Wednesday, November 22, 2023

ਗ਼ਜ਼ਲ

 ਲੰਘ ਗਏ ਨੇ ਸੱਜਣ ਏਥੋਂ ਰੁਕਦੇ ਰੁਕਦੇ 

ਸਾਹ ਅਸਾਡੇ ਮਸਾਂ ਬਚੇ ਨੇ ਮੁਕਦੇ ਮੁਕਦੇ


ਕਈ ਮਾਰਦੇ ਨੇ ਲਲਕਾਰੇ ਗਲੀਆਂ ਅੰਦਰ 

ਕਈ ਲੰਘਾਉਂਦੇ ਉਮਰਾਂ ਏਥੇ ਲੁਕਦੇ ਲੁਕਦੇ 


ਰੀਝਾਂ ਚਾਵਾਂ ਸੱਧਰਾਂ ਨਾਲ ਹੰਢਾਇਆ ਹੋਇਆ 

ਕਬਰਾਂ ਨੇੜੇ ਆਇਆ ਜੀਵਨ ਢੁਕਦੇ ਢੁਕਦੇ 



ਸੋਹਣੇ ਪੌਦੇ ਗਮਲੇ ਵਿੱਚ ਲਗਾ ਲੈਂਦੇ ਹਾਂ 

ਪਾਣੀ ਨਾ ਦਈਏ ਮਰ ਜਾਂਦੇ ਸੁਕਦੇ ਸੁਕਦੇ


ਧੌਲੇ ਆਏ ਤੇ ਅੱਖਾਂ ਦੀ ਚਮਕ ਗੁਆਚੀ 

ਫ਼ਰਜ਼ਾਂ ਦੇ ਬੋਝਾਂ ਨੂੰ ਆਖਰ ਚੁਕਦੇ ਚੁਕਦੇ 


ਤੁਰਦਾ ਤੁਰਦਾ ਉਹ ਵੀ ਸ਼ਾਇਦ ਥੱਕਿਆ ਹੋਣੈ

ਸੂਰਜ ਪੱਛਮ ਵੱਲ ਨੂੰ ਹੋਇਆ ਝੁਕਦੇ ਝੁਕਦੇ 

(ਬਲਜੀਤ ਪਾਲ ਸਿੰਘ)

Tuesday, November 21, 2023

ਗ਼ਜ਼ਲ

ਜ਼ਿੰਦਗੀ ਦੇ ਬਹੁਤਾ ਕਰੀਬ ਕੋਈ ਨਹੀਂ ।

ਇਹਨੀਂ ਦਿਨੀਂ ਮੇਰਾ ਰਕੀਬ ਕੋਈ ਨਹੀਂ ।


ਹੁੰਦੇ ਸੁੰਦੇ ਸਭ ਕੁਝ ਏਦਾਂ ਲੱਗ ਰਿਹਾ ,

ਮੇਰੇ ਵਰਗਾ ਗ਼ਰੀਬ ਕੋਈ ਨਹੀਂ ।


ਮਾਪ ਸਕੇ ਦਿਲ ਦੇ ਡੂੰਘੇ ਦਰਦ ਨੂੰ ਜੋ ,

ਬਣੀ ਐਸੀ ਅਜੇ ਜਰੀਬ ਕੋਈ ਨਹੀਂ ।


ਲਿਖ ਦੇਵੇ ਜੋ ਮੇਰੇ ਨਾਮ ਨਜ਼ਮ ਤਾਜ਼ਾ ,

ਗਰਾਂ ਮੇਰੇ ਅੰਦਰ ਅਦੀਬ ਕੋਈ ਨਹੀਂ ।


ਮਰਜ਼ ਕੀ ਹੈ ਮੈਨੂੰ ਸਮਝ ਸਕੇ ਆਖਿਰ ,

ਲੱਭ ਰਿਹਾਂ, ਮਿਲਦਾ ਤਬੀਬ ਕੋਈ ਨਹੀਂ ।

(ਬਲਜੀਤ ਪਾਲ ਸਿੰਘ)

Wednesday, November 15, 2023

ਗ਼ਜ਼ਲ

ਚਾਤਰ ਵਾਂਗ ਡਰਾਇਆ ਨਾ ਕਰ

ਮਹਿਲ ਹਵਾਈ ਪਾਇਆ ਨਾ ਕਰ

ਦੋਸਤ ਹੈਂ ਤਾਂ ਦੋਸਤ ਹੀ ਰਹਿ 

ਬਿਨ ਮਤਲਬ ਲਲਚਾਇਆ ਨਾ ਕਰ

ਮੌਜਾਂ ਲੁੱਟ ਤੇ ਕਰ ਲੈ ਐਸ਼ਾਂ 

ਖਾਹਿਸ਼ ਕੋਈ ਦਬਾਇਆ ਨਾ ਕਰ 

ਏਥੇ ਸੱਚ ਦੇ ਹੋਣ ਨਬੇੜੇ 

ਘੋੜੇ ਤੇਜ਼ ਦੁੜਾਇਆ ਨਾ ਕਰ

ਗੇੜੇ ਦੇਵਣ ਧਰਤੀ ਸੂਰਜ 

ਛੇਤੀ ਪੰਧ ਮੁਕਾਇਆ ਨਾ ਕਰ

ਤੈਨੂੰ ਡਾਢਾ ਇਲਮ ਹੈ ਭਾਵੇਂ 

ਰੋਜ਼ ਬੁਝਾਰਤ ਪਾਇਆ ਨਾ ਕਰ

ਤੇਰੇ ਕੋਲੋਂ ਬੜੀਆਂ ਆਸਾਂ 

ਗੱਲਾਂ ਵਿੱਚ ਉਲਝਾਇਆ ਨਾ ਕਰ 

(ਬਲਜੀਤ ਪਾਲ ਸਿੰਘ)

Saturday, November 11, 2023

ਗ਼ਜ਼ਲ

ਪੱਥਰ ਉੱਤੇ ਸੋਹਣੀ ਲੱਗਦੀ ਮੀਨਾਕਾਰੀ ਵੇਖ ਲਈ ਹੈ 

ਕੈਨਵਸ ਉੱਤੇ ਵਾਹੀ ਸੂਹੀ ਚਿੱਤਰਕਾਰੀ ਵੇਖ ਲਈ ਹੈ 

ਮੇਰੇ ਪਿੰਡ ਦੀ ਫਿਰਨੀ ਉੱਤੇ ਸ਼ਾਮ ਨੂੰ ਰੌਣਕ ਵੇਖ ਲਵੀਂ 

ਤੇਰੇ ਸ਼ਹਿਰ ਦੀ ਝੂਠੀ ਸਾਰੀ ਖਾਤਿਰਦਾਰੀ ਵੇਖ ਲਈ ਹੈ 

ਦਾਅਵਾ ਕਰਦਾ ਰਹਿੰਦਾ ਸੀ ਕਿ ਤੂੰ ਹੈ ਯਾਰ ਗਰੀਬਾਂ ਦਾ 

ਸੋਨੇ ਦੇ ਸਿੱਕੇ ਤੇਰੇ ਘਰ ਉਹ ਅਲਮਾਰੀ ਵੇਖ ਲਈ ਹੈ 

ਪੰਛੀ ਆਏ ਚੁਰ ਚੁਰ ਲਾਈ ਤੇ ਝੁਰਮਟ ਹੈ ਪਾਇਆ

ਟਾਹਣੀ ਉੱਤੇ ਰੁੱਖਾਂ ਸੰਗ ਉਹਨਾਂ ਦੀ ਯਾਰੀ ਵੇਖ ਲਈ ਹੈ 

ਆਪਣੇ ਹਮਸਾਇਆਂ ਨੂੰ ਖਾਧਾ ਨੋਚ ਨੋਚ ਕੇ ਜਿੰਨਾ ਨੇ 

ਲੰਬੜਦਾਰਾਂ ਦੀ ਝੂਠੀ ਆਲੰਬਰਦਾਰੀ ਵੇਖ ਲਈ ਹੈ 

ਮੈਂ ਦਰਗਾਹ ਦੇ ਦੀਵੇ ਵਾਂਗੂੰ ਜਗਦਾ ਬੁਝਦਾ ਰਹਿੰਦਾ ਹਾਂ 

ਆਉਂਦੇ ਜਾਂਦੇ ਲੋਕਾਂ ਦੀ ਐਪਰ ਰੂਹਦਾਰੀ ਵੇਖ ਲਈ ਹੈ

ਚਾਹੇ ਸੀ ਕੁਝ ਰੰਗ ਬਰੰਗੇ ਫੁੱਲਾਂ ਦੇ ਦਰਸ਼ਨ ਦੀਦਾਰੇ 

ਗੁਲਸ਼ਨ ਦੇ ਚਾਰੇ ਪਾਸੇ ਪਰ ਚਾਰਦੀਵਾਰੀ ਵੇਖ ਲਈ ਹੈ

ਸੱਤਾ ਮੂਹਰੇ ਨੱਚਦੀ ਹੋਈ ਲਾਲਾਂ ਸੁੱਟਦੀ ਰਹਿੰਦੀ  ਏਦਾਂ 

ਬਹੁਤੇ ਕਵੀਆਂ ਦੀ ਕਵਿਤਾ ਵੀ ਦਰਬਾਰੀ ਵੇਖ ਲਈ ਹੈ 


(ਬਲਜੀਤ ਪਾਲ ਸਿੰਘ)

Sunday, November 5, 2023

ਗ਼ਜ਼ਲ

ਜ਼ਖਮਾਂ ਵਾਂਗੂੰ ਰਿਸਦੀ ਹੈ ਤੇ ਦਰਦ ਕਰੇਂਦੀ ਹੈ।

ਮੈਨੂੰ ਲੰਮੀ ਰਾਤ ਡਰਾਉਣੇ ਸੁਫ਼ਨੇ ਦੇਂਦੀ ਹੈ। 


ਲੋਹੜਾ ਹੋਇਆ ਜੇਕਰ ਉਸ ਨੇ ਸੱਚ ਆਖਿਆ ਤਾਂ, 

ਸਾਰੀ ਖ਼ਲਕਤ ਉਸਨੂੰ ਟੀਰੀ ਅੱਖ ਨਾਲ ਵੇਂਹਦੀ ਹੈ।


ਖੌਰੇ ਕਿਹੜੇ ਬਾਗਾਂ ਵਿੱਚੋਂ ਚੁਣ ਚੁਣ ਲੈ ਆਉੰਦੀ ,

ਕੁਦਰਤ ਇਹਨਾਂ ਫੁੱਲਾਂ ਵਿੱਚ ਜੋ ਰੰਗ ਭਰੇਂਦੀ ਹੈ।


ਲੋਕਾਂ ਦਾ ਕੀ ਇਹ ਤਾਂ ਉਸਨੂੰ ਪੱਥਰ ਕਹਿ ਦਿੰਦੇ ,

ਆਪਣੀ ਕੁੱਖੋਂ ਜਿਹੜੀ ਸੋਹਣੇ ਬਾਲ ਜਣੇਂਦੀ ਹੈ ।


ਰਾਜੇ ਹੇਠਾਂ ਕੁਰਸੀ ਏਸੇ ਕਰਕੇ ਹੈ ਉੱਚਾ ,

ਉਤਰੇਗਾ ਵੇਖਾਂਗੇ ਕਿਹੜੇ ਭਾਅ ਵਿਕੇਂਦੀ ਹੈ ।

(ਬਲਜੀਤ ਪਾਲ ਸਿੰਘ)