ਬੜਾ ਕੁਝ ਸਹਿ ਲਿਆ ਆਪਾਂ ਬੜਾ ਕੁਝ ਹੋਰ ਸਹਿਣਾ ਹੈ
ਅਜੇ ਤਾਂ ਸਾਗਰਾਂ ਮਗਰੋਂ ਥਲਾਂ ਅੰਦਰ ਵੀ ਰਹਿਣਾ ਹੈ
ਘੜੀ ਭਰ ਚੁੱਪ ਹੋਇਆ ਹਾਂ ਇਹ ਚੁੱਪ ਹੈ ਆਰਜ਼ੀ ਮੇਰੀ
ਜੋ ਅੱਜ ਤੱਕ ਬੋਲ ਨਾ ਹੋਇਆ ਅਜੇ ਤਾਂ ਉਹ ਵੀ ਕਹਿਣਾ ਹੈ
ਪਤਾ ਹੈ ਵਾਂਗ ਸ਼ੀਸ਼ੇ ਦੇ ਇਹ ਜੋ ਔਕਾਤ ਹੈ ਮੇਰੀ
ਪਤਾ ਇਹ ਵੀ ਹੈ ਕਿ ਮੈਨੂੰ ਮੈਂ ਪੱਥਰਾਂ ਨਾਲ ਖਹਿਣਾ ਹੈ
ਇਹ ਮੇਰਾ ਦਿਲ ਤਾਂ ਕਰਦਾ ਹੈ ਲਿਖਾਂ ਵਿਸਥਾਰ ਰੰਗਾਂ ਦਾ
ਅਜੇ ਇਹ ਰੁੱਤ ਜ਼ਾਲਮ ਹੈ ਬੜਾ ਮੌਸਮ ਕੁ-ਲਹਿਣਾ ਹੈ
ਜਦੋਂ ਵੀ ਲੋਕ 'ਕੱਠੇ ਹੋਣ ਦੇ ਘੜਦੇ ਨੇ ਮਨਸੂਬੇ
ਤਖਤ ਨੇ ਚਾਲ ਚੱਲ ਦੇਣੀ ਇਨ੍ਹਾਂ ਆਪਸ 'ਚ ਡਹਿਣਾ ਹੈ
ਉਹ ਜਿਹੜੇ ਰੋਜ ਕਹਿੰਦੇ ਨੇ ਕਿ ਲੈਣਾ ਪਰਖ ਜਦ ਮਰਜ਼ੀ
ਉਹਨਾਂ ਨੇ ਵਕਤ ਆਏ ਤੇ ਵੀ ਫਿਰ ਖਾਮੋਸ਼ ਬਹਿਣਾ ਹੈ
(ਬਲਜੀਤ ਪਾਲ ਸਿੰਘ)
No comments:
Post a Comment