Saturday, May 14, 2022

ਗ਼ਜ਼ਲ


ਰੌਲੇ  ਧੂੰਏਂ  ਤੇ  ਘੱਟੇ  ਨੇ  ਮਾਰ  ਲਿਆ  ਹੈ। 

ਜੂਏ  ਨਸ਼ਿਆਂ  ਤੇ  ਸੱਟੇ ਨੇ ਮਾਰ ਲਿਆ ਹੈ। 


ਭੋਰਾ ਸਮਝ ਸਕੇ ਨਾ ਲੋਕੀ ਧਰਮ ਗ੍ਰੰਥਾਂ ਨੂੰ

ਲਾਏ  ਜੋ  ਤੋਤੇ - ਰੱਟੇ  ਨੇ  ਮਾਰ  ਲਿਆ  ਹੈ। 


ਪਾਰਟੀਆਂ ਹੀ ਲੁੱਟ ਕੇ ਪਰਜਾ ਨੂੰ ਖਾਧਾ ਏ, 

ਉਹਨਾਂ  ਦੇ  ਵਾਰੀ  ਵੱਟੇ ਨੇ ਮਾਰ ਲਿਆ ਹੈ। 


ਜੀਣਾ ਦੁੱਭਰ  ਕੀਤਾ ਅਜਬ ਸੁਆਦਾਂ ਨੇ ਵੀ

ਸਭਨਾਂ  ਨੂੰ  ਮਿੱਠੇ ਖੱਟੇ  ਨੇ ਮਾਰ ਲਿਆ ਹੈ। 


ਫਿਕਰਾਂ- ਫਾਕੇ  ਕੱਟ  ਰਹੇ  ਵਾਹੀਕਾਰਾਂ  ਨੂੰ, 

ਕੇਰੇ - ਪੋਰੇ   ਤੇ  ਛੱਟੇ  ਨੇ  ਮਾਰ  ਲਿਆ ਹੈ। 

(ਬਲਜੀਤ ਪਾਲ ਸਿੰਘ)

ਗ਼ਜ਼ਲ


ਚਾਰੇ ਕੂਟਾਂ ਕੂੜ ਕਬਾੜਾ ਕਿੰਨਾ ਹੈ 

ਨਫ਼ਰਤ ਗ਼ੁੱਸਾ ਨਿੰਦਾ ਸਾੜਾ ਕਿੰਨਾ ਹੈ 


ਕੋਈ ਬਹੁਤਾ ਉੱਚਾ ਕੋਈ ਹੈ ਨੀਵਾਂ

ਬੰਦੇ ਤੋਂ ਬੰਦੇ ਦਾ ਪਾੜਾ ਕਿੰਨਾ ਹੈ 


ਦੂਰੋਂ ਦੂਰੋਂ ਜਿਹੜਾ ਚੰਗਾ ਲੱੱਗਦਾ ਸੀ

ਨੇੜੇ ਆਇਆ ਲੱਗਿਆ ਮਾੜਾ ਕਿੰਨਾ ਹੈ


ਬੇਗਾਨੀ ਬਸਤੀ ਵਿੱਚ ਰਹਿ ਕੇ ਦੇਖੋ ਤਾਂ

ਚੰਗਾ ਆਪਣਾ ਆਖਰ ਵਾੜਾ ਕਿੰਨਾ ਹੈ


ਸਾਇੰਸ ਕੋਲੋਂ ਪਾਸਾ ਵੱਟਿਆ ਲੋਕਾਂ ਨੇ

ਕਾਲਾ ਜਾਦੂ ਟੂਣਾ ਝਾੜਾ ਕਿੰਨਾ ਹੈ


ਅੱਜ ਦਾ ਮਾਨਵ ਟਾਲਾ ਵੱਟੇ ਨੇਕੀ ਤੋਂ

ਡਾਕੇ ਚੋਰੀ ਠੱਗੀ ਘਾੜਾ ਕਿੰਨਾ ਹੈ

(ਬਲਜੀਤ ਪਾਲ ਸਿੰਘ)


Saturday, May 7, 2022

ਗ਼ਜ਼ਲ


ਸੋਹਣੇ ਸੋਹਣੇ ਪਿਆਰੇ ਪਿਆਰੇ ਅੱਖਰ ਲਿਖੀਏ

ਖੁਸ਼ੀਆਂ ਗ਼ਮੀਆਂ ਲਿਖੀਏ ਰੋਸੇ ਸੱਥਰ ਲਿਖੀਏ


ਜਿਸਨੇ ਸਾਡੇ ਕੰਮ ਕਦੇ ਨਹੀਂ ਆਉਣਾ ਹੁੰਦਾ

ਕਾਹਤੋਂ ਨਾ ਫਿਰ ਉਸ ਹੀਰੇ ਨੂੰ ਪੱਥਰ ਲਿਖੀਏ


ਸਾਰੇ ਮਿੱਤਰਾਂ ਦੀ ਇੱਕ ਸੂਚੀ ਇੰਝ ਬਣਾਓ

ਮਿੱਠੇ ਨੂੰ ਮਿੱਠਾ ਕੌੜੇ ਨੂੰ ਖੱਟਰ ਲਿਖੀਏ


ਜਦ ਵੀ ਦਰਦਾਂ ਮਾਰੀ ਤੱਕੀਏ ਕੋਈ ਸੂਰਤ

ਅੱਖਾਂ ਵਿੱਚੋਂ ਸਿੰਮਦਾ ਹੋਇਆ ਅੱਥਰ ਲਿਖੀਏ 


ਔੜਾਂ ਸਾੜੀ ਧਰਤੀ ਉੱਤੋਂ ਤਪਦਾ ਸੂਰਜ

ਖੁਸ਼ਕੀ ਮਾਰੇ ਖੇਤਾਂ ਦਾ ਕੀ ਵੱਤਰ ਲਿਖੀਏ 

(ਬਲਜੀਤ ਪਾਲ ਸਿੰਘ)