Saturday, March 10, 2018

ਗ਼ਜ਼ਲ

ਇਹ ਸੁਣਿਆ ਹੈ ਉਹ ਮਨਸੂਬੇ ਅਜਿਹੇ ਘੜ ਰਹੇ ਨੇ
ਉਹ ਕਰਕੇ ਕਤਲ ਖੁਦ ਬੇਦੋਸ਼ਿਆਂ ਸਿਰ ਮੜ੍ਹ ਰਹੇ ਨੇ


ਨਾ ਕੋਈ ਬੋਲ ਕੇ ਦੱਸੇ ਕਦੇ ਕਰਤੂਤ ਹਾਕਮ ਦੀ
ਜੁਬਾਨਾ ਨੂੰ ਉਹ ਤਾਲੇ ਏਸ ਕਰਕੇ ਜੜ੍ਹ ਰਹੇ ਨੇ


ਵਜਾਉਂਦਾ ਬੰਸਰੀ ਨੀਰੋ ਨਾ ਉਸਨੂੰ ਫਿਕਰ ਹੈ ਭੋਰਾ
ਨਗਰ ਕਿੰਨੇ ਹੀ ਸਾਹਵੇਂ ਓਸਦੇ ਪਰ ਸੜ੍ਹ ਰਹੇ ਨੇ 


ਜਮੀਰਾਂ ਵਾਲਿਆਂ ਨੂੰ ਤਾਂ ਸਜ਼ਾ ਹੈ ਲਾਜ਼ਮੀ ਦੇਣੀ
ਉਹ ਜ਼ਿਦ ਹੁਣ ਆਪਣੀ ਉਪਰ ਹੀ ਮੁਨਸਫ ਅੜ ਰਹੇ ਨੇ


ਬੜਾ ਹੈਰਾਨ ਹੈ ਮਾਲੀ ਕਿ ਮੈਥੋਂ ਕੀ ਖ਼ਤਾ ਹੋਈ
ਕਿ ਫ਼ਲ ਆਇਆ ਨਹੀਂ ਪਰ ਬੂਰ ਕਾਹਤੋਂ ਝੜ ਰਹੇ ਨੇ


ਕਿਤਾਬਾਂ ਪੜ੍ਹਨ ਵਾਲੇ ਵੀ ਬੜੇ ਨੇ ਸਿਰਫਿਰੇ ਦੇਖੋ
ਬਿਨਾ ਤਲਵਾਰ ਚੁੱਕਿਆ ਫੇਰ ਵੀ ਜੰਗ ਲੜ ਰਹੇ ਨੇ

(ਬਲਜੀਤ ਪਾਲ ਸਿੰਘ)

No comments: