ਜੇਕਰ ਬਹੁਤੇ ਲੋਕੀਂ ਸੱਚ ਤੇ ਪਹਿਰਾ ਦਿੰਦੇ ਰਹਿੰਦੇ ਤਾਂ
ਇਹ ਦੁਨੀਆਂ ਜੰਨਤ ਹੋਣੀ ਸੀ ਸੱਚ ਸਮੇਂ ਤੇ ਕਹਿੰਦੇ ਤਾਂ
ਓਧਰ ਨੂੰ ਹੀ ਤੁਰ ਗਏ ਸਾਰੇ ਜਿਹੜੇ ਪਾਸੇ ਭੀੜ ਤੁਰੀ
ਇਹ ਨਿਜ਼ਾਮ ਤਾਂ ਫੇਰ ਬਦਲਦਾ ਉਲਟ ਹਵਾ ਦੇ ਵਹਿੰਦੇ ਤਾਂ
ਸਾਰੇ ਚਾਹੁੰਦੇ ਸੁਖ ਵਿਚ ਰਹੀਏ ਕਸ਼ਟ ਕਿਸੇ ਤੇ ਆਏ ਨਾ
ਲੇਕਿਨ ਬਦਨ ਕੁੰਦਨ ਹੋ ਜਾਂਦਾ ਧੁੱਪ ਹਾੜ ਦੀ ਸਹਿੰਦੇ ਤਾਂ
ਪੂਜੇ ਬੁੱਤ ਫੇਰੀਆਂ ਮਾਲਾ ਅਤੇ ਸਮਾਧੀ ਕੁਝ ਨਾ ਦਿੱਤਾ
ਸਭ ਨੂੰ ਸਭ ਕੁਝ ਹੀ ਮਿਲ ਜਾਂਦਾ ਜੇ ਵਿਗਿਆਨ 'ਚ ਲਹਿੰਦੇ ਤਾਂ
ਪੋਲੇ ਪੈਰੀਂ ਕੁਝ ਨਾ ਹਾਸਿਲ ਸੀਸ ਤਲੀ ਤੇ ਪੈਂਦਾ ਧਰਨਾ
ਜੇਰਾ ਕਰਕੇ ਜੇ ਖਰ੍ਹਵੀਆਂ ਰੁੱਤਾਂ ਦੇ ਨਾਲ ਖਹਿੰਦੇ ਤਾਂ
ਆਉਂਦਾ ਫਿਰ ਬਦਲਾਵ ਕਦੇ ਕੱਖਾਂ ਦੀ ਕੁੱਲੀ ਉੱਤੇ ਵੀ
ਜੇਕਰ ਲੋਕ-ਕ੍ਰਾਂਤੀ ਵੱਲੋ ਉੱਚੇ ਬੰਗਲੇ ਢਹਿੰਦੇ ਤਾਂ
(ਬਲਜੀਤ ਪਾਲ ਸਿੰਘ)
No comments:
Post a Comment