Sunday, December 25, 2016

ਗ਼ਜ਼ਲ



ਮੈਂ ਉਸਦਾ ਕਿਉਂ ਨਾ ਹੋਇਆ ਸੀ ਬੜਾ ਪਛਤਾ ਰਿਹਾ ਹਾਂ
ਜੁਦਾ ਉਸਤੋਂ ਖਲੋਇਆ ਸੀ ਬੜਾ ਪਛਤਾ ਰਿਹਾ ਹਾਂ

ਇਹਨਾਂ ਰੁੱਖਾਂ ਨੇ ਸੁੱਕਣਾ ਸੀ ਮੈਂ ਖੁਦ ਇਹ ਜਾਣਦੇ ਹੋਏ

ਜੜ੍ਹਾਂ ਵਿਚ ਤੇਲ ਚੋਇਆ ਸੀ ਬੜਾ ਪਛਤਾ ਰਿਹਾ ਹਾਂ

ਭਟਕਦਾ ਮਰ ਗਿਆ ਇੱਕ ਅਜਨਬੀ ਕੱਲ ਸ਼ਹਿਰ ਮੇਰੇ ਜੋ,

ਮੈਂ ਦਰ ਆਪਣੇ ਨੂੰ ਢੋਇਆ ਸੀ ਬੜਾ ਪਛਤਾ ਰਿਹਾ ਹਾਂ

ਉਹ ਜਿਹੜਾ ਲੁੱਟ ਕੇ ਲੋਕਾਂ ਨੂੰ ਹੁਣ ਤੱਕ ਖਾ ਗਿਆ ਯਾਰੋ

ਕਿ ਸੰਗ ਉਸਦੇ ਖਲੋਇਆ ਸੀ ਬੜਾ ਪਛਤਾ ਰਿਹਾ ਹਾਂ

ਉਹਨਾਂ ਰਸਤਿਆਂ ਤੇ ਤੁਰਦਿਆਂ ਮੈਂ ਸੋਚਿਆ ਨਾ ਸੀ

ਮੇਰੇ ਰਸਤੇ ,ਚ ਟੋਇਆ ਸੀ ਬੜਾ ਪਛਤਾ ਰਿਹਾ ਹਾਂ

ਕਰਾਂ ਮੈਂ ਆਰਜ਼ੂ ਫੁੱਲਾਂ ਦੀ ਐਵੇਂ ਹੀ ਬਿਨਾਂ ਸੋਚੇ

ਨਾ ਕੋਈ ਬੀਜ ਬੋਇਆ ਸੀ ਬੜਾ ਪਛਤਾ ਰਿਹਾ ਹਾਂ

ਮੇਰੀ ਚਾਹਤ ਮੇਰੀ ਖਾਹਿਸ਼ ਜੇ ਕਿਧਰੇ ਤੋੜ ਚੜ੍ਹ ਜਾਂਦੀ

ਮੇਰਾ ਸੁਫਨਾ ਜੋ ਮੋਇਆ ਸੀ ਬੜਾ ਪਛਤਾ ਰਿਹਾ ਹਾਂ


(ਬਲਜੀਤ ਪਾਲ ਸਿੰਘ)

ਗ਼ਜ਼ਲ



ਜੱਗ ਅੰਦਰ ਹੁਣ ਤਾਂ ਕੋਈ ਵੀ ਖਰਾ ਬੰਦਾ ਨਹੀਂ
ਜਿਸ ਤਰਾਂ ਸੋਨੇ ਦਾ ਹੁੰਦਾ ਖੋਟ ਬਿਨ ਧੰਦਾ ਨਹੀਂ

ਜੋ ਬਰਾਬਰ ਕਰ ਦਵੇ ਕੁੱਲੀਆਂ ਤੇ ਮਹਿਲਾਂ ਨੂੰ ਕਦੇ
ਇਸ ਤਰਾਂ ਦਾ ਬਣਿਆ ਹੋਇਆ ਕੋਈ ਵੀ ਰੰਦਾ ਨਹੀਂ

ਖਾ ਗਏ ਨੇ ਲੁੱਟ ਕੇ ਜੋ ਦੇਸ਼ ਨੂੰ ਲੀਡਰ ਬੁਰੇ
ਕਾਹਤੋਂ ਉਹਨਾਂ ਦੇ ਗਲੇ ਫਾਂਸੀ ਦਾ ਫੰਦਾ ਨਹੀਂ

ਮਾੜੇ ਅਤੇ ਗਰੀਬ ਦਾ ਵੀ ਹੱਕ ਜਿਸਨੇ ਮਾਰਿਆ
ਉਹਦੇ ਵਰਗਾ ਇਸ ਦੁਨੀਆਂ ਤੇ ਆਦਮੀ ਗੰਦਾ ਨਹੀਂ

ਸਿਆਸਤਾਂ ਦੇ ਨਾਮ ਤੇ ਜੋ ਭਰ ਗਏ ਤਿਜੌਰੀਆਂ
ਲੋਕਾਂ ਦਾ ਹੀ ਖੂਨ ਹੈ ਉਹ ਕੋਈ ਚੰਦਾ ਨਹੀਂ

ਨਿੱਤ ਹੀ ਦੰਗੇ ਫਸਾਦ ਹਾਦਸੇ ਨੇ ਬੇਸ਼ੁਮਾਰ
ਕੌਣ ਕਹਿੰਦਾ ਹਾਲ ਮੇਰੇ ਸ਼ਹਿਰ ਦਾ ਮੰਦਾ ਨਹੀਂ

(ਬਲਜੀਤ ਪਾਲ ਸਿੰਘ)


Friday, December 16, 2016

ਗ਼ਜ਼ਲ


ਨਾ ਖਤਰਾ ਧਰਮ ਨੂੰ ਹੈ ਤੇ ਨਾ ਹੈ ਈਮਾਨ ਨੂੰ ਖਤਰਾ
ਜੇ ਖਤਰਾ ਹੈ ਤਾਂ ਕੇਵਲ ਆਦਮੀ ਦੀ ਜਾਨ ਨੂੰ ਖਤਰਾ


ਨਗਰ ਤਾਂ ਸੜ ਰਿਹਾ ਹੈ ਪਰ ਵਜਾਉਂਦਾ ਬੰਸਰੀ ਨੀਰੋ
ਕੋਈ ਸਮਝਾ ਦਿਓ ਹੁਣ ਸ਼ਹਿਨਸ਼ਾਹ ਦੀ ਤਾਨ ਨੂੰ ਖਤਰਾ


ਉਹ ਲੋਕਾਂ ਕੋਲ ਆਏ ਨੇ ਵਜਾਉਂਦੇ ਧਰਮ ਦੀ ਤੂਤੀ
ਕਦੇ ਟੋਪੀ ਕਦੇ ਤੁਰਲੇ ਦੀ ਉੱਚੀ ਸ਼ਾਨ ਨੂੰ ਖਤਰਾ


ਕਿਸੇ ਦਾ ਬੈਂਕ ਬੈਲੈਂਸ ਹੈ ਕਿਸੇ ਦੇ ਕਾਰਖਾਨੇ ਨੇ
ਕਿਸੇ ਦੀ ਜੇਬ ਅੰਦਰਲੀ ਨਿਗੂਣੀ ਭਾਨ ਨੂੰ ਖਤਰਾ


ਜਿਵੇਂ ਇਹ ਸ਼ਹਿਰ ਮਾਰੋ ਮਾਰ ਕਰਦਾ ਫੈਲਦਾ ਜਾਂਦਾ
ਬੜਾ ਖੇਤੀ ਨੂੰ ਖਤਰਾ ਹੈ ਬੜਾ ਕਿਰਸਾਨ ਨੂੰ ਖਤਰਾ


ਹਨੇਰੀ ਆ ਰਹੀ ਤਾਂ ਹੀ ਬੜਾ ਕੁਝ ਸਾਂਭਿਆ ਲੋਕਾਂ
ਇਕੱਲਾ ਰਹਿ ਗਿਆ ਸੁੰਨਾ ਬੜਾ ਫੁੱਲਦਾਨ ਨੂੰ ਖਤਰਾ


ਜਨੌਰਾਂ ਨੂੰ ਕਹੋ ਛਿਪ ਜਾਣ ਉੁਹ ਜੰਗਲ ਦੇ ਵਿਚ ਜਾ ਕੇ
ਅਜੇ ਹਿਰਨਾਂ ਨੂੰ ਖਤਰਾ ਹੈ ਨਹੀਂ ਸਲਮਾਨ ਨੂੰ ਖਤਰਾ


ਕਰੋ ਨਾ ਏਸ ਥਾਂ ਖੋਜਾਂ ਕਹੋ ਵਿਗਿਆਨੀਆਂ ਤਾਈਂ
ਕਿ ਮੇਰੇ ਦੇਸ਼ ਵਿਚ ਧਰਮਾਂ ਤੋਂ ਹੈ ਵਿਗਿਆਨ ਨੂੰ ਖਤਰਾ


ਕਿਉਂ ਨਹੀਂ ਸੋਚਦਾ ਭੋਰਾ ਜੋ ਬੈਠਾ ਹੈ ਸਿੰਘਾਸਨ ਤੇ
ਕਿ ਲੱਗੀ ਅੱਗ ਤਾਂ ਹੋਵੇਗਾ ਹਿੰਦੁਸਤਾਨ ਨੂੰ ਖਤਰਾ


(ਬਲਜੀਤ ਪਾਲ ਸਿੰਘ)

Sunday, December 4, 2016

ਗ਼ਜ਼ਲ

ਚੰਨ ਨਾਲੋਂ ਚਾਨਣੀ ਦਾ ਵਾਸਤਾ ਜਾਂਦਾ ਰਿਹਾ
 ਉਜਲੇ ਸਵੇਰਿਆਂ ਨੂੰ ਨ੍ਹੇਰ ਖਾ ਜਾਂਦਾ ਰਿਹਾ
 ਖਲੋ ਗਿਆ ਹਾਂ ਥੱਕ ਕੇ ਹੰਭ ਹਾਰ ਕੇ ਅਖੀਰ ਨੂੰ
 ਦੇਖਦਾ ਹਾਂ ਦੋਸਤਾਂ ਦਾ ਕਾਫਿਲਾ ਜਾਂਦਾ ਰਿਹਾ 
ਵਕਤ ਕਿੱਦਾਂ ਬਦਲਦਾ ਹੈ ਆਪਣਾ ਦੇਖੋ ਮਿਜ਼ਾਜ਼
 ਰਿਸ਼ਤਿਆਂ ਵਿਚ ਨਿੱਘ ਵਾਲਾ ਰਾਬਤਾ ਜਾਂਦਾ ਰਿਹਾ
 ਝਗੜਦੇ ਨੇ ਲੋਕ ਐਵੇਂ ਫੋਕੀ ਹਾਊਮੇ ਵਾਸਤੇ 
ਸਾਦਗੀ ਸੰਜਮ ਹਯਾ ਦਾ ਜਾਬਤਾ ਜਾਂਦਾ ਰਿਹਾ
 ਤੁਰ ਗਿਆ ਪ੍ਰਦੇਸ ਪੁੱਤਰ ਡਾਲਰਾਂ ਦੀ ਭਾਲ ਵਿਚ
 ਮਾਪਿਆਂ ਕੋਲੋਂ ਉਹਨਾਂ ਦਾ ਆਸਰਾ ਜਾਂਦਾ ਰਿਹਾ
 ਕਿਸ ਤਰਾਂ ਇਹ ਆਣ ਟਪਕੇ ਰੰਗ ਘਸਮੈਲੇ ਜਿਹੇ
 ਤਿਤਲੀਆਂ ਨੂੰ ਫੜ੍ਹਨ ਦਾ ਹਰ ਵਲਵਲਾ ਜਾਂਦਾ ਰਿਹਾ
 ਬਹੁਤ ਵੱਡੀ ਫੌਜ ਤੇ ਹਥਿਆਰ ਹਾਕਮ ਕੋਲ ਨੇ
 ਕੁੱਲੀਆਂ ਦੇ ਵਾਸੀਆਂ ਦਾ ਹੌਸਲਾ ਜਾਂਦਾ ਰਿਹਾ
 ਜਿੰਦਗੀ ਇਹਨੀਂ ਦਿਨੀਂ ਵਿਉਪਾਰ ਬਣ ਕੇ ਰਹਿ ਗਈ 
ਮੋਹ ਮੁਹੱਬਤ ਪਿਆਰ ਵਾਲਾ ਸਿਲਸਿਲਾ ਜਾਂਦਾ ਰਿਹਾ
 (ਬਲਜੀਤ ਪਾਲ ਸਿੰਘ)

Thursday, December 1, 2016

ਗ਼ਜ਼ਲ

ਦਿਲਲਗੀ ਨਾ ਆਸ਼ਕੀ ਨਾ ਮੋਹ ਵਫਾ ਕੋਈ ਨਹੀਂ
ਇਹ ਕੇਹਾ ਸੰਤਾਪ ਹੈ ਭਾਵੇਂ ਖਤਾ ਕੋਈ ਨਹੀਂ

ਸਿਰਨਾਵਿਆਂ ਦੀ ਪੋਟਲੀ ਦੇਖਾਂ ਜਦੋਂ ਮੈਂ ਖੋਲ ਕੇ
ਭੇਜਣਾ ਜਿਸ ਤੇ ਸੁਨੇਹਾ ਉਹ ਪਤਾ ਕੋਈ ਨਹੀਂ

ਫਰੋਲ ਵੀ ਦੇਖ ਲਈਆਂ ਤੇਰੀਆਂ ਮੈਂ ਡਾਇਰੀਆਂ
ਜਿਸ ਤੇ ਮੇਰਾ ਨਾਮ ਹੋਵੇ ਉਹ ਸਫਾ ਕੋਈ ਨਹੀਂ

ਮਰਜ਼ ਹੁੰਦੀ ਠੀਕ ਨਾ ਦਾਰੂ ਵੀ ਕਿੰਨੇ ਕਰ ਲਏ
ਅਜਬ ਦਿਲ ਤੇ ਬੋਝ ਹੈ ਟਲਦੀ ਬਲਾ ਕੋਈ ਨਹੀਂ

ਕਤਲ ਹੋਇਆ ਚੌਂਕ ਅੰਦਰ ਬੇਕਸੂਰੇ ਸ਼ਖਸ਼ ਦਾ
ਫਿਰ ਵੀ ਕਾਤਿਲ ਬਚ ਗਿਆ ਉਸਨੂੰ ਸਜ਼ਾ ਕੋਈ ਨਹੀਂ

ਲਿਖ ਰਿਹਾ ਕਵਿਤਾ ਹੈ ਜਿਹੜਾ ਟੋਲ ਕੇ ਆਪਣੀ ਜ਼ਮੀਰ
ਕਲਯੁਗੀ ਇਸ ਦੌਰ ਵਿਚ ਉਸਦਾ ਭਲਾ ਕੋਈ ਨਹੀਂ

ਰਹਿ ਕੇ ਜਿਹੜਾ ਕੋਲ ਵੀ ਰੱਖਦਾ ਬੜੇ ਸੀ ਫਾਸਲੇ
ਓਸ ਦੇ ਤੁਰ ਜਾਣ ਉਤੇ ਵੀ ਗਿਲਾ ਕੋਈ ਨਹੀਂ

ਘੁੰਮਦੀਆਂ ਨੀਲੇ ਆਕਾਸ਼ੀਂ ਬੱਦਲੀਆਂ ਤਾਂ ਬਹੁਤ ਨੇ
ਰੂਹ ਕਰੇ ਸ਼ਰਸ਼ਾਰ ਜਿਹੜੀ ਉਹ ਘਟਾ ਕੋਈ ਨਹੀਂ

ਬੰਦਿਆਂ ਨੂੰ ਚਾਰਨਾ ਹੈ ਰਾਜਨੀਤੀ ਦਾ ਮਿਜਾਜ਼
ਏਸ ਤੋਂ ਬਲਜੀਤ ਉੱਚੀ ਹੁਣ ਕਲਾ ਕੋਈ ਨਹੀਂ


(ਬਲਜੀਤ ਪਾਲ ਸਿੰਘ)

ਗ਼ਜ਼ਲ



ਮੇਰਾ ਦਿਲਦਾਰ ਕਿੱਦਾਂ ਦਾ ਜੋ ਹਰ ਵੇਲੇ ਦਗਾ ਦੇਵੇ
ਕਿ ਸ਼ੀਤਲ ਪੌਣ ਦੇ ਬਦਲੇ ਜੋ ਆਤਿਸ਼ ਨੂੰ ਹਵਾ ਦੇਵੇ


ਇਹਦਾ ਅੰਜ਼ਾਮ ਵੀ ਬਹੁਤਾ ਕਦੇ ਚੰਗਾ ਨਹੀਂ ਹੋਣਾ
ਮੈਂ ਚਾਹਾਂ ਬੈਠੀਏ ਮਿਲ ਕਿ ਉਹ ਮਜ਼ਬੂਰੀ ਗਿਣਾ ਦੇਵੇ


ਉਹ ਜਿਹੜਾ ਮਾਣ ਕਰਦਾ ਹੈ ਬੜੀ ਉੱਚੀ ਅਟਾਰੀ ਦਾ
ਕੋਈ ਸਮਝਾ ਦਿਉ ਕੁਦਰਤ ਤਾਂ ਮਹਿਲਾਂ ਨੂੰ ਹਿਲਾ ਦੇਵੇ


ਕਹੋ ਤ੍ਰਿਸ਼ੂਲ ਵਾਲੇ ਨੂੰ ਕਰੇ ਉਹ ਲਾਲ ਨਾ ਅੱਖਾਂ
ਅਤੇ ਤਲਵਾਰ ਵਾਲਾ ਵੀ ਨਾ ਮੁੱਛਾਂ ਨੂੰ ਵਟਾ ਦੇਵੇ


ਬੜੀ ਮੁੱਦਤ ਤੋਂ ਪੌਣਾਂ ‘ਚੋਂ ਕਦੇ ਸੰਗੀਤ ਨਹੀਂ ਸੁਣਿਆ
ਵਜਾਵੇ ਬੰਸਰੀ ਕੋਈ ਤੇ ਕੰਨਾਂ ਨੂੰ ਸੁਣਾ ਦੇਵੇ


ਜਦੋਂ ਆਵਾਮ ਯਾਰੋ ਆਪਣੀ ਮਰਜ਼ੀ ਤੇ ਆ ਜਾਂਦਾ
ਉਹ ਤਾਜਾਂ ਨੂੰ ਪਲਾਂ ਅੰਦਰ ਹੀ ਮਿੱਟੀ ਵਿਚ ਮਿਲਾ ਦੇਵੇ


ਜਦੋਂ ਵੀ ਜਾਪਦੀ ਹਾਕਮ ਨੂੰ ਉਸਦੀ ਡੋਲਦੀ ਕੁਰਸੀ
ਇਹੋ ਇਤਿਹਾਸ ਵਿਚ ਲਿਖਿਆ ਹੈ ਉਹ ਜੰਗਾਂ ਲਵਾ ਦੇਵੇ


(ਬਲਜੀਤ ਪਾਲ ਸਿੰਘ)