Tuesday, October 31, 2023

ਗ਼ਜ਼ਲ


ਘਰ ਅੰਦਰ ਬੈਠੇ ਬੰਦੇ ਨੂੰ ਵੀ ਖਤਰਾ ਹੈ 

ਮੰਡੀ ਦਾ ਮਸਲਾ ਧੰਦੇ ਨੂੰ ਵੀ ਖਤਰਾ ਹੈ

ਬਹੁਤੀ ਥਾਈਂ ਲੋਹੇ ਨੇ ਕਬਜ਼ਾ ਹੈ ਕੀਤਾ 

ਤਰਖਾਣਾਂ ਦੇ ਹੁਣ ਰੰਦੇ ਨੂੰ ਵੀ ਖਤਰਾ ਹੈ 

ਜਦ ਲੋਕਾਂ ਨੇ ਮੂੰਹ ਨਾ ਲਾਇਆ ਤਾਂ ਫਿਰ ਓਦੋਂ 

ਠੱਗ ਟੋਲਿਆਂ ਦੇ ਚੰਦੇ ਨੂੰ ਵੀ ਖਤਰਾ ਹੈ 

ਹਰ ਵੇਲੇ ਡਰਦਾ ਰਹਿੰਦਾ ਹੈ ਵਿਦਰੋਹ ਕੋਲੋਂ 

ਸੱਚੀ ਗੱਲ ਸਿਸਟਮ ਗੰਦੇ ਨੂੰ ਵੀ ਖਤਰਾ ਹੈ 

ਫਸ ਜਾਂਦਾ ਹੈ ਇੱਕ ਦਿਨ ਚੋਰ ਉਚੱਕਾ ਬੰਦਾ 

ਆਖਰਕਾਰ ਤਾਂ ਕੰਮ ਮੰਦੇ ਨੂੰ ਵੀ ਖਤਰਾ ਹੈ 

(ਬਲਜੀਤ ਪਾਲ ਸਿੰਘ)

Saturday, October 28, 2023

ਬੜਾ ਕੁਝ ਲਿਖ ਲਿਆ ਹੈ ਬੜਾ ਕੁਝ ਕਹਿਣ ਦੀ ਆਦਤ

ਅਸੀਂ ਸਾਊ ਜਿਹੇ ਬੰਦੇ ਅਦਬ ਵਿੱਚ ਰਹਿਣ ਦੀ ਆਦਤ


ਜਦੋਂ ਕੋਈ ਕਹਿ ਰਿਹਾ ਹੋਵੇ ਬਹਾਰਾਂ ਮਾਣੀਏ ਆਓ

ਉਹਨੂੰ ਆਖੋ ਕਿ ਸਾਨੂੰ ਪੱਤਝੜਾਂ ਨੂੰ ਸਹਿਣ ਦੀ ਆਦਤ 


ਕਈ ਵਾਰੀ ਕਿਸੇ ਸੁਫ਼ਨੇ ਦੀ ਹੋਵੇ ਜੇ ਤਮੰਨਾ ਤਾਂ 

ਕਿ ਗੂੜ੍ਹੀ ਨੀਂਦ ਵਿੱਚ ਓਦੋਂ ਹੈ ਖੁਦ ਨੂੰ ਲਹਿਣ ਦੀ ਆਦਤ 


ਨਹੀਂ ਹੋਣਾ ਫਿਦਾ ਉਸਤੇ ਜੋ ਖ਼ੁਦ ਨੂੰ ਹੀ ਖ਼ੁਦਾ ਸਮਝੇ

ਅਸਾਨੂੰ ਸਾਦਿਆਂ ਲੋਕਾਂ ਵਿਚਾਲ਼ੇ ਬਹਿਣ ਦੀ ਆਦਤ


ਕਦੇ ਨਾ ਪਰਖਣਾ ਇਹ ਹੌਸਲਾ ਸਾਡਾ ਜਾਂ ਸਾਨੂੰ ਵੀ 

ਅਸੀਂ ਝਰਨੇ ਹਾਂ ਸਾਨੂੰ ਪੱਥਰਾਂ ਨਾਲ ਖਹਿਣ ਦੀ ਆਦਤ

(ਬਲਜੀਤ ਪਾਲ ਸਿੰਘ)

Monday, October 16, 2023

ਗ਼ਜ਼ਲ

ਬੁਝ ਗਿਆ ਹਾਂ ਮੈਂ ਕਦੇ ਦੀਪਕ ਰਿਹਾ ਹਾਂ ।

ਮਹਿਫਲਾਂ ਦੀ ਸ਼ਾਨ ਤੇ ਰੌਣਕ ਰਿਹਾ ਹਾਂ ।

ਮੈਂ ਦੰਬੂਖਾਂ ਬੀਜਦਾ ਤਾਂ ਹੋਰ ਹੋਣੀ ਸੀ ਕਹਾਣੀ,

ਪਰ ਮੈਂ ਆਗਿਆਕਾਰੀ ਇੱਕ ਬਾਲਕ ਰਿਹਾ ਹਾਂ ।

ਲਾਲਸਾ ਸੀ ਘੁੰਮ ਕੇ ਦੇਖਾਂ ਇਹ ਦੁਨੀਆ ,

ਮੈਂ ਪ੍ਰੰਤੂ ਇੱਕ ਹਲ-ਵਾਹਕ ਰਿਹਾ ਹਾਂ ।

ਬਾਗ਼ੀਆਨਾ ਆਦਤਾਂ ਦਾ ਕੀ ਸੀ ਬਣਨਾ ,

ਮੰਡੀ ਅੰਦਰ ਮੈਂ ਵੀ ਇੱਕ ਗਾਹਕ ਰਿਹਾ ਹਾਂ ।

ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ,

ਪੁੱਛਣਾ ਕਿਸਨੇ ਸੀ ਮੈਂ ਠੰਡਕ ਰਿਹਾ ਹਾਂ ।

ਇਸ ਵਿਵਸਥਾ ਨੇ ਕਿਵੇਂ ਫਿਰ ਬਦਲਣਾ ਸੀ ,

ਵਿਗੜੇ ਹੋਏ ਵਾਹਨ ਦਾ ਚਾਲਕ ਰਿਹਾ ਹਾਂ ।

ਚੁਭ ਰਿਹਾ ਹਾਂ ਏਸੇ ਕਰਕੇ ਨਾਜ਼ਮਾ ਨੂੰ ,

ਮੈਂ ਹਮੇਸ਼ਾ ਮਰਜ਼ੀ ਦਾ ਮਾਲਕ ਰਿਹਾ ਹਾਂ ।

(ਬਲਜੀਤ ਪਾਲ ਸਿੰਘ)

Monday, October 9, 2023

ਗ਼ਜ਼ਲ

 ਨਹੀਂ ਉਹ ਬੋਲ ਸੁਣਦੇ ਹੁਣ ਜੋ ਸਨ ਮਿਸ਼ਰੀ ਦੀਆਂ ਡਲੀਆਂ 

ਉਮਰ ਦੇ ਪਹਿਰ ਸਾਰੇ ਬੀਤ ਚੱਲੇ ਤੇ ਤਿਕਾਲਾਂ ਵੀ ਨੇ ਢਲੀਆਂ

ਚਲੋ ਮੈਂ ਏਸ ਉਮਰੇ ਫਿਰ ਸੁਭਾਅ ਨੂੰ ਬਦਲ ਕੇ ਵੇਖਾਂ 

ਉਹਨਾਂ ਤੇ ਘੁੰਮੀਏਂ ਜੋ ਦੂਰ ਦਿੱਸਣ ਖੁਸ਼ਨੁਮਾ ਗਲੀਆਂ 

ਮਨੁੱਖ ਨੂੰ ਰੋਗ ਨੇ ਬਹੁਤੇ ਦਵਾਈਆਂ ਬਹੁਤ ਖਾਂਦਾ ਹੈ 

ਨਾ ਹੋਏ ਰੋਗ ਹੀ ਰਾਜ਼ੀ ਅਤੇ ਮਰਜਾਂ ਨਹੀਂ ਟਲੀਆਂ 

ਕਦੇ ਪਿੱਛੇ ਜਿਹੇ ਰਹਿ ਤੇਜ਼ ਤੁਰਦੇ ਲੋਕ ਦੇਖਾਂ ਤਾਂ

ਮੈਂ ਸੋਚਾਂ ਪੁੰਨ ਕੀਤੇ ਨੇ ਇਹਨਾਂ ਨੂੰ ਮਿਲਦੀਆਂ ਫ਼ਲੀਆਂ 

ਅਸੀਂ ਪਹਿਲਾਂ ਜਿਹੇ ਹਾਂ ਫੇਰ ਮਿਲ ਕੇ ਵੇਖ ਲੈਣਾ ਜੀ 

ਅਸਾਨੂੰ ਅੱਜ ਵੀ ਭਾਉਂਦੇ ਫ਼ਿਜ਼ਾ ਵਿੱਚ ਫੁੱਲ ਤੇ ਕਲੀਆਂ 

ਜਿੰਨਾ ਲਈ ਰੁੱਖ ਲਾਏ ਮੈਂ ਅਤੇ ਗਮਲੇ ਸਜਾਏ ਸੀ 

ਪਤਾ ਨਹੀਂ ਕਿੰਝ ਹੋਇਆ ਫਾਸਲਾ ਤੋਰਾਂ ਨਹੀਂ ਰਲੀਆਂ 

(ਬਲਜੀਤ ਪਾਲ ਸਿੰਘ)