Sunday, March 26, 2023

ਗ਼ਜ਼ਲ

ਮਸਤਿਕ ਅੰਦਰ ਪੈਦਾ ਹੁੰਦਾ ਇਹੋ ਇੱਕ ਸਵਾਲ ਸਦਾ,

ਸਾਦ ਮੁਰਾਦੇ ਬੰਦੇ ਕਾਹਤੋਂ ਰਹਿੰਦੇ ਮੰਦੜੇ ਹਾਲ ਸਦਾ।

 

ਪੱਕੀ ਗੱਲ ਹੈ ਕਈਆਂ ਵੱਡੀ ਹੇਰਾਫੇਰੀ ਕੀਤੀ ਹੋਣੀ,

ਧਨ ਨਹੀਂ 'ਕੱਠਾ ਹੁੰਦਾ ਛੇਤੀ ਨੇਕ ਕਮਾਈ ਨਾਲ ਸਦਾ।

 

ਬਹੁਤਾ ਪੈਸਾ ਲੁੱਟ ਕੇ ਲੈ ਗਏ ਬੈਂਕਾਂ ਵਿੱਚੋਂ ਸ਼ਾਹੂਕਾਰ,

ਜਨਤਾ ਨੂੰ ਅਧਿਕਾਰੀ ਦਿੰਦੇ ਨਾਲ ਬਹਾਨੇ ਟਾਲ ਸਦਾ।


ਮੰਤਰੀਆਂ ਤੇ ਸੰਤਰੀਆਂ ਨੇ ਲੁੱਟ ਖ਼ਜ਼ਾਨੇ ਦੀ ਕੀਤੀ,

ਲੋਕਾਂ ਨੂੰ ਸਰਕਾਰਾਂ ਦਿੱਤਾ ਕੇਵਲ ਆਟਾ ਦਾਲ ਸਦਾ।


ਅੰਨਦਾਤੇ ਦੀ ਖੇਤਾਂ ਵਿੱਚ ਕੀਤੀ ਮਿਹਨਤ ਬੇਕਾਰ ਗਈ, 

ਤੰਗੀ ਤੁਰਸ਼ੀ ਵਿੱਚ ਹੀ ਲੰਘਦਾ ਉਸਦਾ ਸਾਰਾ ਸਾਲ ਸਦਾ।


ਫਿਕਰਾਂ ਵਿੱਚ ਖਲੋਤੇ ਹੋਏ ਲੇਬਰ ਚੌਂਕ ਉਦਾਸੇ ਲੋਕ,

ਆਵਾਜਾਈ ਚਲਦੀ ਰਹਿੰਦੀ ਬੇਫਿਕਰੀ ਦੀ ਚਾਲ ਸਦਾ।

(ਬਲਜੀਤ ਪਾਲ ਸਿੰਘ)

 


Saturday, March 11, 2023

ਗ਼ਜ਼ਲ



ਕਦੇ ਜੇ ਖੁਸ਼ਨੁਮਾ ਮੌਸਮ ਦੁਬਾਰਾ ਫੇਰ ਆਵੇ ਤਾਂ ਸੰਭਲ ਜਾਣਾ 

ਮੁਹੱਬਤ ਤੇ ਵਫਾ ਦਾ ਜਾਲ ਕੋਈ ਜੇ ਵਿਛਾਵੇ ਤਾਂ ਸੰਭਲ ਜਾਣਾ


ਬੜਾ ਹੀ ਦਰਦ ਦਿੰਦੀ ਹੈ ਜੁਦਾਈ ਵਿਛੜੇ ਹੋਏ ਪਿਆਰੇ ਦੀ 

ਉਦ੍ਹੀ ਫੋਟੋ ਅਗਰ ਸੋਚੇ ਬਿਨਾਂ ਕੋਈ ਵਿਖਾਵੇ ਤਾਂ ਸੰਭਲ ਜਾਣਾ 


ਜਦੋਂ ਵੀ ਤੁਰ ਗਏ ਪ੍ਰਦੇਸੀਆਂ ਦਾ ਹੇਰਵਾ ਸਮਝੋ ਤਾਂ ਓਦੋਂ ਵੀ 

ਵਤਨ ਆਪਣੇ ਦਾ ਚੇਤਾ ਜੇ ਕਦੇ ਕੋਈ ਕਰਾਵੇ ਤਾਂ ਸੰਭਲ ਜਾਣਾ

 

ਬਥੇਰਾ ਭਟਕਦੇ ਆਏ ਹਾਂ ਔਝੜ ਰਸਤਿਆਂ ਉੱਤੇ ਹਮੇਸ਼ਾ ਹੀ 

ਪਗਡੰਡੀ ਕੋਈ ਹਰਿਆਵਲੀ ਜੇ ਦਿਲ ਲੁਭਾਵੇ ਤਾਂ ਸੰਭਲ ਜਾਣਾ


ਤੁਸੀਂ ਉਜੜੇ ਹੋਏ ਬੇਜਾਨ ਖੰਡਰ ਨੂੰ ਕਦੇ ਨਾ ਭੁੱਲਣਾ ਯਾਰੋ 

ਜਦੋਂ ਵੀ ਤਿਤਲੀਆਂ ਫੁੱਲਾਂ ਦਾ ਕੋਈ ਖ਼ਾਬ ਆਵੇ ਤਾਂ ਸੰਭਲ ਜਾਣਾ


ਬੜਾ ਹੀ ਵਧ ਗਿਆ ਲਾਲਚ ਤੇ ਬਹੁਤੀ ਲਾਲਸਾ ਵਧ ਗਈ 

ਕਦੇ ਜੇ ਚੇਤਨਾ ਦੀ ਚਿਣਗ ਉੱਠੇ ਤੇ ਜਗਾਵੇ ਤਾਂ ਸੰਭਲ ਜਾਣਾ

 

ਪਤਾ ਇਹ ਸਾਰਿਆਂ ਨੂੰ ਹੈ ਕਿ ਜੋ ਕੁਝ ਹੈ ਉਹ ਏਥੇ ਹੈ

ਕਿ ਲਾਰੇ ਫੇਰ ਜੰਨਤ ਦੇ ਕੋਈ ਐਵੇਂ ਲਗਾਵੇ ਤਾਂ ਸੰਭਲ ਜਾਣਾ


ਜਰਾ ਬਚਿਓ ਕਿ ਹੁੰਦੀ ਹੁਸਨ ਵਿੱਚ ਤਾਕਤ ਬੜੀ ਡਾਢੀ 

ਭਰੇ ਬਾਜ਼ਾਰ ਨਜ਼ਰਾਂ ਚੋਰੀਓਂ ਕੋਈ ਮਿਲਾਵੇ ਤਾਂ ਸੰਭਲ ਜਾਣਾ 

(ਬਲਜੀਤ ਪਾਲ ਸਿੰਘ)

Sunday, March 5, 2023

ਗ਼ਜ਼ਲ


ਸਿਰ ਉੱਤੇ ਤਪਦਾ ਸੂਰਜ ਹੈ ਪੈਰਾਂ ਹੇਠਾਂ ਕੰਡੇ ਨੇ

ਇਸ ਪ੍ਰਕਾਰ ਸਫਰ ਤੇ ਤੁਰਦੇ ਸਾਰੇ ਦੁਖ ਸੁਖ ਵੰਡੇ ਨੇ 


ਛੱਡ ਦਿੱਤਾ ਸਾਰੇ ਐਬਾਂ ਨੂੰ ਹਾਊਮੈ ਨੂੰ ਵੀ ਛੱਡਿਆ ਹੈ

ਫਿਰ ਵੀ ਸਾਡੇ ਨੁਕਸ ਜ਼ਮਾਨੇ ਛੱਜੀਂ ਪਾ ਪਾ ਛੰਡੇ ਨੇ 


ਮਾਰੂਥਲ ਵਰਗੇ ਜੀਵਨ ਵਿੱਚ ਹਰਿਆਲੀ ਆਵੇ ਕਿੱਦਾਂ 

ਮੇਰੇ ਚੌਗਿਰਦੇ ਵਿੱਚ ਬਹੁਤੇ ਰੁੱਖ ਪੱਤਿਆਂ ਬਿਨ ਰੰਡੇ ਨੇ


ਕਿਰਚਾਂ ਛਵੀਆਂ ਤੇ ਤਲਵਾਰਾਂ ਦੀ ਰੁੱਤ ਆਈ ਲੱਗਦੀ ਹੈ

ਧਰਮਾਂ ਨੇ ਗੁੰਡਾਗਰਦੀ ਲਈ ਆਪਣੇ ਚੇਲੇ ਚੰਡੇ ਨੇ 


ਕੁੱਤਾ ਰਾਜ ਸਿੰਘਾਸਨ ਬੈਠਾ ਚੱਕੀ ਚੱਟੀ ਜਾਂਦਾ ਹੈ

ਲੋਕੀਂ ਜਦ ਹੱਕਾਂ ਲਈ ਲੜਦੇ ਉਹਨਾਂ ਖਾਤਰ ਡੰਡੇ ਨੇ


ਉੱਤਰ ਕਾਟੋ ਯਾਰ ਚੜ੍ਹੇ ਇਹ ਖੇਡ ਹੈ ਅੱਜ ਸਿਆਸਤ ਦੀ

ਸਭ ਸਰਕਾਰਾਂ ਦੇ ਹੀ ਏਥੇ ਰਲਵੇਂ ਮਿਲਵੇਂ ਫੰਡੇ ਨੇ


ਉਹਨਾਂ ਦੇ ਹਿੱਸੇ ਦੀ ਦੌਲਤ ਆਖਰ ਕਿਸਨੇ ਖੋਹੀ ਹੈ

ਨਿਰਧਨ ਲਾਚਾਰਾਂ ਦੇ ਚੁੱਲ੍ਹੇ ਬਸਤੀ ਅੰਦਰ ਠੰਡੇ ਨੇ

(ਬਲਜੀਤ ਪਾਲ ਸਿੰਘ)