ਮੌਸਮ ਦੀਆਂ ਅਦਾਵਾਂ ਕੋਲੋਂ ਡਰ ਲੱਗਦਾ ਹੈ
ਸੁੰਨ ਮਸੁੰਨੀਆਂ ਥਾਵਾਂ ਕੋਲੋਂ ਡਰ ਲੱਗਦਾ ਹੈ
ਬੰਦੇ ਵਾਂਗੂੰ ਨਫਰਤ ਕਰਨੀ ਸਿੱਖੇ ਪੰਛੀ
ਘੁੱਗੀਆਂ ਨੂੰ ਹੁਣ ਕਾਵਾਂ ਕੋਲੋਂ ਡਰ ਲੱਗਦਾ ਹੈ
ਜੰਗਲ ਬੇਲੇ ਘੁੰਮ ਆਏ ਹਾਂ ਸਹਿਜ ਸੁਭਾਅ ਹੀ
ਪਰ ਸੜਕਾਂ ਤੇ ਗਾਵਾਂ ਕੋਲੋਂ ਡਰ ਲਗਦਾ ਹੈ
ਫੈਲੀ ਹੋਈ ਹੈ ਅਗਨੀ ਚੌਗਿਰਦੇ ਅੰਦਰ
ਤੱਤੀਆਂ ਤੇਜ਼ ਹਵਾਵਾਂ ਕੋਲੋਂ ਡਰ ਲੱਗਦਾ ਹੈ
ਵੇਹੜੇ ਦੇ ਵਿਚ ਹਾਸੇ ਖੇੜੇ ਚੰਗੇ ਲੱਗਣ
ਚੁੱਲੇ ਉੱਗੇ ਘਾਵਾਂ ਕੋਲੋਂ ਡਰ ਲੱਗਦਾ ਹੈ
ਸਾਵਨ ਰੁੱਤੇ ਕਣੀਆਂ ਮਨ ਨੂੰ ਭਾਉਦੀਆਂ ਨੇ
ਅੱਸੂ ਵਿਚ ਘਟਾਵਾਂ ਕੋਲੋਂ ਡਰ ਲੱਗਦਾ ਹੈ
ਨੀਵੇਂ ਹੋ ਕੇ ਚੱਲਣ ਵਿਚ ਗਨੀਮਤ ਸਮਝੋ
ਵੱਡੇ ਵੱਡੇ ਨਾਵਾਂ ਕੋਲੋਂ ਡਰ ਲੱਗਦਾ ਹੈ
ਰੱਬ ਹੀ ਜਾਣੇ ਕਿੱਦਾਂ ਦੀ ਇਹ ਰੁੱਤ ਸਰਾਪੀ
ਧੁੱਪਾਂ ਨਾਲੋਂ ਛਾਵਾਂ ਕੋਲੋਂ ਡਰ ਲੱਗਦਾ ਹੈ
ਔਖੇ ਸਮੇਂ ਸਲੀਬਾਂ ਤੋ ਵੀ ਖੌਫ ਨਾ ਆਇਆ
ਪਰ ਹੁਣ ਆਪਣੇ ਚਾਵਾਂ ਕੋਲੋਂ ਡਰ ਲੱਗਦਾ ਹੈ
(ਬਲਜੀਤ ਪਾਲ ਸਿੰਘ)