਿਹਰੀ ਅੱਖਾਂ ਅੰਦਰ ਭਰ ਲੈਣੀ ਸੀ

ਧਰਤੀ ਦੇ ਇਕ ਕੋਨੇ ਤੇ ਜੇ ਫੁੱਲ ਉਗਾ ਲੈਂਦੇ
ਨਾਲ ਮੁਹੱਬਤਾਂ ਅਸੀਂ ਵੀ ਝੋਲੀ ਭਰ ਲੈਣੀ ਸੀ

ਖੇਡਣ ਦੇ ਦਿਨ ਚਾਰ ਜੋ ਅਸੀਂ ਗੁਆ ਬੈਠੇ
ਉਦੋਂ ਹੀ ਸੂਰਜ ਦੀ ਇਕ ਕਾਤਰ ਲੈਣੀ ਸੀ


ਪੂਰੀ ਕਰਨ ਲਈ ਇਬਾਰਤ ਅਧੂਰੇ ਖਤ ਦੀ
ਤੁਰਦੇ ਜਾਂਦੇ ਦੋਸਤ ਤੋਂ ਇਕ ਸਤਰ ਲੈਣੀ ਸੀ

ਦਿੰਦਾ ਜ਼ਹਿਰ ਦੀ ਡਲੀ ਪਰ ਸਮਝਦਾ ਆਪਣਾ
ਚੁੱਪ ਚੁਪੀਤੇ ਉਹ ਵੀ ਜੀਭ ਤੇ ਧਰ ਲੈਣੀ ਸੀ

Monday, May 4, 2009

ਗਜ਼ਲ

ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ,
ਪਹਿਲਾਂ ਵਾਂਗ ਹੱਸਦਾ ਗਾਉਂਦਾ ਪੰਜਾਬ ਦੇ ਨਹੀਂ ਹੋਣਾ ।

ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉਣਾ ਤਾਂ ਸੌਖਾ ਹੈ,
ਐਪਰ ਸਾਡੇ ਕੋਲੋਂ ਪੋਰਸ ਵਾਂਗੂ ਜਵਾਬ ਦੇ ਨਹੀਂ ਹੋਣਾ ।

ਉਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ,
ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।

ਅਸੀਂ ਪੇਸ਼ ਕੀਤੇ ਕਦੇ ਉਹਨਾਂ ਨੂੰ ਕਈ ਗੁਲਦਸ਼ਤੇ,
ਦੇਖੋ ਅੱਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ ।

ਰਹਿਣੀ ਆਰਜੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰ,
ਜਦੋਂ ਵੀ ਮੋਏ ਤਾਂ ਚਿਹਰੇ ਉੱਤੇ ਨਕਾਬ ਦੇ ਨਹੀਂ ਹੋਣਾ ।

ਬਹੁਤੀਆਂ ਚੀਜ਼ਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ,
ਸਾਡੇ ਕੋਲੋਂ ਸਤਲੁਜ ਉਹਤੋਂ ਝਨਾਬ ਦੇ ਨਹੀਂ ਹੋਣਾ ।

ਜਹਾਲਤ ਹੋ ਗਈ ਹੈ ਜਿਨਾਂ ਲੋਕਾਂ ਦੀ ਸੋਚ ਤੇ ਕਾਬਜ,
ਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ ।

ਸੱਸੀ ਵਾਂਗ ਜਿਸ ਦਿਨ ਭਟਕ ਜਾਵਾਂਗੇ ਥਲਾਂ ਅੰਦਰ,
ਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ ।

Saturday, April 18, 2009

ਗਜ਼ਲ

ਜੇ ਤੁਰੇ ਤਾਂ ਤੁਰਾਂਗੇ ਤੂਫਾਨ ਬਣਕੇ।
ਜੇ ਖੜੇ ਤਾਂ ਖੜਾਂਗੇ ਚਟਾਨ ਬਣਕੇ।

ਕੋਹਰਾਮ ਮੱਚਿਆ ਹੋਇਆ ਇਥੇ ਬੜਾ।
ਝੂਲੋ ਤੁਸੀਂ ਦੋਸਤੀ ਦੇ ਨਿਸ਼ਾਨ ਬਣਕੇ।

ਬੰਬ ਬੰਦੂਕਾਂ ਬਾਰੂਦ ਨਾ ਉਗਾਓ ਇਥੇ।
ਧਰਤੀ ਤੇ ਰਹੋ ਸਾਊ ਇਨਸਾਨ ਬਣਕੇ।

ਇਸ ਦੀ ਕੁੱਖ ਦੀ ਨਾ ਕਰੋ ਚੀਰਫਾੜ।
ਮਿੱਟੀ ਜਰਖੇਜ਼ ਕਰੋ ਕਿਰਸਾਨ ਬਣਕੇ।

ਤਲਵਾਰ ਦੇ ਹਰ ਰੂਪ ਨੂੰ ਕਰੋ ਨਫਰਤ।
ਵਰਨਾਂ ਹੈ ਤਾਂ ਵਰੋ ਕਿਰਪਾਨ ਬਣਕੇ।

ਸਦੀਵੀ ਨਹੀਂ ਪੜਾਅ ਇਥੇ ਹਰ ਕਿਸੇ ਦਾ।
ਦੁਨੀਆਂ ਤੇ ਵਿਚਰੋ ਮਹਿਮਾਨ ਬਣਕੇ।

ਕੋਈ ਪਰਿੰਦਾ ਆਇਆ ਮਸਾਂ ਦਰਾਂ ਉੱਤੇ।
ਚੋਗ ਖਿਲਾਰੀਏ ਚਲੋ ਮੇਜ਼ਬਾਨ ਬਣਕੇ।

Saturday, March 21, 2009

ਮੌਸਮ


ਸਾੜਸਤੀ ਵਾਲਾ ਮੌਸਮ ਐਨਾ ਨਜ਼ਦੀਕ ਆਇਆ ਹੈ ।
ਹਰ ਫੁੱਲ ਸਦਮੇ ਅੰਦਰ ਹਰ ਪੌਦਾ ਮੁਰਝਾਇਆ ਹੈ ।

ਕਦੇ ਪਰਦੇਸਾਂ ਵਿਚ ਰਹਿਕੇ ਵੀ ਹਸਤੀ ਸ਼ਾਂਤ ਰਹਿੰਦੀ ਹੈ
ਕਦੇ ਆਪਣੇ ਘਰੀ ਵੀ ਗਮ ਬਣ ਜਾਦਾਂ ਹਮਸਾਇਆ ਹੈ ।

ਸਾਡਾ ਇਹ ਪਾਗਲਪਣ ਦੇਖੋ ਅਸੀ ਛੇਤੀ ਘਬਰਾ ਜਾਂਦੇ
ਖੰਭ ਸੜੇ ਤਿਤਲੀਆਂ ਦੇ ਅਸੀ ਸੱਥਰ ਵਿਛਾਇਆ ਹੈ ।

ਇਹ ਗਲਤੀ ਵੀ ਅਸੀ ਕੀਤੀ ਕਿ ਬਲਦੀ ਅੱਗ ਦੇ ਨੇੜੇ
ਬਿਨ ਸੋਚਿਆਂ ਹੀ ਮੋਮ ਦਾ ਇਕ ਘਰ ਬਣਾਇਆ ਹੈ ।

ਫਰਕ ਸਾਡੇ ਤੇ ਓਹਦੇ ਦਰਮਿਆਨ ਇੰਨਾ ਜਰੂਰ ਹੈ
ਅਸੀ ਦਰੱਖਤ ਲਾਏ ਨੇ ਓਸਨੇ ਆਰਾ ਲਗਵਾਇਆ ਹੈ ।

ਬਹੁਤੇ ਸਿਆਸਤਦਾਨ ਦਿਲ ਦੇ ਸਾਫ ਨਹੀ ਹੁੰਦੇ
ਉਪਰੋ ਚਿਟੇ ਖੱਦਰ ਦਾ ਓਹਨਾਂ ਸਵਾਂਗ ਰਚਾਇਆ ਹੈ ।

ਇਹ ਅਦਾਲਤ ਉਸਦੀ ਇਹ ਕਨੂੰਨ ਵੀ ਉਸਦਾ ਹੈ
ਅਸੀ ਤਾਂ ਅਰਜ਼ ਹੀ ਕੀਤੀ ਹੁਕਮ ਉਸਨੇ ਸੁਣਾਇਆ ਹੈ ।

ਦੋਸ਼ੀ ਰਾਤ ਹੀ ਨਹੀ ਹੁੰਦੀ ਸਿਰਫ ਹਨੇਰਿਆਂ ਖਾਤਿਰ
ਲੱਭ ਕੇ ਉਸਨੁ ਦਿਓ ਸਜ਼ਾ ਜਿਸਨੇ ਸੂਰਜ ਚੁਰਾਇਆ ਹੈ ।

ਪੈਗਾਮ

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ
ਦੁਰਕਾਰਾਂਗੇ ਝੂਠ ਨੂੰ ਸੱਚ ਨੂੰ ਹੀ ਸਲਾਮ ਦੇਵਾਂਗੇ ।

ਕਿਸੇ ਨੇ ਪੁਛਿਆ ਕਿ ਬੇਵਫਾ ਉਹ ਕੌਣ ਸੀ ਆਖਿਰ ?
ਸਿਰਫ ਕਿਸਮਤ ਤੇ ਹੀ ਅਸੀਂ ਇਲਜਾਮ ਦੇਵਾਂਗੇ ।

ਮੋਢੇ ਤੇ ਸਿਰ ਰੱਖਕੇ ਤੂੰ ਸੌਂ ਜਾਂਵੀਂ ਜਦੋਂ ਮਰਜੀ
ਇਕੱਠੇ ਸਫਰ ਤੇ ਨਿਕਲੇ ਤੈਨੂੰ ਆਰਾਮ ਦੇਵਾਂਗੇ ।

ਕਿੰਨਾ ਭਟਕੇ ਹਾਂ ਹੁਣ ਤੀਕ ਇਸਦੇ ਲੱਗ ਕੇ ਆਖੇ
ਦਿਲ ਦਾ ਅੱਥਰਾ ਘੋੜਾ ਇਸਨੂੰ ਲਗਾਮ ਦੇਵਾਂਗੇ ।

ਮੌਸਮ ਵਫਾ ਕਰੇ ਨਾ ਕਰੇ ਇਹ ਓਸਦੀ ਮਰਜੀ
ਇਸ ਕਲਮ ਤੋ ਤਾਜ਼ਾ ਇਕ ਹੋਰ ਕਲਾਮ ਦੇਵਾਂਗੇ ।

ਮੁੱਢੋਂ ਅਗਾਜ਼ ਰਿਹਾ ਫਿੱਕਾ ਭਾਂਵੇਂ ਇਸ ਕਹਾਣੀ ਦਾ
ਇਸ ਨੂੰ ਖੂਬਸੂਰਤ ਆਖਰੀ ਅੰਜਾਂਮ ਦੇਵਾਂਗੇ ।

ਗਜ਼ਲ

ਇਹ ਮੌਸਮ ਉਦੋਂ ਜਿਹਾ ਮੌਸਮ ਨਹੀਂ ।
ਪਹਿਲਾਂ ਵਾਂਗੂੰ ਮਹਿਕਦਾ ਗੁਲਸ਼ਨ ਨਹੀ ।

ਜਿੰਦਗੀ ਵਿਚ ਜੋੜੀਏ ਸ਼ਬਦ ਕੁਝ ਸਕੂਨ ਦੇ
ਕੋਈ ਦਰ ਐਸਾ ਲਭੀਏ ਜਿਸ ਦਰ ਤੇ ਮਾਤਮ ਨਹੀਂ ।

ਆਪਣਿਆਂ ਨੂੰ ਬੇਰੁਖ਼ੀ ਨਾਲ ਅਲਵਿਦਾ ਜੇ ਕਹਿ ਦਿਆਂ
ਆਮ ਜਿਹਾ ਬੰਦਾ ਹਾਂ ਮੈਂ ਐਨਾ ਤਾਂ ਗੌਤਮ ਨਹੀਂ ।

ਰਾਤਾਂ ਨੂੰ ਹੁਣ ਜਾਗ ਕਿਵੇਂ ਜੁਗਨੂੰ ਤਲਾਸ਼ੀਏ
ਹਨੇਰਿਆਂ ਨੂੰ ਚੀਰਨਾ ਇਹਨੀਂ ਦਿਨੀ ਹਿੰਮਤ ਨਹੀਂ ।

ਵੇਦਨਾ ਦਾ ਦਾਇਰਾ ਹੋਰ ਕਰੀਏ ਮੋਕਲਾ
ਸਦਮੇ ਵਿਚ ਹਰ ਫੁੱਲ ਹੈ ਟਹਿਕਦੀ ਜੰਨਤ ਨਹੀਂ ।

ਉਸਰੇਗਾ ਇਕ ਤਾਜਮਹਿਲ ਆਪਣੇ ਵੀ ਵਾਸਤੇ
ਚਲੋ ਉਜਾੜਾਂ ਮੱਲੀਏ ਆਪਣੀ ਇਹ ਕਿਸਮਤ ਨਹੀਂ।

Sunday, March 15, 2009

ਗਜ਼ਲ

ਬੱਦਲ ਵਾਂਗ ਅਵਾਰਾ ਬਣ ਕੇ ਦੇਖਾਂਗੇ
ਸੁਪਨਿਆਂ ਦਾ ਸਹਾਰਾ ਬਣ ਕੇ ਦੇਖਾਂਗੇ.

ਕਾਲੀ ਰਾਤ ਦਾ ਆਲਮ ਬਹੁਤ ਹੰਢਾਇਆ
ਸਰਘੀ ਵਾਲਾ ਤਾਰਾ ਬਣ ਕੇ ਦੇਖਾਂਗੇ.

ਦਿਲ ਦਾ ਸਾਗਰ ਉੱਛਲ-ਉੱਛਲ ਹਾਰ ਗਿਆ
ਠੰਢਾ ਸ਼ਾਂਤ ਕਿਨਾਰਾ ਬਣ ਕੇ ਦੇਖਾਂਗੇ.

ਬੱਚੇ ਅਤੇ ਫੁੱਲ ਦੀ ਮੁਸ਼ਕਾਨ ਜਿਹਾ
ਮਿੱਠਾ ਕੋਈ ਲਾਰਾ ਬਣ ਕੇ ਦੇਖਾਂਗੇ.

ਪੈਦਾ ਕਰਕੇ ਦਿਲ ਵਿੱਚ ਰੁੱਖਾਂ ਦੀ ਜੀਰਾਂਦ
ਧਰਤੀ ਵਰਗਾ ਭਾਰਾ ਬਣ ਕੇ ਦੇਖਾਂਗੇ.

ਪਲਕਾਂ ਹੇਠ ਡਲਕ ਰਿਹਾ ਜੋ ਅੱਖਾਂ ਵਿੱਚ
ਉਹ ਇੱਕ ਅੱਥਰੂ ਖਾਰਾ ਬਣ ਕੇ ਦੇਖਾਂਗੇ.

Sunday, March 8, 2009

ਗਜ਼ਲ

ਬਲਦੀ ਅੱਗ ਸੀਨੇ ਵਿੱਚ ਲੈ ਕੇ ਸਾਥ ਹੰਢਾਈਏ ਕਿਸ ਤਰਾਂ?
ਹਰ ਇੱਕ ਚਿਹਰਾ ਅਜਨਬੀ ਹੈ ਯਾਰ ਬਣਾਈਏ ਕਿਸ ਤਰਾਂ?

ਨਫਰਤਾਂ ਦੇ ਤੀਰ ਖਾ ਕੇ ਪੀ ਕੇ ਜ਼ਹਿਰ ਜੁਦਾਈ ਦਾ
ਇਸ਼ਕ, ਮੁਹੱਬਤ ਪਿਆਰ ਵਾਲੇ ਸੋਹਲੇ ਗਾਈਏ ਕਿਸ ਤਰਾਂ?

ਦਿਨ ਤਾਂ ਲੰਘ ਜਾਂਦਾ ਹੈ ਮਿਲਣ ਦੇ ਸੁਪਨੇ ਦੀ ਆਸ
ਕਾਲੀ, ਲੰਮੀ ਤੇ ਡਰਾਉਣੀ ਰਾਤ ਲੰਘਾਈਏ ਕਿਸ ਤਰਾਂ?

ਪੀੜ ਤਾਂ ਟੁੱਟਣ ਦੀ ਹੈ ਉਹ ਫੁੱਲ ਹੈ ਜਾਂ ਦਿਲ ਹੈ
ਬਾਗ ਵਿਚੋਂ ਟਹਿਕਦਾ ਫੁੱਲ ਤੋੜ ਲਿਆਈਏ ਕਿਸ ਤਰਾਂ?

ਬਿਖੜੇ ਰਾਹਾਂ ਦਾ ਪੈਂਡਾ ਵਿਸਰ ਗਿਆ ਹੈ ਕਾਫਿਲਾ ਵੀ
ਇਕੱਲੇ ਤੁਰ ਕੇ ਜਿੰਦਗੀ ਦਾ ਪੰਧ ਮੁਕਾਈਏ ਕਿਸ ਤਰਾਂ?