ਉਲਝਿਆ ਇਸ ਜ਼ਿੰਦਗੀ ਦਾ ਅਜਬ ਤਾਣਾ ਹੈ ਅਜੇ
ਫਿਰ ਵੀ ਲਿਖਿਆ ਚੋਗ ਅੰਦਰ ਕੋਈ ਦਾਣਾ ਹੈ ਅਜੇ
ਕਹਿ ਦਿਆਂ ਕਿੱਦਾਂ ਹੁਣੇ ਮੈਂ ਅਲਵਿਦਾ ਐ ਦੋਸਤੋ
ਹੋਰ ਕਿੰਨੇ ਪ੍ਰਬਤਾਂ ਤੋਂ ਪਾਰ ਜਾਣਾ ਹੈ ਅਜੇ
ਮਿਲ ਨਹੀਂ ਸਕਦਾ ਨਿਆਂ ਏਥੇ ਵੀ ਓਨੀ ਦੇਰ ਤੱਕ
ਰਾਜ ਦਾ ਕਾਨੂੰਨ ਇਸ ਕਾਦਰ ਵੀ ਕਾਣਾ ਹੈ ਅਜੇ
ਜਿਹੜਾ ਬੰਦਾ ਵੀ ਵਿਵਸਥਾ ਤੇ ਨਹੀਂ ਕਰਦਾ ਸਵਾਲ
ਓਹੀ ਸਾਊ ਆਦਮੀ ਤੇ ਬੀਬਾ ਰਾਣਾ ਹੈ ਅਜੇ
ਸਮਝਦਾ ਕੋਈ ਨਹੀਂ ਕਿ ਕੀ ਹੈ ਅੰਤਰ-ਆਤਮਾ
ਸਾਡੀਆਂ ਕਸਵੱਟੀਆਂ ਤੇ ਬਾਹਰੀ ਬਾਣਾ ਹੈ ਅਜੇ
ਕਹਿਣ ਵਾਲੇ ਝੂਠ ਕਹਿੰਦੇ ਰਾਜ ਇਹ ਲੋਕਾਂ ਦਾ ਹੈ
ਸਾਰੀਆਂ ਥਾਵਾਂ ਤੇ ਕਾਬਜ਼ ਲੋਟੂ ਲਾਣਾ ਹੈ ਅਜੇ
(ਬਲਜੀਤ ਪਾਲ ਸਿੰਘ)