Sunday, March 31, 2024

ਗ਼ਜ਼ਲ

ਤਰਾਂ ਤਰਾਂ ਦੇ ਇਹਨਾਂ ਮਾਰੂ ਹਥਿਆਰਾਂ ਦਾ ਕੀ ਕਰਨਾ ਹੈ?

ਪਿਆਰ ਵਿਹੂਣੇ ਨਿਰਮੋਹੇ ਪਰਿਵਾਰਾਂ ਦਾ ਕੀ ਕਰਨਾ ਹੈ?

 

ਭੁੱਖ ਗਰੀਬੀ ਬੇਰੁਜ਼ਗਾਰੀ ਜਿਨ੍ਹਾਂ ਕੋਲੋਂ ਮੁੱਕਦੀ ਨਹਿਓਂ ,

ਚੁਣੀਆਂ ਹੋਈਆਂ ਉਹਨਾਂ ਸਰਕਾਰਾਂ ਦਾ ਕੀ ਕਰਨਾ ਹੈ ?


ਜਦੋਂ ਵਿਰਾਸਤ ਸਾਂਭਣ ਵਾਲੇ ਮਾਂ ਬੋਲੀ ਤੋਂ ਮੁਨਕਰ ਹੋਏ,

ਐਸੇ ਕਵੀਆਂ ਦੇ ਕਾਵਿਕ ਦਰਬਾਰਾਂ ਦਾ ਕੀ ਕਰਨਾ ਹੈ? 


ਰੋਟੀ ਰੋਜ਼ੀ ਖਾਤਰ ਜੇਕਰ ਆਪਣਾ ਘਰ ਹੀ ਛੱਡਣਾ ਪੈਂਦਾ, 

ਪਰਦੇਸਾਂ ਵਿੱਚ ਹਾਸਲ ਫਿਰ ਰੁਜ਼ਗਾਰਾਂ ਦਾ ਕੀ ਕਰਨਾ ਹੈ?

 

ਪੱਤਰਕਾਰੀ ਅਤੇ ਮੀਡੀਆ ਸੱਚ ਬੋਲਣਗੇ ਚਾਹੀਦਾ ਸੀ,

ਪਹਿਲਾਂ ਹੀ ਵਿਕ ਚੁੱਕੇ ਹੋਏ ਅਖਬਾਰਾਂ ਦਾ ਕੀ ਕਰਨਾ ਹੈ?


ਲੋਕਾਂ ਨੂੰ ਭੰਬਲਭੂਸੇ ਤੇ ਰੱਬ ਦੇ ਨਾਂਅ ਤੇ ਜਿੰਨ੍ਹਾਂ ਪਾਇਆ, 

ਰਿਸ਼ੀਆਂ ਮੁਨੀਆਂ ਤੇ ਐਸੇ ਅਵਤਾਰਾਂ ਦਾ ਕੀ ਕਰਨਾ ਹੈ?


ਇੱਕੋ ਮੋਢਾ ਚਾਹੀਦਾ ਹੈ ਜਿਹੜਾ ਪਾਰ ਲੰਘਾ ਦੇਵੇਗਾ,

ਮੰਝਧਾਰ ਜੋ ਡੋਬਣ ਕਿਸ਼ਤੀ ਪਤਵਾਰਾਂ ਦਾ ਕੀ ਕਰਨਾ ਹੈ

?

(ਬਲਜੀਤ ਪਾਲ ਸਿੰਘ)

Saturday, March 23, 2024

ਗ਼ਜ਼ਲ

 ਉਹ ਤਹੱਮਲ ਸਾਫ਼ਗੋਈ ਵਲਵਲੇ ਜਾਂਦੇ ਰਹੇ।

ਫੁੱਲ ਕਲੀਆਂ ਡਾਲੀਆਂ ਦੇ ਸਿਲਸਿਲੇ ਜਾਂਦੇ ਰਹੇ। 


ਤੇਰੇ ਦਰ ਤੇ ਹੋਈ ਜਿਹੜੀ ਕਿਰਕਿਰੀ ਉਹ ਯਾਦ ਹੈ,

ਫਿਰ ਖਲੋਤੇ ਰਹਿ ਗਏ ਹਾਂ ਕਾਫ਼ਲੇ ਜਾਂਦੇ ਰਹੇ। 


ਸਾਨੂੰ ਸਾਡੀ ਸਾਦਗੀ ਵੀ ਅੰਤ ਨੂੰ ਮਹਿੰਗੀ ਪਈ,

ਜਜ਼ਬਿਆਂ ਸੰਗ ਖੇਡ ਸੋਹਣੇ ਮਨਚਲੇ ਜਾਂਦੇ ਰਹੇ। 


ਹਰ ਮੁਸਾਫ਼ਿਰ ਜਾ ਰਿਹਾ ਹੈ ਖੌਫ ਦੀ ਖਾਈ ਜਿਵੇਂ, 

ਉਡਦੀਆਂ ਧੂੜਾਂ ਨੇ ਰਸਤੇ ਮਖ਼ਮਲੇ ਜਾਂਦੇ ਰਹੇ।


ਮਾਰੂਥਲ ਚੋਂ ਲੰਘ ਆਈ ਹੈ ਪਿਆਸੀ ਆਤਮਾ, 

ਰਸਤਿਆ ਵਿੱਚ ਆਏ ਜਿਹੜੇ ਜ਼ਲਜ਼ਲੇ ਜਾਂਦੇ ਰਹੇ। 

(ਬਲਜੀਤ ਪਾਲ ਸਿੰਘ)

Monday, March 18, 2024

ਗ਼ਜ਼ਲ

ਜਿੰਨ੍ਹਾਂ ਖਾਤਰ ਆਪਣਾ ਆਪ ਗਵਾਇਆ ਹੈ।
ਉਹਨਾਂ ਮੈਨੂੰ ਬੇ-ਇਜ਼ਤ ਕਰਵਾਇਆ ਹੈ।

ਮੈਂ ਵੀ ਹੰਭ ਹਾਰ ਕੇ ਬੈਠਣ ਵਾਲਾ ਨਹੀਂ, 
ਭਾਵੇਂ ਬਹੁਤਾ ਆਪਣਿਆਂ ਉਲਝਾਇਆ ਹੈ।

ਸ਼ਾਇਦ ਚੋਣਾਂ ਨੇੜੇ ਤੇੜੇ ਹੋਣਗੀਆਂ,
ਏਸੇ ਕਰਕੇ ਹਰ ਮੁੱਦਾ ਗਰਮਾਇਆ ਹੈ। 

ਪੌਣ ਰਸੀਲੀ ਰੁੱਖਾਂ ਨੂੰ ਸੰਗੀਤ ਦਵੇ, 
ਫੁੱਲ ਤਿਤਲੀਆਂ ਗੁਲਸ਼ਨ ਦਾ ਸਰਮਾਇਆ ਹੈ।

ਗਲੀਆਂ ਅਤੇ ਬਜ਼ਾਰਾਂ ਵਿੱਚ ਹੈ ਰੌਣਕ ਡਾਢੀ,
ਸ਼ਹਿਰ ਨੂੰ ਕਿਸਨੇ ਰੰਗ ਰੋਗਨ ਕਰਵਾਇਆ ਹੈ।

ਏਥੇ ਰਹਿ ਕੇ ਸਭ ਕੁਝ ਹਾਸਲ ਕਰ ਲੈਂਦੇ 
ਪਰਦੇਸਾਂ ਦੀ ਚਕਾਚੌਂਧ ਭਰਮਾਇਆ ਹੈ। 

ਬਹੁਤੀ ਵਾਰੀ ਸਾਨੂੰ ਦਰਦਾਂ ਬਖ਼ਸ਼ਣ ਵਾਲ਼ਾ, 
ਹੁੰਦਾ ਆਪਣਾ ਹੀ ਕੋਈ ਹਮਸਾਇਆ ਹੈ। 
(ਬਲਜੀਤ ਪਾਲ ਸਿੰਘ)
  


Sunday, March 10, 2024

ਗ਼ਜ਼ਲ

ਆਪਣੇ ਹੀ ਦਰਦ ਦੇ ਮੈਂ ਹਾਣ ਦਾ ਹਾਂ ।

ਮੈਂ ਤਾਂ ਖ਼ੁਦ ਨੂੰ ਬਹੁਤ ਥੋੜ੍ਹਾ ਜਾਣਦਾ ਹਾਂ ।


ਗੀਟਿਆਂ ਤੇ ਪੱਥਰਾਂ ਦੇ ਸ਼ਹਿਰ ਵਿੱਚੋਂ ,

ਖਾਕ ਐਵੇਂ ਮੋਤੀਆਂ ਲਈ ਛਾਣਦਾ ਹਾਂ।


ਜੋ ਖਰੀਦੀ ਬਾਰਿਸ਼ਾਂ ਤੋਂ ਬਚਣ ਨੂੰ ਸੀ,

ਓਹੀ ਛੱਤਰੀ ਧੁੱਪ ਵੇਲੇ ਤਾਣਦਾ ਹਾਂ।


ਮੈਂ ਜਨਮ ਤੋਂ ਹੀ ਬਹਾਰਾਂ ਦਾ ਹਾਂ ਆਸ਼ਕ,

ਸਖ਼ਤ ਔੜਾਂ ਪਤਝੜਾਂ ਵੀ ਮਾਣਦਾ ਹਾਂ ।


ਸਹਿਜੇ ਸਹਿਜੇ ਤੁਰ ਰਿਹਾ ਹਾਂ ਮੈਂ ਭਾਵੇਂ, 

ਔਖੇ ਪੈਂਡੇ ਵੀ ਮੁਕਾਉਣੇ ਠਾਣਦਾ ਹਾਂ ।

(ਬਲਜੀਤ ਪਾਲ ਸਿੰਘ)