ਪਰਜਾ ਹੋਵੇ ਸੁਖੀ ਤਾਂ ਕਿਧਰੇ ਫਿਰ ਮਹਿਕਾਰਾਂ ਬੋਲਦੀਆਂ ਨੇ
ਜੇ ਨਾ ਸੁਣੇ ਪੁਕਾਰ ਕੋਈ ਤਾਂ ਫਿਰ ਤਲਵਾਰਾਂ ਬੋਲਦੀਆਂ ਨੇ
ਹਰ ਸ਼ਾਸ਼ਕ ਦੇ ਕੰਨਾਂ ਉੱਤੇ ਪੋਲੇ ਪੈਰੀਂ ਜੂੰ ਨਾ ਸਰਕੇ
ਹੋਣ ਮੁਜਾਹਰੇ ਉਲਟ ਜਦੋਂ ਤਾਂ ਫਿਰ ਸਰਕਾਰਾਂ ਬੋਲਦੀਆਂ ਨੇ
ਜਦ ਵੀ ਆਉਂਦੀਆਂ ਚੋਣਾਂ ਸਾਰੇ ਲੀਡਰ ਵੀ ਖੁੱਡਾਂ ਚੋਂ ਨਿਕਲਣ
ਆਪਸ ਦੇ ਵਿਚ ਹੁੰਦੀਆਂ ਓਦੇਂ ਫਿਰ ਤਕਰਾਰਾਂ ਬੋਲਦੀਆਂ ਨੇ
ਸਮਝ ਨਾ ਲੈਣਾਂ ਲੋਕੀਂ ਚੁੱਪ ਨੇ ਏਸੇ ਕਰਕੇ 'ਸਭ ਅੱਛਾ ਹੈ'
ਜੁਲਮ ਜਦੋਂ ਹੱਦੋਂ ਵਧ ਜਾਵੇ ਫਿਰ ਲਲਕਾਰਾਂ ਬੋਲਦੀਆਂ ਨੇ
ਜਦ ਵੀ ਅੱਖੋਂ ਕਾਣਾ ਮੁਨਸਿਫ ਕੋਈ ਕੁਰਸੀ ਉੱਤੇ ਬੈਠੇ
ਚੋਰ ਉਚੱਕੇ ਗੁੰਡਿਆਂ ਦੀਆਂ ਫਿਰ ਭਰਮਾਰਾਂ ਬੋਲਦੀਆਂ ਨੇ
ਜਕੜ ਸੱਕਣ ਨਾ ਇਹ ਜ਼ੰਜੀਰਾਂ ਆਜ਼ਾਦੀ ਦੇ ਜਜ਼ਬੇ ਤਾਈਂ
ਹੋਵੇ ਜਦ ਆਜ਼ਾਦ ਫਿਜ਼ਾ ਓਦੋਂ ਛਣਕਾਰਾਂ ਬੋਲਦੀਆਂ ਨੇ
(ਬਲਜੀਤ ਪਾਲ ਸਿੰਘ)