Sunday, March 5, 2023

ਗ਼ਜ਼ਲ


ਸਿਰ ਉੱਤੇ ਤਪਦਾ ਸੂਰਜ ਹੈ ਪੈਰਾਂ ਹੇਠਾਂ ਕੰਡੇ ਨੇ

ਇਸ ਪ੍ਰਕਾਰ ਸਫਰ ਤੇ ਤੁਰਦੇ ਸਾਰੇ ਦੁਖ ਸੁਖ ਵੰਡੇ ਨੇ 


ਛੱਡ ਦਿੱਤਾ ਸਾਰੇ ਐਬਾਂ ਨੂੰ ਹਾਊਮੈ ਨੂੰ ਵੀ ਛੱਡਿਆ ਹੈ

ਫਿਰ ਵੀ ਸਾਡੇ ਨੁਕਸ ਜ਼ਮਾਨੇ ਛੱਜੀਂ ਪਾ ਪਾ ਛੰਡੇ ਨੇ 


ਮਾਰੂਥਲ ਵਰਗੇ ਜੀਵਨ ਵਿੱਚ ਹਰਿਆਲੀ ਆਵੇ ਕਿੱਦਾਂ 

ਮੇਰੇ ਚੌਗਿਰਦੇ ਵਿੱਚ ਬਹੁਤੇ ਰੁੱਖ ਪੱਤਿਆਂ ਬਿਨ ਰੰਡੇ ਨੇ


ਕਿਰਚਾਂ ਛਵੀਆਂ ਤੇ ਤਲਵਾਰਾਂ ਦੀ ਰੁੱਤ ਆਈ ਲੱਗਦੀ ਹੈ

ਧਰਮਾਂ ਨੇ ਗੁੰਡਾਗਰਦੀ ਲਈ ਆਪਣੇ ਚੇਲੇ ਚੰਡੇ ਨੇ 


ਕੁੱਤਾ ਰਾਜ ਸਿੰਘਾਸਨ ਬੈਠਾ ਚੱਕੀ ਚੱਟੀ ਜਾਂਦਾ ਹੈ

ਲੋਕੀਂ ਜਦ ਹੱਕਾਂ ਲਈ ਲੜਦੇ ਉਹਨਾਂ ਖਾਤਰ ਡੰਡੇ ਨੇ


ਉੱਤਰ ਕਾਟੋ ਯਾਰ ਚੜ੍ਹੇ ਇਹ ਖੇਡ ਹੈ ਅੱਜ ਸਿਆਸਤ ਦੀ

ਸਭ ਸਰਕਾਰਾਂ ਦੇ ਹੀ ਏਥੇ ਰਲਵੇਂ ਮਿਲਵੇਂ ਫੰਡੇ ਨੇ


ਉਹਨਾਂ ਦੇ ਹਿੱਸੇ ਦੀ ਦੌਲਤ ਆਖਰ ਕਿਸਨੇ ਖੋਹੀ ਹੈ

ਨਿਰਧਨ ਲਾਚਾਰਾਂ ਦੇ ਚੁੱਲ੍ਹੇ ਬਸਤੀ ਅੰਦਰ ਠੰਡੇ ਨੇ

(ਬਲਜੀਤ ਪਾਲ ਸਿੰਘ)

No comments: