ਇਹ ਯੁੱਗ ਹੈ ਪੁਰਜ਼ਿਆਂ ਦਾ ਤੇ ਮਸ਼ੀਨਾਂ ਚਲਦੀਆਂ ਏਥੇ
ਅਤੇ ਕਲਮਾਂ ਵੀ ਹੁਣ ਤਾਂ ਸਿੱਕਿਆਂ ਵਿੱਚ ਢਲਦੀਆਂ ਏਥੇ
ਬਥੇਰਾ ਸ਼ੋਰ ਹੁੰਦਾ ਹੈ ਦਿਨੇ ਰਾਤੀਂ ਤੇ ਬੰਦਾ ਸਹਿਮਿਆ ਰਹਿੰਦਾ
ਕਿ ਸਾਡੇ ਰਹਿਨੁਮਾਵਾਂ ਨੂੰ ਇਹ ਚਾਲਾਂ ਫਲਦੀਆਂ ਏਥੇ
ਅਸੀਂ ਇਹ ਵੇਖ ਚੁੱਕੇ ਹਾਂ ਕਿ ਸ਼ੁਹਰਤ ਰੁਤਬਿਆਂ ਖਾਤਿਰ
ਜ਼ਮੀਰਾਂ ਬੇਜ਼ਮੀਰੇ ਬੰਦਿਆਂ ਨਾਲ ਰਲਦੀਆਂ ਏਥੇ
ਉਹ ਜੋ ਵੀ ਤਖ਼ਤ ਉੱਤੇ ਬੈਠਦਾ ਲੁੱਟਦਾ ਹੈ ਪਰਜਾ ਨੂੰ
ਸਰਕਾਰਾਂ ਵੀ ਲੋਕਾਂ ਦੇ ਲਹੂ ਨਾਲ ਪਲਦੀਆਂ ਏਥੇ
ਜਦੋਂ ਦੇਸ਼ਾਂ ਦੀਆਂ ਹੱਦਾਂ ਤੇ ਛਿੜਦੀ ਜੰਗ ਤਾਂ ਓਦੋਂ
ਪੁੱਤਰ ਮਰ ਗਏ ਮਾਵਾਂ ਦੇ ਲਾਸ਼ਾਂ ਗਲਦੀਆਂ ਏਥੇ
ਬੜਾ ਨਾਕਾਮ ਹੋਇਆ ਹਾਂ ਕਿ ਇਹ ਮੇਰੀ ਨਲਾਇਕੀ ਹੈ
ਇਹ ਮੈਨੂੰ ਨਾ ਪਤਾ ਲੱਗਿਆ ਅਦਾਵਾਂ ਛਲਦੀਆਂ ਏਥੇ
(ਬਲਜੀਤ ਪਾਲ ਸਿੰਘ)