Sunday, June 27, 2021

ਗ਼ਜ਼ਲ

 

ਮੇਰੇ ਮਹਿਰਮ ਸੋਹਣੇ ਮੰਜ਼ਰ ਵੇਖਾਂ ਮੈਂ

ਜਦ ਵੀ ਤੈਨੂੰ ਸੁਪਨੇ ਅੰਦਰ ਵੇਖਾਂ ਮੈਂ


ਤੈਨੂੰ ਮਿਲਕੇ ਜਾਪੇ ਏਦਾਂ ਹਰ ਵੇਲੇ 

ਕੋਈ ਦਿਲਕਸ਼ ਤੀਰਥ ਮੰਦਰ ਵੇਖਾਂ ਮੈਂ


ਖਹਿੰਦੇ ਲੀਡਰ ਵੇਖਾਂ ਸੰਸਦ ਅੰਦਰ ਜਦ

ਮਰਿਆ ਹੋਇਆ ਪਰਜਾ ਤੰਤਰ ਵੇਖਾਂ ਮੈਂ


ਲੋਕਾਂ ਖਾਤਰ ਜੋ ਵੀ ਨੀਤੀ ਬਣਦੀ ਹੈ

ਓਹਦੇ ਅੰਦਰ ਵਿਗੜੇ ਯੰਤਰ ਵੇਖਾਂ ਮੈਂ


ਜਨਤਾ ਨੂੰ ਹੀ ਲੁੱਟਣ ਵਾਲਾ ਹਰ ਹੀਲੇ

ਬਾਬੇ ਮਾਰਨ ਜਿਹੜਾ ਮੰਤਰ ਵੇਖਾਂ ਮੈਂ


ਪੌਣਾਂ ਅੰਦਰ ਬਦਬੂ ਫੈਲੀ ਹੋਈ ਹੈ

ਖਾਰਾ ਪਾਣੀ ਧਰਤੀ ਬੰਜਰ ਵੇਖਾਂ ਮੈਂ

(ਬਲਜੀਤ ਪਾਲ ਸਿੰਘ਼)


Saturday, June 19, 2021

ਗ਼ਜ਼ਲ


ਹੌਲੀ ਹੌਲੀ ਟਹਿਣੀ ਨਾਲੋਂ ਪੱਤਾ ਪੱਤਾ ਝੜ ਜਾਏਗਾ
ਆਤਿਸ਼ ਵਰਗੇ ਮੌਸਮ ਆਏ ਗੁਲਸ਼ਨ ਸਾਰਾ ਸੜ ਜਾਏਗਾ

ਖੰਡਰ ਹੋਏ ਸ਼ਹਿਰ ਅਨੇਕਾਂ ਦੇਖ ਲਏ ਨੇ ਆਪਣੀ ਅੱਖੀਂ
ਜੇਕਰ ਆਲਮ ਇਹ ਨਾ ਬਦਲੇ ਬੰਦਾ ਨੰਗੇ ਧੜ ਜਾਏਗਾ

ਪਿੰਡਾਂ ਵਾਲੇ ਹਾਲੀ ਪਾਲੀ ਬੈਠ ਗੲੇ ਸੜਕਾਂ ਤੇ ਆ ਕੇ
ਹਾਕਮ ਦੀ ਜੇ ਅੱਖ ਨਾ ਖੁੱਲ੍ਹੀ ਜ਼ੋਰ ਅੰਦੋਲਨ ਫੜ ਜਾਏਗਾ

ਬਹੁਤੇ ਲੋਕੀਂ ਘਰਾਂ' 'ਚ ਬੈਠੇ ਹਾਲੇ ਵੀ ਇਹ ਸੋਚ ਰਹੇ ਨੇ
ਅੰਬਰ ਵਿੱਚੋਂ ਕੋਈ ਤਾਰੇ ਉਹਨਾਂ ਵਿਹੜੇ ਜੜ ਜਾਏਗਾ

ਜਾਗਣ ਪੰਛੀ ਸੁਬਾਹ ਸਵੇਰੇ ਚੋਗਾ ਚੁਗਦੇ ਨਾਲੇ ਚਹਿਕਣ
ਵਿਹਲਾ ਬੰਦਾ ਸ਼ਾਇਦ ਸਮਝੇ ਕਿਸਮਤ ਕੋਈ ਘੜ ਜਾਏਗਾ

ਲੋਕਾਂ ਜਦ ਵੀ 'ਕੱਠੇ ਹੋ ਕੇ ਵੱਡਾ ਹੰਭਲਾ ਮਾਰ ਲਿਆ ਤਾਂ
ਦੇਖਾਂਗੇ ਫਿਰ ਕਿੱਦਾਂ ਓਹਨਾਂ ਮੂਹਰੇ ਜਾਬਰ ਅੜ ਜਾਏਗਾ

ਗ਼ੈਰਤ ਜਿਸਦੇ ਸੀਨੇ ਅੰਦਰ ਪੁਰਖੇ ਉਸਨੂੰ ਬਖਸ਼ਣ ਤਾਕਤ
ਓਹੀ ਯੋਧਾ ਨਿਰਭੈ ਹੋ ਕੇ ਅਣਖਾਂ ਖਾਤਰ ਲੜ ਜਾਏਗਾ
(ਬਲਜੀਤ ਪਾਲ ਸਿੰਘ)

ਗ਼ਜ਼ਲ


ਸਰਕਾਰਾਂ ਦੀ ਨੀਤੀ ਹੁੰਦੀ  ਲੋਕਾਂ ਨੂੰ ਲੁੱਟਣਾ ਹੈ ਕਿੱਦਾਂ
ਬੀਜ ਕ੍ਰਾਂਤੀ ਦਾ ਉੱਗਣ ਤੋਂ ਪਹਿਲਾਂ ਹੀ ਪੁੱਟਣਾ ਹੈ ਕਿੱਦਾਂ

ਲੇਕਿਨ ਹਾਕਮ ਇਹ ਨਾ ਸਮਝੇ ਸੂਰਜ ਨੂੰ ਰੋਕੇਗਾ ਕਿਹੜਾ
ਕਾਲਖ ਦੀ ਚਾਦਰ ਨਾ ਜਾਣੇ ਕਿਰਨਾਂ ਨੇ ਫੁੱਟਣਾ ਹੈ ਕਿੱਦਾਂ

ਧੋਤੇ ਜਾਣੇ ਵਹਿਮ ਪੁਰਾਣੇ ਮਸਤਕ ਵਿੱਚ ਜਦ ਚਾਨਣ ਹੋਇਆ
ਦੇਖ ਲਿਓ ਸਦੀਆਂ ਤੋਂ ਆਈਆਂ ਮਿੱਥਾਂ ਨੇ ਟੁੱਟਣਾ ਹੈ ਕਿੱਦਾਂ

ਰੀਝਾਂ ਤੇ ਸੱਧਰਾਂ ਦਾ ਕੀ ਹੈ ਕਦੋਂ ਪੂਰੀਆਂ ਹੋਈਆਂ ਨੇ ਇਹ
ਰਹਿ ਗੲੀਆਂ ਜੋ ਅੱਧਵਿਚਾਲੇ ਸੀਨੇ ਵਿੱਚ ਘੁੱਟਣਾ ਹੈ ਕਿੱਦਾਂ

ਪਿੰਜਰੇ ਅੰਦਰ ਕੈਦ ਕਦੇ  ਨਾ ਰਹਿੰਦੇ ਸਦਾ ਵਿਚਾਰ ਫਲਸਫੇ
ਏਹਨਾਂ ਨੂੰ ਬਾਖੂਬੀ ਆਉਂਦਾ ਕੈਦਾਂ ਚੋਂ ਛੁੱਟਣਾ ਹੈ ਕਿੱਦਾਂ
(ਬਲਜੀਤ ਪਾਲ ਸਿੰਘ਼)

ਗ਼ਜ਼ਲ


ਤਖ਼ਤਾਂ ਵਾਲੇ ਕੀ ਸਮਝਣਗੇ ਇਹ ਵਰਤਾਰਾ ਹੋਰ ਤਰ੍ਹਾਂ ਹੈ

ਐਸ਼ ਪ੍ਰਸਤੀ ਹੋਰ ਤਰ੍ਹਾਂ ਪਰ ਜੂਨ ਗੁਜ਼ਾਰਾ ਹੋਰ ਤਰ੍ਹਾਂ ਹੈ


ਘੁੱਗੀਆਂ ਤੋਤੇ ਮੋਰ ਗਟਾਰਾਂ ਮਸਤੀ ਅੰਦਰ ਗਾਉਂਦੇ ਰਹਿੰਦੇ

ਬੰਦਾ ਜੋ ਖ਼ੁਸ਼ੀਆਂ ਲਈ ਕਰਦਾ ਵੱਖਰਾ ਚਾਰਾ ਹੋਰ ਤਰ੍ਹਾਂ ਹੈ


ਆਉਣ ਘਟਾਵਾਂ ਕਿਣਮਿਣ ਹੋਵੇ ਮੌਸਮ ਬੜਾ ਸੁਹਾਣਾ ਹੋਇਆ

ਲੇਕਿਨ ਕੁੱਲੀ ਢਾਰੇ ਤਾਈਂ ਚਿੱਕੜ ਗਾਰਾ ਹੋਰ ਤਰ੍ਹਾਂ ਹੈ


ਮੇਰੀ ਸਮਝ ਅਧੂਰੀ ਹੈ ਕਿ ਚੰਦ ਸਿਤਾਰੇ ਕਿੱਥੋਂ ਆਏ

ਕਾਦਰ ਨੇ ਸੂਰਜ ਨੂੰ ਦਿੱਤਾ ਉਹ ਝਲਕਾਰਾ ਹੋਰ ਤਰ੍ਹਾਂ ਹੈ


ਹਲ ਵਾਹੁੰਦੇ ਲੋਕਾਂ ਨੇ ਜਿਹੜਾ 'ਕੱਠੇ ਹੋ ਦਰਬਾਰ ਘੇਰਿਆ

ਉਸ ਥਾਂ ਜਾ ਕੇ ਤੀਰਥ ਜਾਪੇ ਅਜਬ ਨਜ਼ਾਰਾ ਹੋਰ ਤਰ੍ਹਾਂ ਹੈ

(ਬਲਜੀਤ ਪਾਲ ਸਿੰਘ਼)