Thursday, August 17, 2017

ਗ਼ਜ਼ਲ



ਦੇਖੋ ਸੋਹਣੇ ਫੱਬੇ ਲੋਕ
ਕਿਤੇ ਕਿਤੇ ਪਰ ਕੱਬੇ ਲੋਕ
ਅੱਗੇ ਪਿੱਛੇ ਚਾਰ ਚੁਫੇਰੇ
ਨਾਲੇ ਸੱਜੇ ਖੱਬੇ ਲੋਕ
ਬਹੁਤੇ ਲਾਈਲੱਗ ਨੇ ਏਥੇ
ਰੇਲਗੱਡੀ ਦੇ ਡੱਬੇ ਲੋਕ
ਲੂਣ ਤੇਲ ਪੂਰਾ ਨਾ ਹੋਵੇ
ਮਹਿੰਗਾਈ ਨੇ ਚੱਬੇ ਲੋਕ
ਬੱਸ ਅੰਦਰ ਪਚਵੰਜਾ ਸੀਟਾਂ
ਚੜ੍ਹ ਗਏ ਅੱਸੀ ਨੱਬੇ ਲੋਕ
ਥੋਡ਼ੇ ਲੋਕੀਂ ਐਸ਼ਾਂ ਕਰਦੇ
ਬਹੁਤੇ ਕੁਚਲੇ ਦੱਬੇ ਲੋਕ
ਵਿੱਚ ਦਫਤਰਾਂ ਰਿਸ਼ਵਤਖੋਰੀ
ਨੋਟ ਕਮਾਉਂਦੇ ਥੱਬੇ ਲੋਕ
ਜਿਹਡ਼ੇ ਨਿੱਤ ਗਦਾਰੀ ਕਰਦੇ
ਦੇਸ਼ ਕੌਮ ਲਈ ਧੱਬੇ ਲੋਕ
ਚੰਗੀ ਗੱਲ ਜਦੋਂ ਨਾ ਆਵੇ
ਮਾਰਨ ਲੱਲੇ ਭੱਬੇ ਲੋਕ

(ਬਲਜੀਤ ਪਾਲ ਸਿੰਘ )

ਗਜ਼ਲ



ਜਿਵੇਂ ਕਿਵੇਂ ਦੀ ਮਿੱਠੀ ਖਾਰੀ ਸਾਂਭੀ ਬੈਠੇ ਹਾਂ
ਝੂਠੀ ਮੂਠੀ ਦੀ ਸਰਦਾਰੀ ਸਾਂਭੀ ਬੈਠੇ ਹਾਂ

ਭੁੱਲ ਗਏ ਹਾਂ ਖੁੱਲੇ ਡੁੱਲ੍ਹੇ ਖੇਤਾਂ ਨੂੰ
ਵੱਡੇ ਬੰਗਲੇ ਵਿਚ ਕਿਆਰੀ ਸਾਂਭੀ ਬੈਠੇ ਹਾਂ

ਹਿੰਮਤ ਬਾਝੋਂ ਅੰਬਰੀਂ ਉਡਣਾ ਸੌਖਾ ਨਹੀਂ
ਮਨ ਵਿਚ ਪੰਛੀ ਜਹੀ ਉਡਾਰੀ ਸਾਂਭੀ ਬੈਠੇ ਹਾਂ

ਗੁਰੂਆਂ ਨੇ ਜੋ ਦੱਸਿਆ ਸੀ ਅਣਗੌਲਾ ਕਰ ਦਿੱਤਾ
ਬਣ ਅਗਿਆਨੀ ਕੂੜ ਪਿਟਾਰੀ ਸਾਂਭੀ ਬੈਠੇ ਹਾਂ

ਵਿਹੜੇ ਵਿਚ ਵਿਰਾਸਤ ਵੀ ਨਾ ਹੁਣ ਝਲਕੇ
ਚੀਜ਼ਾਂ ਘਰ ਵਿਚ ਗੈਰ ਮਿਆਰੀ ਸਾਂਭੀ ਬੈਠੇ ਹਾਂ

ਸੱਜਣ ਜੋ ਪ੍ਰਵਾਸੀ ਹੋਏ ਰੋਜੀ ਲਈ
ਉਹਨਾਂ ਦੀ ਬਸ ਯਾਦ ਪਿਆਰੀ ਸਾਂਭੀ ਬੈਠੇ ਹਾਂ

ਵਣਜ ਨਾ ਕੀਤਾ ਆਪਾਂ ਕਦੇ ਮੁਹੱਬਤ ਦਾ
ਦਿਲ ਵਿਚ ਯਾਰਾਂ ਦੀ ਦਿਲਦਾਰੀ ਸਾਂਭੀ ਬੈਠੇ ਹਾਂ

ਘਰ ਵਿਚ ਭਾਵੇਂ ਬਹੁਤੀ ਪੁੱਛ ਪਰਤੀਤ ਨਹੀਂ
ਫਿਰ ਵੀ ਫੋਕੀ ਲਾਣੇਦਾਰੀ ਸਾਂਭੀ ਬੈਠੇ ਹਾਂ

(ਬਲਜੀਤ ਪਾਲ ਸਿੰਘ)

ਗ਼ਜ਼ਲ



ਤਾਅਨਿਆਂ ਦੀ ਮਿਹਣਿਆਂ ਦੀ ਹਰ ਤਰਫ ਭਰਮਾਰ ਹੈ
ਸਾਫਗੋ ਰਾਹਾਂ ਤੇ ਤੁਰਨਾ ਹੋ ਗਿਆ ਦੁਸ਼ਵਾਰ ਹੈ

ਜਿੰਦਗੀ ਦੀ ਡੋਰ ਤੇ ਜਦ ਪਕੜ ਢਿੱਲੀ ਹੋ ਗਈ
ਵਕਤ ਦੀ ਪੈਂਦੀ ਨਿਮਾਣੇ ਬੰਦਿਆਂ ਨੂੰ ਮਾਰ ਹੈ

ਪੱਥਰਾਂ ਕਦ ਪਿਘਲਣਾ ਐਵੇਂ ਨਾ ਇੰਤਜ਼ਾਰ ਕਰ
ਹੁਣ ਬਹਾਰਾਂ ਦਾ ਵੀ ਡੇਰਾ ਪਰਬਤਾਂ ਤੋਂ ਪਾਰ ਹੈ

ਕਿੰਜ ਭਲਾਈ ਕਰਨਗੇ ਗੁਰਬਤ ਘਿਰੇ ਆਵਾਮ ਦੀ
ਗੁੰਡਿਆ ਤੇ ਢੌਂਗੀਆਂ ਦੀ ਬਣ ਗਈ ਸਰਕਾਰ ਹੈ

ਪਾਣੀ ਦੀ ਟੂਟੀ ਨਾਲ ਵੀ ਹੈ ਸੰਗਲੀ ਗਲਾਸ ਨੂੰ
ਸ਼ਹਿਰ ਦੇ ਲੋਕਾਂ ਦਾ ਏਥੋਂ ਝਲਕਦਾ ਕਿਰਦਾਰ ਹੈ

ਰੁੱਖ ਵੇਲਾਂ ਬੂਟਿਆਂ ਦੀ ਕਦਰ ਕਿੰਨੀ ਘਟ ਗਈ
ਪਰਦਿਆਂ ਤੇ ਸ਼ੀਸ਼ਿਆਂ ਦਾ ਖੂਬ ਕਾਰੋਬਾਰ ਹੈ

ਰਿਸ਼ਤਿਆਂ ਦੀ ਬੇਰੁਖੀ ਵਿਚ ਟੁੱਟਿਆ ਹੈ ਆਦਮੀ
ਯੁੱਗ ਹੈ ਬਾਜ਼ਾਰ ਦਾ ਇਨਸਾਨੀਅਤ ਦੀ ਹਾਰ ਹੈ

ਟੱਪ ਜਾਂਦੀ ਹੱਦ ਬੰਨੇ ਜਦ ਹਨੇਰੀ ਜ਼ੁਲਮ ਦੀ
ਅੰਤ ਕੋਈ ਅਣਖ ਵਾਲਾ ਚੁੱਕਦਾ ਤਲਵਾਰ ਹੈ

(ਬਲਜੀਤ ਪਾਲ ਸਿੰਘ)

ਗ਼ਜ਼ਲ



ਜਦੋਂ ਤਕਦੀਰ ਖਾਬਾਂ ਨੂੰ ਕਸਾਈ ਵਾਗ ਸੱਲਦੀ ਹੈ
ਉਦੋਂ ਯਾਰੋ ! ਇਵੇਂ ਲੱਗੇ ਜਿਵੇਂ ਜਿੰਦ ਚਾਰ ਪਲ ਦੀ ਹੈ

ਕਦੇ ਧਰਮਾਂ ਨੂੰ ਖਤਰੇ ਦਾ ਡਰਾਵਾ ਆਪ ਹੀ ਦੇਵੇ
ਸਿਆਸਤ ਇਸ ਬਹਾਨੇ ਹੀ ਨਵੇਂ ਪਾਸੇ ਬਦਲਦੀ ਹੈ

ਬੜੀ ਸੋਹਣੀ ਕੋਈ ਸੂਰਤ ਬੜਾ ਸੋਹਣਾ ਕੋਈ ਮੌਸਮ
ਨਜ਼ਰ ਆਉਂਦੇ ਨੇ ਜਿਸ ਵੇਲੇ ਤਮੰਨਾ ਤਦ ਮਚਲਦੀ ਹੈ

ਇਵੇਂ ਹੀ ਹਸ਼ਰ ਹੁੰਦਾ ਹੈ ਹਰਿਕ ਬੰਦੇ ਦੀ ਹੋਣੀ ਦਾ
ਜਿਵੇਂ ਇੱਕ ਮੋਮਬੱਤੀ ਰੋਜ ਜਗਦੀ ਤੇ ਪਿਘਲਦੀ ਹੈ

ਪਤਾ ਨਹੀਂ ਕਿੰਨਿਆਂ ਹੀ ਮੁੱਦਿਆਂ ਤੇ ਛਿੜ ਪਵੇ ਚਰਚਾ
ਭਰੀ ਪੰਚਾਇਤ ਦੇ ਵਿਚ ਜੀਭ ਜਦ ਐਵੇਂ ਫਿਸਲਦੀ ਹੈ

ਡਰਾਂ ਡੂੰਘੇ ਸਮੁੰਦਰ ਤੋਂ ਮੈਂ ਫਿਰ ਵੀ ਭਾਲਦਾ ਰਹਿੰਦਾ
ਸਦਾ 'ਬਲਜੀਤ' ਸਿੱਪੀ ਉਹ ਜੋ ਮੋਤੀ ਹੀ ਉਗਲਦੀ ਹੈ

(ਬਲਜੀਤ ਪਾਲ ਸਿੰਘ )

ਗ਼ਜ਼ਲ



ਭਟਕਣ ਹੈ ਤਸਵੀਰਾਂ ਵਿਚੋਂ ਸੁਖ ਲਭਦੇ ਹਾਂ
ਦਰਗਾਹਾਂ ਤੇ ਪੀਰਾਂ ਵਿਚੋਂ ਸੁਖ ਲਭਦੇ ਹਾਂ


ਬੰਦੇ ਨੂੰ ਬੰਦੇ ਤੋਂ ਕੋਈ ਝਾਕ ਨਹੀਂ ਹੈ
ਰੁੱਖਾਂ ਜੰਡ ਕਰੀਰਾਂ ਵਿਚੋਂ ਸੁਖ ਲਭਦੇ ਹਾਂ

ਆਪਾਂ ਕੰਮ ਦਾ ਸੱਭਿਆਚਾਰ ਭੁਲਾ ਬੈਠੇ ਹਾਂ
ਹੱਥਾਂ ਦੀਆਂ ਲਕੀਰਾਂ ਵਿਚੋਂ ਸੁਖ ਲਭਦੇ ਹਾਂ

ਸੱਚੇ ਸੁੱਚੇ ਇਨਸਾਨਾਂ ਦੀ ਕਦਰ ਨਹੀਂ ਹੈ
ਮਰੀਆਂ ਸਰਦ ਜ਼ਮੀਰਾਂ ਵਿਚੋਂ ਸੁਖ ਲਭਦੇ ਹਾਂ

ਤਨ ਚਮਕਾ ਲੈਂਦੇ ਹਾਂ ਮਹਿੰਗੇ ਵਸਤਰ ਪਾ ਕੇ
ਬੇਸਮਝੇ ਹਾਂ ਲੀਰਾਂ ਵਿਚੋਂ ਸੁਖ ਲਭਦੇ ਹਾਂ

ਲਾਈਲੱਗ ਹਾਂ ਤੁਰ ਪੈਂਦੇ ਹਾਂ ਹਰ ਪਾਸੇ ਹੀ
ਝੂਠੇ ਸਾਧ ਫਕੀਰਾਂ ਵਿਚੋਂ ਸੁਖ ਲਭਦੇ ਹਾਂ

ਨਵੀਂ ਪਨੀਰੀ ਨਸ਼ਿਆਂ ਵਿਚ ਗਲਤਾਨ ਬੜੀ ਹੈ
ਹੁਣ ਵੈਲੀ ਮੰਡੀਰਾਂ ਵਿਚੋਂ ਸੁਖ ਲਭਦੇ ਹਾਂ

ਨਕਲੀ ਦੁੱਧ ਤੋਂ ਬਣੀਆਂ ਵਸਤਾਂ ਵੇਖ ਲਵੋ
ਖੋਇਆਂ ਅਤੇ ਪਨੀਰਾਂ ਵਿਚੋਂ ਸੁਖ ਲਭਦੇ ਹਾਂ

(ਬਲਜੀਤ ਪਾਲ ਸਿੰਘ )

ਗ਼ਜ਼ਲ



ਮੈਨੂੰ ਆਪਣਾ ਮੀਤ ਬਣਾ ਕੇ ਜਾਈਂ ਨਾ
ਆਸ ਮੇਰੀ ਦਾ ਦੀਪ ਬੁਝਾ ਕੇ ਜਾਈਂ ਨਾ

ਜੇਕਰ ਗੱਲ ਪੁਗਾਉਣੀ ਹੈ ਤਾਂ ਗੱਲ ਕਰੀਂ
ਐਵੇਂ ਝੂਠਾ ਲਾਰਾ ਲਾ ਕੇ ਜਾਈ ਨਾ

ਡੂੰਘੇ ਪੱਤਣ ਤਰਨੇ ਪੈਂਦੇ ਜੇ ਲਾਈਏ
ਲਾਉਣੀ ਹੈ ਤਾਂ ਦਗਾ ਕਮਾ ਕੇ ਜਾਈਂ ਨਾ

ਭੀੜ ਬਣੇ ਤੋਂ ਸੀਸ ਕਟਾਉਣੇ ਪੈ ਜਾਂਦੇ
ਔਖੇ ਵੇਲੇ ਪਿੱਠ ਦਿਖਾ ਜਾ ਕੇ ਜਾਈਂ ਨਾ

ਮਾੜੇ ਲੋਕਾਂ ਦੇ ਜੇ ਆਖੇ ਲੱਗਣਾ ਹੈ
ਮਿਹਣੇ ਤਾਅਨੇ ਹੋਰ ਸੁਣਾ ਕੇ ਜਾਈਂ ਨਾ

ਮੌਸਮ ਵਾਂਗਰ ਜੇਕਰ ਰੰਗ ਵਟਾਉਣੇ ਨੇ
ਸੋਹਣੀ ਰੁੱਤੇ ਪ੍ਰੀਤ ਲਗਾ ਕੇ ਜਾਈਂ ਨਾ

ਸਾਰੇ ਜਾਣਨ ਹਸ਼ਰ ਮੁਹੱਬਤ ਵਾਲਾ ਵੀ
ਜਾਣਦਿਆਂ ਹੇਠੀ ਕਰਵਾ ਕੇ ਜਾਈਂ ਨਾ

ਵੇਖਣ ਲੋਕੀਂ ਪੈਣੀ ਲੋੜ ਗਵਾਹਾਂ ਦੀ
ਗਲੀ ਮੁਹੱਲੇ ਮੂੰਹ ਛੁਪਾ ਕੇ ਜਾਈਂ ਨਾ

(ਬਲਜੀਤ ਪਾਲ ਸਿੰਘ)