Saturday, July 23, 2022

ਗ਼ਜ਼ਲ

ਚੌਗਿਰਦਾ ਹਰ ਹਾਲ ਮਹਿਕਣਾ ਚਾਹੀਦਾ ਹੈ

ਚਿੜੀਆਂ ਨੂੰ ਵੀ ਰੋਜ਼ ਚਹਿਕਣਾ ਚਾਹੀਦਾ ਹੈ 


ਤੇਜ ਤਰਾਰ ਦੌੜੰਗੇ ਲਾਉਂਦੇ ਇਸ ਜੀਵਨ ਨੂੰ

ਸਹਿਜੇ ਸਹਿਜੇ ਨਿੱਤ ਸਰਕਣਾ ਚਾਹੀਦਾ ਹੈ 


ਸਾਡੇ ਕੋਲੋਂ ਜਿਹੜੀਆਂ ਰੁੱਤਾਂ ਰੁੱਸ ਗਈਆਂ ਸੀ  

ਉਹਨਾਂ ਨੂੰ ਹੁਣ ਫੇਰ ਪਰਤਣਾ ਚਾਹੀਦਾ ਹੈ 


ਹਰ ਵਿਹੜੇ ਇੱਕ ਸੋਹਣਾ ਜਿਹਾ ਬਗੀਚਾ ਹੋਵੇ 

ਡਾਲੀ ਡਾਲੀ ਫੁੱਲ ਟਹਿਕਣਾ ਚਾਹੀਦਾ ਹੈ


ਜਦ ਵੀ ਕਾਲੀ ਰਾਤ ਸੰਨਾਟਾ ਹੋਵੇ ਛਾਇਆ 

ਕੋਈ ਜੁਗਨੂੰ ਫੇਰ ਚਮਕਣਾ ਚਾਹੀਦਾ ਹੈ 


ਰੁੱਖਾਂ ਦੇ ਝੂਮਣ ਦਾ ਵੀ ਫਿਰ ਬਣੇ ਵਸੀਲਾ 

ਪੌਣਾਂ ਨੂੰ ਹਰ ਹਾਲ ਰੁਮਕਣਾ ਚਾਹੀਦਾ ਹੈ 


ਮਿੱਟੀ ਦੇ ਵਿੱਚ ਬੀਜ ਮਿਲਾ ਕੇ ਹੁਣ ਬੈਠੇ ਹਾਂ 

ਕਿਣਮਿਣ ਕਣੀਆਂ ਨੂੰ ਵਰਸਣਾ ਚਾਹੀਦਾ ਹੈ 

(ਬਲਜੀਤ ਪਾਲ ਸਿੰਘ)


Sunday, July 17, 2022

ਗ਼ਜ਼ਲ

 ਏਹਦੇ ਨਾਲੋਂ ਬਿਹਤਰ ਸੀ ਕਿ ਮੈਂ ਜੰਗਲ ਦਾ ਰੁੱਖ ਹੁੰਦਾ 

ਰਿਸ਼ਤੇ ਨਾਤੇ ਸਾਕ ਸਬੰਧੀ ਹਰ ਉਲਝਣ ਤੋਂ ਬੇਮੁੱਖ ਹੁੰਦਾ


ਮੇਰੇ ਦੋਸਤ ਸਹਿਜੇ ਹੀ ਫਿਰ ਫੁੱਲ, ਪੱਤੇ ਤੇ ਪੰਛੀ ਹੁੰਦੇ

ਪੀਲੇ ਹੋ ਜਦ ਝੜਦੇ ਪੱਤੇ ਮੈਨੂੰ ਡਾਢਾ ਹੀ ਦੁੱਖ ਹੁੰਦਾ 


ਝੱਖੜ ਝੁੱਲਦੇ ਭਾਵੇਂ ਓਥੇ ਗਰਮ ਹਵਾ ਵੀ ਵਗਦੀ ਰਹਿੰਦੀ

ਸਾਰਾ ਕੁਝ ਹੀ ਸਹਿ ਜਾਣਾ ਸੀ ਨਾ ਕਦੇ ਵੀ ਬੇਰੁੱਖ ਹੁੰਦਾ 


ਚਾਰੇ ਪਾਸੇ ਮੇਰੇ ਵਰਗੇ ਰੁੱਖਾਂ ਦਾ ਝੁਰਮਟ ਹੋਣਾ ਸੀ 

ਸਾਂਝਾ ਦਰਦ ਖੁਸ਼ੀ ਸਾਂਝੀ ਤੇ ਸਾਂਝਾ ਹਰ ਇੱਕ ਸੁੱਖ ਹੁੰਦਾ 


ਚੀਂ ਚੀਂ ਕਰਦੇ ਖੰਭ ਫੜਕਦੇ ਚੋਗੇ ਖਾਤਰ ਮਾਂ ਉਡੀਕਦੀ

ਆਲ੍ਹਣਿਆਂ ਦੇ ਸਭ ਬੋਟਾਂ ਦੀ ਮੈਂ ਸੁਖਲੱਧੀ ਕੁੱਖ ਹੁੰਦਾ 

(ਬਲਜੀਤ ਪਾਲ ਸਿੰਘ)

Wednesday, July 6, 2022

ਗ਼ਜ਼ਲ

ਹਰ ਵੇਲੇ ਇੱਕ ਦਰਦ ਅਵੱਲਾ ਨਾਲ ਤੁਰੇ

ਮੇਰਾ ਹੀ ਪਰਛਾਵਾਂ ਝੱਲਾ ਨਾਲ ਤੁਰੇ


ਮਹਿਰਮ ਦੀ ਨਾ ਭੁੱਲੇ ਯਾਦ ਭੁਲਾਇਆਂ ਵੀ 

ਚੀਚੀ ਦੇ ਵਿੱਚ ਪਾਇਆ ਛੱਲਾ ਨਾਲ ਤੁਰੇ


ਭੀੜ ਬਣੀ ਤੋਂ ਸਾਰੇ ਹੀ ਛੱਡ ਜਾਂਦੇ ਨੇ 

ਸੱਚਾਈ ਦਾ ਫੜਿਆ ਪੱਲਾ ਨਾਲ ਤੁਰੇ 


ਆਵੇ ਜਦੋਂ ਖਿਆਲ ਕਲਮ ਤੁਰ ਪੈਂਦੀ ਹੈ 

ਓਦੋਂ ਅੱਖਰ 'ਕੱਲਾ 'ਕੱਲਾ ਨਾਲ ਤੁਰੇ


ਦੁਨੀਆ ਚੰਦਰਮਾ ਉਤੇ ਵੀ ਪਹੁੰਚ ਗਈ 

ਫਿਰ ਵੀ ਏਧਰ ਟੂਣਾ ਟੱਲਾ ਨਾਲ ਤੁਰੇ 

(ਬਲਜੀਤ ਪਾਲ ਸਿੰਘ)

Sunday, July 3, 2022

ਗ਼ਜ਼ਲ


ਪੱਤ-ਵਿਹੂਣੇ ਰੁੰਡ ਮਰੁੰਡੇ ਰੁੱਖਾਂ ਤੇ ਅਫਸੋਸ ਬੜਾ ਹੈ
ਧੀਆਂ ਪੁੱਤਾਂ ਬਾਝੋਂ ਸੁੰਨੀਆਂ ਕੁੱਖਾਂ ਤੇ ਅਫਸੋਸ ਬੜਾ ਹੈ

ਧੁੱਪਾਂ ਠੰਡਾਂ ਜਰੀਆਂ ਮਿਹਨਤ ਕੀਤੀ  ਫਿਰ ਵੀ
ਪੇਟਾਂ ਉਤੇ ਭਾਰੀ ਪਈਆਂ ਭੁੱਖਾਂ ਤੇ ਅਫਸੋਸ ਬੜਾ ਹੈ

ਖੁਦ ਹੀ ਵਾਂਗ ਜਲਾਦਾਂ ਇਹ ਸਰਕਾਰਾਂ ਬਣੀਆਂ
ਲੋਕਾਂ ਨੂੰ ਜੋ ਦਿੱਤੇ ਉਹਨਾਂ ਦੁੱਖਾਂ ਤੇ ਅਫਸੋਸ ਬੜਾ ਹੈ

ਧਰਤੀ ਵੀ ਨਾ ਝੱਲਦੀ ਭਾਰ ਅਕ੍ਰਿਤਘਣਾਂ ਦਾ
ਜਨਮੇ ਏਥੇ ਇਹੋ ਜਹੇ ਮਨੁੱਖਾਂ ਤੇ ਅਫਸੋਸ ਬੜਾ ਹੈ

ਜਿਹਨਾਂ ਦੋ ਨੰਬਰ ਦੀ ਦੌਲਤ ਕੱਠੀ ਕੀਤੀ ਹੈ ਉਹਨਾਂ ਦੇ
ਕਾਲੇ ਕਰਮਾਂ ਕਰਕੇ ਮਾਣੇ ਸੁੱਖਾਂ ਤੇ ਅਫਸੋਸ ਬੜਾ ਹੈ
(ਬਲਜੀਤ ਪਾਲ ਸਿੰਘ)

ਗ਼ਜ਼ਲ


ਪਲਕਾਂ ਉੱਤੇ ਅੱਥਰੂਆਂ ਦਾ ਰੈਣ ਬਸੇਰਾ ਹੁੰਦਾ ਹੈ

ਸੀਨੇ ਅੰਦਰ ਵਿਛੜਿਆਂ ਦਾ ਦੁੱਖ ਬਥੇਰਾ ਹੁੰਦਾ ਹੈ 


ਪੀਲੇ ਹੋਏ ਪੱਤੇ ਆਖਿਰ ਝੜ ਜਾਂਦੇ ਨੇ ਰੁੱਖਾਂ ਤੋਂ

ਝੱਖੜ ਨੂੰ ਲਿਫ ਕੇ ਸਹਿਣਾ ਰੁੱਖਾਂ ਦਾ ਜੇਰਾ ਹੁੰਦਾ ਹੈ 


ਰਾਹਾਂ ਉੱਤੇ ਫੁੱਲਾਂ ਦੀ ਥਾਂ ਜੇਕਰ ਥੋਹਰਾਂ ਉੱਗ ਪਈਆਂ

ਉਹਨਾਂ 'ਤੇ ਤੁਰਦੇ ਰਾਹੀਆਂ ਦਾ ਪੰਧ ਲਮੇਰਾ ਹੁੰਦਾ ਹੈ

 

ਸ਼ਾਮ ਢਲੇ ਤੋਂ ਚਾਨਣ ਵੰਡਦਾ ਸੂਰਜ ਕਿਧਰੇ ਗੁੰਮ ਗਿਆ 

ਕਾਲੀ ਰਾਤ ਦੇ ਆਲਮ ਮਗਰੋਂ ਫੇਰ ਸਵੇਰਾ ਹੁੰਦਾ ਹੈ


ਜਦ ਵੀ ਹਾਕਮ ਕੋਸ਼ਿਸ਼ ਕੀਤੀ ਹੈ ਕੌਮਾਂ ਨੂੰ ਲਤੜਨ ਦੀ

ਲੋਕਾਂ ਵਿੱਚ ਓਦੋਂ ਫਿਰ ਪੈਦਾ ਇੱਕ ਚੀ-ਗਵੇਰਾ ਹੁੰਦਾ ਹੈ


ਲਾਲਚ ਨਫ਼ਰਤ ਗ਼ੁੱਸਾ ਅਤੇ ਹੰਕਾਰ ਜਦੋਂ ਵੀ ਕਰਦੇ ਓ

ਮਨ ਮਸਤਕ ਵਿੱਚ ਛਾਇਆ ਓਦੋਂ ਘੁੱਪ ਹਨੇਰਾ ਹੁੰਦਾ ਹੈ


ਚਿੜੀਆਂ ਘੁੱਗੀਆਂ ਵਰਗੇ ਪੰਛੀ ਉੱਡ ਗਏ ਨੇ ਕਿੱਧਰ ਨੂੰ   

ਸੁੰਨ ਮਸੁੰਨਾ ਤਾਂ ਹੀ ਘਰ ਦਾ ਫੇਰ ਬਨੇਰਾ ਹੁੰਦਾ ਹੈ


ਰਾਜ ਨੇਤਾਵਾਂ ਅਤੇ ਅਫਸਰਾਂ ਐਨਾ ਲੁੱਟਿਆ ਲੋਕਾਂ ਨੂੰ 

ਚੋਰ ਚੋਰ ਦਾ ਭਾਈ ਹੁੰਦਾ ਅਤੇ ਮਸੇਰਾ ਹੁੰਦਾ ਹੈ


ਵੇਦਨ ਕਹਿੰਦਾ ਕਹਿੰਦਾ ਕੋਈ ਚਾਰੇ ਬੰਨੇ ਹਾਰ ਗਿਆ 

ਓਦੋਂ ਦੁਸ਼ਮਣ ਉਸ ਬੰਦੇ ਲਈ ਚਾਰ ਚੁਫੇਰਾ ਹੁੰਦਾ ਹੈ 

(ਬਲਜੀਤ ਪਾਲ ਸਿੰਘ)